ਚੰਡੀਗੜ, 17 ਜਨਵਰੀ : ਚਾਇਨਾ ਡੋਰ ਦੀ ਵਿੱਕਰੀ ਵਿਰੁੱਧ ਸਖਤ ਕਰਵਾਈ ਕਰਨ ਦੇ ਨਾਲ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਇਸ ਡੋਰ ਦੇ ਮਾਰੂ ਪ੍ਰਭਾਵਾਂ ਬਾਰੇ ਬੱਚਿਆਂ ਨੂੰ ਜਾਗਰੂਕ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਹੈ ਤਾਂ ਜੋ ਬੱਚੇ ਪਤੰਗ ਚੜਾਉਣ ਦੇ ਵਾਸਤੇ ਇਸ ਡੋਰ ਦੀ ਵਰਤੋਂ ਨਾ ਕਰਨ। ਸ. ਸੰਧਵਾਂ ਨੇ ਕਿਹਾ ਕਿ ਚਾਇਨਾ ਡੋਰ ਨਾ ਕੇਵਲ ਪਤੰਗ ਚੜਾਉਣ ਵਾਲਿਆਂ ਲਈ ਸਗੋਂ ਆਲੇ-ਦੁਵਾਲੇ ਵਿਚਰਨ ਵਾਲੇ ਲੋਕਾਂ ਲਈ ਵੀ ਮਾਰੂ ਹੈ। ਇਸ ਦੇ ਨਾਲ ਹੁਣ ਤੱਕ ਅਨੇਕਾਂ ਜਾਨਾਂ ਚਲੀਆਂ ਗਈਆਂ ਹਨ ਅਤੇ ਹੁਣ ਇਸ ਦੇ ਹੋਰ ਮਾਰੂ ਨੁਕਸਾਨ ਤੋਂ ਲਾਜ਼ਮੀ ਤੌਰ ’ਤੇ ਬੱਚਿਆ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਡੋਰ ਦੇ ਖਤਰਨਾਕ ਪ੍ਰਭਾਵਾਂ ਬਾਰੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਮਾਪਿਆਂ, ਅਧਿਆਪਕਾਂ ਅਤੇ ਆਲੇ-ਦੁਆਲੇ ਦੇ ਸਿਆਣੇ ਲੋਕਾਂ ਵੱਲੋਂ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨਾਂ ਕਿਹਾ ਜੇ ਕਿਸੇ ਬੱਚੇ ਨੇ ਪਤੰਗ ਚੜਾਉਣਾ ਵੀ ਹੈ ਤਾਂ ਇਸ ਵਾਸੇਤੇ ਸਧਾਰਨ ਡੋਰ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਇਸ ਇਸ ਦਾ ਨੁਕਸਾਨ ਤੁਰੇ ਫਿਰਦੇ ਲੋਕਾਂ ਅਤੇ ਪਸ਼ੂਆਂ-ਪੰਛੀਆਂ ਨੂੰ ਨਾ ਹੋਵੇ। ਸ. ਸੰਧਵਾਂ ਨੇ ਚਾਇਨਾ ਡੋਰ ਦੀ ਵਿੱਕਰੀ ਅਤੇ ਵਰਤੋਂ ਵਿਰੁੱਧ ਸਖਤ ਕਾਰਵਾਈ ਕਰਨ ਵਾਸਤੇ ਪ੍ਰਸ਼ਾਸਨ ਨੂੰ ਆਖਿਆ ਹੈ। ਗੌਰਤਬਲ ਹੈ ਕਿ ਸੂਬੇ ਵਿੱਚ ਚਾਈਨਾ ਡੋਰ ਵੇਚਣ ਵਾਲਿਆਂ ਵਿਰੁੱਧ ਹੁਣ ਤੱਕ 176 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ ਚੀਨੀ ਡੋਰ ਦੇ 10269 ਬੰਡਲ ਬਰਾਮਦ ਕੀਤੇ ਹਨ। ਇਸ ਡੋਰ ਨੂੰ ਵੇਚਣ ਵਿੱਚ ਸ਼ਾਮਲ 188 ਵਿਅਕਤੀਆਂ ਨੂੰ ਗਿਰਫ਼ਤਾਰ ਵੀ ਕੀਤਾ ਹੈ।