ਚੰਡੀਗੜ੍ਹ 20 ਜੂਨ 2024 : ਕੇਂਦਰ ਸਰਕਾਰ ਵੱਲੋਂ ਸਾਉਣੀ ਦੀਆਂ ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਦੇ ਵਾਧੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਸੁਖਬੀਰ ਸਿੰਘ ਬਾਦਲ ਨੇ ਐਮਐਸਪੀ ਦੇ ਵਾਧੇ ਤੇ ਪ੍ਰਤੀਕਰਮ ਦਿੰਦਿਆਂ ਫਸਲ ਦੀ ਐਮਐਸਪੀ ਤੈਅ ਕਰਨ ਵੇਲੇ ਵਿਗਿਆਨਿਕ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ, ਝੋਨੇ ਦੀ ਐਮਐਸਪੀ ਦੇ ਵਿੱਚ 117 ਰੁਪਏ ਦਾ ਨਿਗੂਣਾ ਵਾਧਾ ਕਰਨ ਸਮੇਂ ਕੇਂਦਰ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਲਾਗਤ ਦੇ 50 ਫੀਸ ਮੁਨਾਫੇ ਦਾ ਖਿਆਲ ਨਹੀਂ ਰੱਖਿਆ। ਉਹਨਾਂ ਇਹ ਵੀ ਕਿਹਾ ਕਿ ਮੂੰਗੀ ਅਤੇ ਮੱਕੀ ਦੀਆਂ ਫਸਲਾਂ ਦੀ ਐਮਐਸਪੀ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਸ ਮੌਕੇ ਸੂਬਾ ਸਰਕਾਰ ਦਾ ਘਿਰਾਓ ਕਰਦਿਆਂ ਉਹਨਾਂ ਕਿਹਾ ਕਿ ਕਿਸਾਨਾਂ ਨੇ ਸੂਬਾ ਸਰਕਾਰ ਦੇ ਕਹਿਣ ਤੇ ਮੂੰਗੀ ਦੀ ਫਸਲ ਬੀਜੀ ਸੀ ਪਰ ਉਹਨਾਂ ਨੂੰ ਵੱਡਾ ਘਾਟਾ ਝੱਲਣਾ ਪਿਆ। ਕਿਸਾਨਾਂ ਨੂੰ ਮੂੰਗੀ ਦੀ ਫਸਲ ਦਾ ਉਚਿਤ ਮੁੱਲ ਨਹੀਂ ਮਿਲਿਆ। ਉਹਨਾਂ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਨੂੰ ਪ੍ਰਾਈਵੇਟ ਖਿਡਾਰੀਆਂ ਦੇ ਰਹਿਮ ਤੇ ਛੱਡ ਦਿੱਤਾ ਗਿਆ ਹੈ। ਬਾਦਲ ਨੇ ਇਸ ਆਧਾਰ ਤੇ ਐਮਐਸਪੀ ਵਧਾਉਣ ਤੇ ਜ਼ੋਰ ਦਿੱਤਾ ਹੈ ਤਾਂ ਜੋ, ਕਿਸਾਨਾਂ ਨੂੰ 50 ਫੀਸਦ ਮੁਨਾਫਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਮਿਲ ਸਕੇ। ਸੁਖਬੀਰ ਬਾਦਲ ਨੇ ਐਮਐਸਪੀ ਵਧਾਉਣ ਦੀ ਵਾਲੀ ਕਮੇਟੀ ਦੇ ਵਿੱਚ ਕਿਸਾਨ ਪ੍ਰਤੀਨਿਧਾਂ ਨੂੰ ਸ਼ਾਮਿਲ ਕੀਤੇ ਜਾਣ ਦੀ ਗੱਲ ਵੀ ਆਖੀ ਹੈ। ਉਹਨਾਂ ਕਿਹਾ ਜਦੋਂ ਤੱਕ ਸਹੀ ਤਰੀਕੇ ਦੇ ਨਾਲ ਐਮਐਸਪੀ ਤੈ ਨਹੀਂ ਕੀਤੀ ਜਾਂਦੀ ਉਦੋਂ ਤੱਕ ਕਿਸਾਨੀ ਸੈਕਟਰ ਆਰਥਿਕ ਸੰਕਟ ਵਿੱਚੋਂ ਨਹੀਂ ਨਿਕਲ ਸਕੇਗਾ, ਅਤੇ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਦੀ ਆਮਦਨ ਦੁਗਣਾ ਕਰਨ ਦਾ ਟੀਚਾ ਵੀ ਪੂਰਾ ਨਹੀਂ ਹੋ ਸਕੇਗਾ।