ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਜੇਲ੍ਹ ਵਿਚ ਚਿੱਠੀ ਭੇਜੀ ਹੈ। ਸੂਤਰਾਂ ਮੁਤਾਬਕ ਹਾਲੇ ਇਹ ਨਹੀਂ ਪਤਾ ਕਿ ਚਿੱਠੀ ਵਿਚ ਕੀ ਲਿਖਿਆ ਹੈ ਪਰ ਇੰਝ ਲੱਗ ਰਿਹਾ ਹੈ ਕਿ ਪਾਰਟੀ ਸਿੱਧੂ ਨੂੰ ਚੇਤੇ ਰੱਖਦੀ ਹੈ। ਸਿੱਧੂ ਦੀ ਸਜ਼ਾ ਖ਼ਤਮ ਹੋਣ ਮਗਰੋਂ ਭਵਿੱਖ ਵਿਚ ਕੋਈ ਵੱਡੀ ਜ਼ਿੰਮੇਵਾਰੀ ਮਿਲ ਸਕਣ ਦੇ ਆਸਾਰ ਹਨ। ਦਰਅਸਲ, ਰੋਡ ਰੇਜ਼ ਦੇ 34 ਵਰ੍ਹੇ ਪੁਰਾਣੇ ਮਾਮਲੇ ਵਿਚ ਸਿੱਧੂ ਸਾਲ ਦੀ ਕੈਦ ਕੱਟ ਰਹੇ ਹਨ ਤੇ ਇਸ ਸਮੇਂ ਪਟਿਆਲਾ ਜੇਲ੍ਹ ਵਿਚ ਬੰਦ ਹਨ। ਸਿੱਧੂ ਮਈ-2022 ਵਿਚ ਜੇਲ੍ਹ ਗਏ ਸਨ ਤੇ ਉਹ 6 ਮਹੀਨੇ ਦੀ ਸਜ਼ਾ ਕੱਟ ਚੁੱਕੇ ਹਨ। ਮਈ 2023 ਵਿਚ ਸਜ਼ਾ ਦੀ ਮਿਆਦ ਮੁਕੰਮਲ ਹੋ ਜਾਵੇਗੀ। ਯਾਦ ਰਹੇ ਇਸੇ ਸਾਲ ਫਰਵਰੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਸਮੇਂ ਸਿੱਧੂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਸਨ। ਹਾਲਾਂਕਿ ਕਾਂਗਰਸ ਨੇ ਉਨ੍ਹਾਂ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੁੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਚੋਣ ਲੜੀ ਸੀ। ਇਸੇ ਕਾਰਨ ਸਿੱਧੂੁ ਤੇ ਚੰਨੀ ਵਿਚ ਮਤਭੇਦ ਵੀ ਰਹੇ। ਵਿਧਾਨ ਸਭਾ ਚੋਣਾਂ ਮੌਕੇ ਚੰਨੀ ਦੋ ਹਲਕਿਆਂ ਤੋਂ ਲੜੇ ਸਨ ਪਰ ਦੋਵੀਂ ਥਾਈਂ ਹਾਰ ਪੱਲੇ ਪਈ ਸੀ। ਸਿੱਧੂ ਨੇ ਅੰਮਿ੍ਤਸਰ ਪੂਰਬੀ ਹਲਕੇ ਤੋਂ ਚੋਣ ਲੜੀ ਜਦਕਿ 'ਆਪ' ਦੀ ਉਮੀਦਵਾਰ ਤੋਂ ਚੋਣ ਹਾਰ ਗਏ ਸਨ। ਹੁਣ ਸਿੱਧੂ ਨੂੂੰ ਪ੍ਰਿਅੰਕਾ ਵੱਲੋਂ ਭੇਜੀ ਗਈ ਚਿੱਠੀ ਕਾਰਨ ਨਵੀਂ ਚਰਚਾ ਚੱਲ ਪਈ ਹੈ।