ਚੰਡੀਗੜ, 3 ਸਤੰਬਰ : ਪੰਜਾਬ ਦੀ ਸਰਕਾਰ ਵੱਲੋਂ ਝੂਠੇ ਇਲਜਾਮ ਤਹਿਤ ਦੋ ਅਧਿਕਾਰੀਆਂ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਲਗਾਤਾਰ ਆਪ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਇਸ ਸਬੰਧੀ ਸੁਖਬੀਰ ਬਾਦਲ ਵੱਲੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਪੋਸਟ ਤੇ ਲਿਖਿਆ, ਆਪ ਦੇ ਪਾਪ, ਹੋਰ ਮੂਰਖਤਾ ਭਰੇ ਕਦਮ, ਹੋਰ ਯੂ ਟਰਨ, ਇਸ ਵਾਰ ਪੰਚਾਇਤਾਂ ਭੰਗ ਕਰਨ ਤੇ ਮੁਲਾਜ਼ਮਾਂ ਦੀ ਭਰਤੀ ਦਾ ਮਾਮਲਾ। ਇਹ ਸਪਸ਼ਟ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਨੂੰ ਇਹ ਸਮਝ ਨਹੀਂ ਆਉਂਦਾ ਕਿ ਉਹ ਆਪ ਕੀ ਚਾਹੁੰਦੇ ਹਨ ਤੇ ਪੰਜਾਬੀ ਕੀ ਚਾਹੁੰਦੇ ਹਨ ਤੇ ਜ਼ਿੰਮੇਵਾਰ ਸਰਕਾਰ ਤੋਂ ਕੀ ਆਸ ਰੱਖਦੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਆਪ ਸਰਕਾਰ ਰੇਲ ਗੱਡੀ ਦੇ ਉਸ ਨੇਤਰਹੀਣ ਡਰਾਈਵਰ ਵਾਂਗ ਕੰਮ ਕਰ ਰਹੀ ਹੈ ਜਿਸਨੂੰ ਨਾ ਤਾਂ ਰੇਲ ਪੱਟੜੀਆਂ ਦੀ ਜਾਣਕਾਰੀ ਹੈ ਤੇ ਨਾ ਹੀ ਆਪਣੀ ਮੰਜ਼ਿਲ ਦਾ ਪਤਾ ਹੈ। ਇਸ ਤ੍ਰਾਸਦੀ ਤੇ ਹਾਸੋਹੀਣੀ ਸਿਆਸਤ ਵਿਚ ਰੇਲ ਗੱਡੀ ਦੇ ਮੁਸਾਫਰ ਯਾਨੀ ਲੋਕ ਪੀੜਾ ਝੱਲ ਰਹੇ ਹਨ। ਸੁਖਬੀਰ ਬਾਦਲ ਨੇ ਤੰਜ ਕਸਦਿਆਂ ਕਿਹਾ ਕਿ ਅਜਿਹੇ ਸ਼ਰਮਿੰਦਗੀ ਭਰੇ ਹਾਲਾਤ ਵਿਚ ਭਗਵੰਤ ਮਾਨ ਸਰਕਾਰ ਸਿਰਫ ਪੰਜਾਬੀਆਂ ਵਾਸਤੇ ਇਹ ਕਰ ਸਕਦੀ ਹੈ ਕਿ ਉਹ ਅਸਤੀਫਾ ਦੇ ਦੇਵੇ ਕਿਉਂਕਿ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਿਹਾ। ਜ਼ਿਕਰ ਕਰ ਦਈਏ ਕਿ ਪੰਚਾਇਤਾਂ ਭੰਗ ਕਰਨ ਦੇ ਫ਼ੈਸਲੇ ਉੱਤੇ ਹਾਈਕੋਰਟ ਤੋਂ ਕਿਰਕਰੀ ਹੋਣ ਦੇ ਬਾਅਦ ਦੋ ਅਫ਼ਸਰਾਂ ਉੱਤੇ ਇਸ ਦੀ ਗਾਜ ਡਿੱਗੀ ਸੀ। ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਧੀਰੇਂਦਰ ਤਿਵਾੜੀ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਮੁਅੱਤਲ ਕਰ ਦਿੱਤਾ ਸੀ। ਦੱਸ ਦਈਏ ਕਿ ਪੰਚਾਇਤਾਂ ਨੂੰ ਭੰਗ ਕਰਨ ਦੇ ਮਾਮਲੇ ਦੀ ਵੀਰਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਦੇ ਮੁੱਖ ਸਕੱਤਰ ਨੇ ਹੁਕਮ ਵਾਪਸ ਲੈਣ ਦੀ ਜਾਣਕਾਰੀ ਦਿੱਤੀ ਹੈ। ਇਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਨੂੰ ਸਵਾਲ ਪੁੱਛੇ ਜਾ ਰਹੇ ਹਨ।