ਪੰਜਾਬ ਸਰਕਾਰ ਵੱਲੋਂ ਸੂਬੇ ਦੇ ਰਜਿਸਟਰਾਰਾਂ/ਸਬ ਰਜਿਸਟਰਾਰਾਂ ਦੇ ਦਫਤਰਾਂ 'ਚ ਸੀਸੀਟੀਵੀ ਕੈਮਰੇ ਚਲਾਉਣ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ 

ਚੰਡੀਗੜ੍ਹ, 24 ਜਨਵਰੀ 2025 : ਪੰਜਾਬ ਸਰਕਾਰ ਨੇ ਤਹਿਸੀਲਾਂ ਵਿੱਚ ਕੈਮਰਿਆ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਹਨ। ਸਰਕਾਰ ਵੱਲੋਂ ਰਾਜ ਦੇ ਹਰ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਦਫਤਰ ਵਿੱਚ ਚਾਰ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਗਏ ਹਨ। ਹੁਕਮਾਂ ਮੁਤਾਬਿਕ ਪਟਵਾਰੀ ਅਤੇ ਤਹਿਸੀਲ ਦੇ ਦਫ਼ਤਰਾਂ ਵਿੱਚ ਚਾਰ ਕੈਮਰੇ ਭਾਵ 2 ਕੈਮਰੇ ਦਫ਼ਤਰ ਅਤੇ 2 ਕੈਮਰੇ ਦਫ਼ਤਰ ਦੇ ਬਾਹਰ ਲਗਾਏ ਹਨ ਜੋ ਕੰਮ ਕਾਜ ਉੱਤੇ ਨਜ਼ਰ ਰੱਖਣਗੇ। ਪੰਜਾਬ ਸਰਕਾਰ ਵੱਲੋਂ ਹੁਕਮ ਕੀਤੇ ਗਏ ਹਨ ਇੰਨ੍ਹਾ ਕੈਮਰਿਆ ਨੂੰ ਸੰਚਾਰੂ ਢੰਗ ਨਾਲ ਚਲਾਇਆ ਜਾਵੇ ਤਾਂ ਪੂਰੇ ਦਫ਼ਤਰ ਦੀ ਨਿਗਰਾਨੀ ਕੀਤੀ ਜਾ ਸਕੇ। ਪੰਜਾਬ ਦੇ ਵਧੀਕ ਮੁੱਖ ਸਕੱਤਰ (ਮਾਲ) ਅਨੁਰਾਗ ਵਰਮਾ ਨੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸਾਰੇ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਦਫਤਰਾਂ ‘ਚ ਸੀ.ਸੀ.ਟੀ.ਵੀ. ਕੈਮਰੇ ਚਲਾਉਣ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਸੰਬੰਧੀ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ। ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਦਫਤਰ ‘ਚ ਚਾਰ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਗਏ ਹਨ। ਇਨ੍ਹਾਂ ‘ਚੋਂ ਦੋ ਸੀ.ਸੀ.ਟੀ.ਵੀ. ਕੈਮਰੇ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਦੇ ਦਫਤਰ ਦੇ ਅੰਦਰ (ਜਿੱਥੇ ਵਸੀਕੇ ਤਸਦੀਕ ਕੀਤੇ ਜਾਂਦੇ ਹਨ) ਅਤੇ ਦੋ ਕੈਮਰੇ ਦਫਤਰ ਦੇ ਬਾਹਰ (ਜਿੱਥੇ ਪਬਲਿਕ ਇੰਤਜਾਰ ਕਰਦੀ ਹੈ) ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਮਰੇ ਲਗਾਉਣ ਦਾ ਮੰਤਵ ਇਹ ਹੈ ਕਿ ਡਿਪਟੀ ਕਮਿਸ਼ਨਰ ਚੈੱਕ ਕਰ ਸਕਣ ਕਿ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਆਪਣੇ ਦਫਤਰ ‘ਚ ਉਪਲੱਬਧ ਹੋ ਕੇ ਸਹੀ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਵੇਖ ਸਕਣ ਕਿ ਪਬਲਿਕ ਨੂੰ ਵਸੀਕੇ ਦਰਜ ਕਰਵਾਉਣ ‘ਚ ਕੋਈ ਮੁਸ਼ਿਕਲਾਂ ਤਾਂ ਨਹੀਂ ਆ ਰਹੀਆਂ ?। ਕੈਮਰੇ ਲਗਾਉਣ ਦਾ ਇੱਕ ਹੋਰ ਮਹੱਤਵਪੂਰਨ ਮੰਤਵ ਵਸੀਕੇ ਤਸਦੀਕ ਕਰਨ ‘ਚ ਪਾਰਦਰਸ਼ਿਤਾ ਲਿਆਉਣਾ ਵੀ ਹੈ। ਉਨ੍ਹਾਂ ਕਿਹਾ ਕਿ ਪਰੰਤੂ ਪਿਛਲੇ ਹਫਤੇ ਨਿਮਨ ਹਸਤਾਖਰ ਵੱਲੋਂ ਚੈੱਕ ਕਰਨ ਤੇ ਪਾਇਆ ਗਿਆ ਹੈ ਕਿ ਜਿਨ੍ਹਾਂ 180 ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਦਫਤਰਾਂ ‘ਚ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ, ਉਨ੍ਹਾਂ ‘ਚੋਂ ਕੇਵਲ ਤਿੰਨ ਕੈਮਰੇ ਚਾਲੂ ਹਨ, ਇਹ ਸਥਿਤੀ ਬਿਲਕੁਲ ਤਸੱਲੀਬਖਸ਼ ਨਹੀ ਹੈ। ਉਨ੍ਹਾਂ ਸਮੁੱਚੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਵਿਸ਼ੇ ‘ਤੇ ਫੌਰੀ ਤੌਰ ‘ਤੇ ਕਾਰਵਾਈ ਅਮਲ ‘ਚ ਲਿਆਂਦੀ ਜਾਵੇ। ਉਨ੍ਹਾਂ ਆਦੇਸ਼ ਦਿੱਤੇ ਕਿ 31 ਜਨਵਰੀ 2025 ਤੱਕ ਤੱਕ ਆਪਣੇ ਜ਼ਿਲ੍ਹੇ ਦੇ ਹਰ ਸਬ-ਰਜਿਸਟਰਾਰ/ਜੁਆਇੰਟ ਸਬ- ਰਜਿਸਟਰਾਰ ਦਫਤਰ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਚਾਲੂ ਹਾਲਤ ‘ਚ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਇਸ ਸੰਬੰਧੀ ਲੋੜ ਹੋਵੇ ਤਾਂ M/s Prutech Solutions India Pvt. Ltd. ਜਿਨ੍ਹਾਂ ਵੱਲੋਂ ਕੈਮਰੇ ਲਗਾਏ ਗਏ ਹਨ। ਉਨ੍ਹਾਂ ਦੇ ਹੇਠ ਲਿਖੇ ਕੋਨਟੈਕਟ ਪਰਸਨ ਨਾਲ ਫੌਰੀ ਤੌਰ ਤੇ ਤਾਲਮੇਲ ਕੀਤਾ ਜਾਵੇ। ਇਸਦੇ ਨਾਲ ਹੀ ਕੰਪਨੀ ਦੇ ਪ੍ਰਤੀਨਿਧੀ ਬਿਸਵਾ ਰੰਜਨ ਦਾਸ ਨਾਲ ਸੰਪਰਕ ਕਰਨ ਲਿਆ ਕਿਹਾ ਗਿਆ ਹੈ। ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਇਹ ਸੀ.ਸੀ.ਟੀ.ਵੀ. ਕੈਮਰੇ ਆਈ.ਪੀ. ਐਡਰੈਸ ‘ਤੇ ਅਧਾਰਿਤ ਹਨ। ਇਸ ਲਈ ਆਪਣੇ ਕੰਪਿਊਟਰ/ਮੋਬਾਈਲ ‘ਤੇ ਆਪਣੇ ਜ਼ਿਲ੍ਹੇ ਦੇ ਹਰ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਦਫਤਰ ਦੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਲਿੰਕ ਲੋਡ ਕਰਕੇ ਕਿਸੇ ਵੀ ਸਮੇਂ ਆਪਣੇ ਜ਼ਿਲ੍ਹੇ ਦੇ ਕਿਸੇ ਵੀ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਦਫਤਰ ਦੇ ਵਿੱਚ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਦੀ ਹਾਜ਼ਰੀ ਅਤੇ ਪਬਲਿਕ ਦੀ ਭੀੜ ਦੀ ਸਥਿਤੀ ਚੈੱਕ ਕੀਤੀ ਜਾ ਸਕਦੀ ਹੈ।ਇਸ ਸਬੰਧੀ ਆਪ ਦੇ ਜ਼ਿਲ੍ਹੇ ਦੇ ਡੀ.ਐਸ.ਐਮ. ਨੂੰ ਤਕਨੀਕੀ ਸੂਚਨਾਂ ਵੱਖਰੇ ਤੌਰ ‘ਤੇ ਦੇ ਦਿੱਤੀ ਹੈ। ਵਧੀਕ ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਰੋਜਾਨਾਂ ਆਪਣੇ ਜ਼ਿਲ੍ਹੇ ਦੇ ਕੁੱਝ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਦਫਤਰਾਂ ਦੀ ਸੀ.ਸੀ.ਟੀ.ਵੀ. ਦੀ ਲਾਈਵ ਫੁਟੇਜ ਰਾਹੀਂ ਅਚਨਚੇਤ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਚੈਕਿੰਗ ਮੁੱਖ ਦਫਤਰ ਤੇ ਨਿਮਨਹਸਤਾਖਰ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਵੀ ਕੀਤੀ ਜਾਵੇਗੀ। ਉਨ੍ਹਾਂ ਨੇ ਇਸ ਦਾ ਇੱਕ ਉਤਾਰਾ ਸਬ-ਰਜਿਸਟਰਾਰ/ਜੁਆਇੰਟ ਸਬ-ਰਜਿਸਟਰਾਰ ਨੂੰ ਭੇਜ ਕੇ ਆਦੇਸ਼ ਦਿੱਤਾ ਹੈ ਕਿ ਇਹ ਹਰ ਹਾਲਤ ‘ਚ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਦੇ ਦਫਤਰ ਦੇ ‘ਚ ਲੱਗੇ ਚਾਰੇ ਸੀ.ਸੀ.ਟੀ.ਵੀ. ਕੈਮਰੇ ਸੁਚਾਰੂ ਢੰਗ ਨਾਲ ਚੱਲਣ।

q