- ਖੇਡਾਂ ਵਤਨ ਪੰਜਾਬ ਦੀਆਂ- ਸੀਜ਼ਨ-2 ਦਾ ਮੁੱਖ ਮੰਤਰੀ ਮਾਨ ਬਠਿੰਡਾ ਵਿਖੇ ਖੇਡਾਂ ਦਾ ਕਰਨਗੇ ਉਦਘਾਟਨ : ਮੀਤ ਹੇਅਰ
- ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-2 ਵਿੱਚ 5 ਨਵੀਆਂ ਖੇਡਾਂ ਸਾਈਕਲਿੰਗ, ਘੋੜਸਵਾਰੀ, ਰਗਬੀ, ਵੁਸ਼ੂ ਤੇ ਵਾਲੀਬਾਲ (ਸ਼ੂਟਿੰਗ) ਕੀਤੀਆਂ ਸ਼ਾਮਲ
- 35 ਖੇਡਾਂ ਵਿੱਚ ਅੱਠ ਉਮਰ ਵਰਗਾਂ ਦੇ ਕਰਵਾਏ ਜਾਣਗੇ ਮੁਕਾਬਲੇ
- ਹਫਤਾ ਭਰ ਪੰਜਾਬ ਵਿੱਚ ਜਾਣ ਵਾਲੀ ਮਸ਼ਾਲ ਮਾਰਚ ਲੁਧਿਆਣਾ ਤੋਂ ਹੋਈ ਸ਼ੁਰੂ
- ਬਲਾਕ ਪੱਧਰੀ ਮੁਕਾਬਲੇ 1 ਤੋਂ 10 ਸਤੰਬਰ, ਜ਼ਿਲਾ ਪੱਧਰੀ 16 ਤੋਂ 26 ਸਤੰਬਰ ਅਤੇ ਸੂਬਾ ਪੱਧਰੀ ਮੁਕਾਬਲੇ 1 ਤੋਂ 20 ਅਕਤੂਬਰ ਤੱਕ ਹੋਣਗੇ
ਚੰਡੀਗੜ੍ਹ, 22 ਅਗਸਤ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ 29 ਅਗਸਤ ਨੂੰ ਕੌਮੀ ਖੇਡ ਦਿਵਸ ਵਾਲੇ ਦਿਨ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-2 ਦਾ ਉਦਘਾਟਨ ਕਰਨਗੇ। ਇਸ ਵਾਰ ਖੇਡਾਂ ਵਤਨ ਪੰਜਾਬ ਦੀਆਂ-2023 ਵਿੱਚ 5 ਨਵੀਆਂ ਖੇਡਾਂ ਸਾਈਕਲਿੰਗ, ਘੋੜਸਵਾਰੀ, ਰਗਬੀ, ਵੁਸ਼ੂ ਤੇ ਵਾਲੀਬਾਲ (ਸ਼ੂਟਿੰਗ) ਸ਼ਾਮਲ ਕੀਤੀਆਂ ਗਈਆਂ ਹਨ ਅਤੇ ਉਮਰ ਵਰਗਾਂ ਦੀ ਗਿਣਤੀ ਵੀ ਛੇ ਤੋਂ ਵਧਾ ਕੇ ਅੱਠ ਕਰ ਦਿੱਤੀ ਹੈ। ਖਿਡਾਰੀਆਂ ਦੀ ਰਜਿਸਟ੍ਰੇਸ਼ਨ ਲਈ ਮੁੱਖ ਮੰਤਰੀ ਵੱਲੋਂ www.khedanwatanpunjabdia.com ਪੋਰਟਲ ਲਾਂਚ ਕੀਤਾ ਗਿਆ ਹੈ ਜਿਸ ਉਤੇ ਖਿਡਾਰੀ ਰਜਿਸਟ੍ਰੇਸ਼ਨ ਕਰਵਾ ਰਹੇ ਹਨ। ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਇਸ ਵਾਰ 35 ਖੇਡਾਂ ਵਿੱਚ ਅੱਠ ਉਮਰ ਵਰਗਾਂ ਦੇ ਮੁਕਾਬਲੇ ਕਰਵਾਏ ਜਾਣਗੇ। ਖੇਡਾਂ ਦੇ ਉਦਘਾਟਨੀ ਸਮਾਰੋਹ ਵਿਖੇ ਜਲਾਈ ਜਾਣ ਵਾਲੀ ਮਸ਼ਾਲ ਮਾਰਚ ਦੀ ਯਾਤਰਾ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋ ਗਈ ਜਿੱਥੇ ਪਹਿਲੇ ਸੀਜ਼ਨ ਦੀਆਂ ਖੇਡਾਂ ਦਾ ਸਮਾਪਤੀ ਸਮਾਰੋਹ ਹੋਇਆ ਸੀ। ਇਹ ਮਸ਼ਾਲ ਮਾਰਚ ਹਫਤੇ ਵਿੱਚ ਸੂਬੇ ਦੇ ਸਾਰੇ 23 ਜ਼ਿਲਾ ਹੈਡਕੁਆਟਰਾਂ ਦਾ ਟੂਰ ਕਰਕੇ 29 ਅਗਸਤ ਨੂੰ ਉਦਘਾਟਨੀ ਸਮਾਰੋਹ ਮੌਕੇ ਬਠਿੰਡਾ ਪੁੱਜੇਗੀ। ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਵਾਰ ਅੱਠ ਉਮਰ ਵਰਗ ਅੰਡਰ 14, ਅੰਡਰ 17, ਅੰਡਰ 21, 21-30 ਸਾਲ, 31-40 ਸਾਲ, 41-55 ਸਾਲ, 56-65 ਸਾਲ ਅਤੇ 65 ਸਾਲ ਤੋਂ ਉਮਰ ਵਰਗ ਸ਼ਾਮਲ ਹਨ। ਅਥਲੈਟਿਕਸ, ਹਾਕੀ, ਫੁਟਬਾਲ, ਵਾਲੀਬਾਲ (ਸ਼ੂਟਿੰਗ ਤੇ ਸਮੈਸ਼ਿੰਗ), ਕਬੱਡੀ (ਸਰਕਲ ਤੇ ਨੈਸ਼ਨਲ ਸਟਾਈਲ), ਹੈਂਡਬਾਲ, ਮੁੱਕੇਬਾਜ਼ੀ, ਬਾਸਕਟਬਾਲ, ਕੁਸ਼ਤੀ, ਜੂਡੋ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਪਾਵਰ ਲਿਫਟਿੰਗ, ਲਾਅਨ ਟੈਨਿਸ, ਬੈਡਮਿੰਟਨ, ਕਿੱਕ ਬਾਕਸਿੰਗ, ਕਾਏਕਿੰਗ ਤੇ ਕੈਨੋਇੰਗ, ਖੋ ਖੋ, ਜਿਮਨਾਸਟਕ, ਤੈਰਾਕੀ, ਨੈਟਬਾਲ, ਗੱਤਕਾ, ਸਤਰੰਜ਼, ਟੇਬਲ ਟੈਨਿਸ, ਰੋਲਰ ਸਕੇਟਿੰਗ, ਵੇਟਲਿਫਟਿੰਗ, ਸਾਫਟਬਾਲ, ਰੋਇੰਗ, ਘੋੜਸਵਾਰੀ, ਸਾਈਕਲਿੰਗ, ਵੁਸ਼ੂ, ਰਗਬੀ ਤੇ ਤਲਵਾਰਬਾਜ਼ੀ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਮੀਤ ਹੇਅਰ ਨੇ ਅੱਗੇ ਦੱਸਿਆ ਕਿ ਬਲਾਕ ਪੱਧਰੀ ਮੁਕਾਬਲੇ 1 ਤੋਂ 10 ਸਤੰਬਰ ਤੱਕ, ਜ਼ਿਲਾ ਪੱਧਰੀ ਮੁਕਾਬਲੇ 16 ਤੋਂ 26 ਸਤੰਬਰ ਤੱਕ ਅਤੇ ਸੂਬਾ ਪੱਧਰੀ ਮੁਕਾਬਲੇ 1 ਤੋਂ 20 ਅਕਤੂਬਰ ਤੱਕ ਕਰਵਾਏ ਜਾਣਗੇ। ਸੂਬਾ ਪੱਧਰ ਉਤੇ ਪਹਿਲੇ, ਦੂਜੇ ਤੇ ਤੀਜੇ ਸਥਾਨ ਉਤੇ ਆਉਣ ਵਾਲਿਆਂ ਨੂੰ ਕ੍ਰਮਵਾਰ 10, 7 ਤੇ 5 ਹਜ਼ਾਰ ਰੁਪਏ ਦੇ ਇਨਾਮ ਮਿਲਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਖੇਡਾਂ ਦਾ ਸੱਭਿਆਚਾਰ ਪੈਦਾ ਕਰਨ ਅਤੇ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਪੈਦਾ ਕਰਨ ਦੇ ਸੁਫ਼ਨੇ ਨੂੰ ਹਕੀਕੀ ਰੂਪ ਦੇਣ ਲਈ ਉਲੀਕੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਪਹਿਲੇ ਸਾਲ ਦੀ ਸਫਲਤਾ ਤੋਂ ਬਾਅਦ ਇਸ ਸਾਲ ਦੂਜੀਆਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਣ ਲਈ ਵਿਭਾਗ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ।