ਚੰਡੀਗੜ / ਜੈਪੁਰ, 12 ਜਨਵਰੀ : 83ਵੀਂ ਦੋ ਰੋਜ਼ਾ ਸਰਬ ਭਾਰਤ ਵਿਧਾਨਕ ਸੰਸਥਾਵਾਂ ਦੇ ਪ੍ਰੀਜ਼ਾਇਡਿੰਗ ਅਫਸਰਾਂ (ਸਪੀਕਰਾਂ/ ਡਿਪਟੀ ਸਪੀਕਰਾਂ/ ਚੇਅਰਮੈਨਾਂ) ਦੀ ਕਾਨਫਰੰਸ ਵਿੱਚ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭਾਗ ਲੈਂਦਿਆਂ ਵੱਖ ਵੱਖ ਮੁੱਦਿਆਂ ’ਤੇ ਚਰਚਾ ਵਿੱਚ ਹਿੱਸਾ ਲਿਆ। ਇਹ ਕਾਨਫਰੰਸ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੀ ਪ੍ਰਧਾਨਗੀ ਹੇਠ ਜੈਪੁਰ ਵਿਖੇ ਹੋ ਰਹੀ ਹੈ ਜਿਸ ਦਾ ਉਦਘਾਟਨ ਉਪ ਰਾਸ਼ਟਰਪਤੀ ਜਗਦੀਪ ਧਨਖੜ ਵਲੋਂ ਕੀਤਾ ਗਿਆ ਸੀ। ਇਸ ਕਾਨਫਰੰਸ ਵਿੱਚ ਵਿਧਾਨਕ / ਸੰਸਦੀ ਕਮੇਟੀਆਂ ਦੀ ਮਹੱਤਤਾ ਦੇ ਵਿਸ਼ੇ ਤੇ ਬੋਲਦਿਆਂ ਸਰਦਾਰ ਸੰਧਵਾਂ ਨੇ ਕਿਹਾ ਕਿ ਸਾਨੂੰ ਵਿਧਾਨਕ ਕਮੇਟੀਆਂ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਜੋ ਲੋਕ ਹਿੱਤ ਵਿੱਚ ਦੇਸ਼ ਦੇ ਵਿਕਾਸ ਦਾ ਰਾਹ ਪੱਧਰਾ ਹੋਵੇ ਅਤੇ ਸਰਕਾਰ ਦੇ ਅੰਗ ਕਾਰਜਪਾਲਿਕਾ ਨੂੰ ਵਿਧਾਨਪਾਲਿਕ ਪ੍ਰਤੀ ਹੋਰ ਜਵਾਬਦੇਹ ਬਣਾਇਆ ਜਾ ਸਕੇ। ਉਨਾਂ ਨੇ ਲੋਕਾਂ ਨੂੰ ਦਰਪੇਸ਼ ਵੱਖ ਵੱਖ ਮੁੱਦਿਆਂ ’ਤੇ ਵਿਚਾਰਚਰਚਾਵਾਂ ਦੀ ਮਹੱਤਤਾ ਤੇ ਜ਼ੋਰ ਦੇਂਦਿਆ ਕਿਹਾ ਕਿ ਵਿਧਾਨਕ / ਸੰਸਦੀ ਕਮੇਟੀਆਂ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਨਾਲ ਹੀ ਵਿਧਾਨਕ ਸੰਸਥਾਵਾਂ ਮਜ਼ਬੂਤ ਹੋਣਗੀਆਂ, ਜਿਸ ਨਾਲ ਭਾਰਤੀ ਲੋਕਤੰਤਰ ਹੋਰ ਮਜ਼ਬੂਤ ਹੋਵੇਗਾ।