ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਵਿਭਾਗਾਂ ਨੂੰ ਮਜ਼ਬੂਤ ਕਰਨ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਚੱਲਦਿਆਂ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪਿਛਲੀਆਂ ਸਰਕਾਰਾਂ ਤੋਂ ਅਣਗੌਲੇ ਚੱਲ ਰਹੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦੀ ਕਾਇਆ ਕਲਪ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਵੀਆਂ ਮਸ਼ੀਨਾਂ ਦੀ ਖਰੀਦ ਕਰਕੇ ਸਾਰੇ ਸਰਕਾਰੀ ਵਿਭਾਗਾਂ ਤੇ ਅਦਾਰਿਆਂ ਦੀ ਛਪਾਈ ਦਾ ਕੰਮ ਸਰਕਾਰੀ ਪ੍ਰੈਸ ਤੋਂ ਕਰਨਾ ਯਕੀਨੀ ਬਣਾਇਆ ਜਾਵੇ। ਅੱਜ ਇੱਥੇ ਵਿਭਾਗ ਦੀ ਉਚ ਪੱਧਰੀ ਮੀਟਿੰਗ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਆਧੁਨਿਕਤਾ ਦੇ ਦੌਰ ਵਿੱਚ ਪ੍ਰਿੰਟਿੰਗ ਦੀਆਂ ਨਵੀਆਂ ਤਕਨੀਕਾਂ ਆਉਣ ਨਾਲ ਨਵੀਂ ਮਸ਼ੀਨਰੀ ਸਮੇਂ ਦੀ ਲੋੜ ਹੈ ਜਿਸ ਲਈ ਵਿਭਾਗ ਨਵੀਆਂ ਤਕਨੀਕ ਦੀਆਂ ਮਸ਼ੀਨਾਂ ਦੀ ਖਰੀਦ ਕਰੇ। ਪਟਿਆਲਾ ਅਤੇ ਐਸ.ਏ.ਐਸ ਨਗਰ ਸਥਿਤ ਸਰਕਾਰੀ ਪ੍ਰੈਸ ਦਾ ਨਵੀਨੀਕਰਨ ਕੀਤਾ ਜਾਵੇ।ਛਪਾਈ ਦਾ ਮਿਆਰ ਉੱਚਾ ਚੁੱਕਣ ਲਈ 1.40 ਕਰੋੜ ਰੁਪਏ ਦੀ ਰਾਸ਼ੀ ਨਾਲ ਮਲਟੀਕਲਰ ਡਿਜ਼ੀਟਲ ਮਸ਼ੀਨਾਂ ਅਤੇ ਆਫਸੈੱਟ ਮਸ਼ੀਨ ਦੀ ਖਰੀਦੀਆਂ ਜਾਣ। ਅਗਲੇ ਬਜਟ ਸੈਸ਼ਨ ਵਿੱਚ ਹੋਰ ਨਵੀਆਂ ਆਧੁਨਿਕ ਮਸ਼ੀਨਾਂ ਖਰੀਦੀਆਂ ਜਾਣ। ਉਨ੍ਹਾਂ ਵਿਭਾਗ ਦੇ ਪੁਨਰਗਠਨ ਦੀ ਯੋਜਨਾ ਨੂੰ ਹਰੀ ਝੰਡੀ ਦਿੰਦਿਆਂ ਕਿਹਾ ਕਿ ਸਮੇਂ ਦੀ ਲੋੜ ਅਨੁਸਾਰ ਤਕਨਾਲੋਜੀ ਮਾਹਿਰ ਭਰਤੀ ਕੀਤੇ ਜਾਣ। ਮੀਟਿੰਗ ਦੌਰਾਨ ਇਸ ਗੱਲ ਉੱਤੇ ਵੀ ਵਿਚਾਰ ਕੀਤਾ ਗਿਆ ਕਿ ਸਰਕਾਰੀ ਪ੍ਰੈਸ ਪਟਿਆਲਾ ਦੀ ਜ਼ਮੀਨ ਓ.ਯੂ.ਵੀ.ਜੀ.ਐਲ. ਸਕੀਮ ਤਹਿਤ ਪੁੱਡਾ ਨੂੰ ਤਬਦੀਲ ਕਰ ਕੇ ਅਤੇ ਇਸ ਦੇ ਇਵਜ਼ ਵਿੱਚ ਪੁੱਡਾ ਵੱਲੋਂ ਪਟਿਆਲਾ ਵਿਖੇ 3 ਏਕੜ ਜ਼ਮੀਨ ਅਤੇ ਪ੍ਰੈਸ ਦੀ ਬਿਲਡਿੰਗ ਅਤੇ ਕੁੱਝ ਕੁਆਟਰ ਅਤੇ ਐਸ.ਏ.ਐਸ. ਨਗਰ ਪ੍ਰੈਸ ਦੀ ਬਿਲਡਿੰਗ ਦੇ ਨਵੀਨੀਕਰਨ ਅਤੇ ਦੋਵੇਂ ਪ੍ਰੈਸਾਂ ਵਿੱਚ ਕੁੱਝ ਨਵੀਆਂ ਮਸ਼ੀਨਾਂ ਸਥਾਪਿਤ ਕਰਨ ਲਈ ਫੰਡਜ਼ ਮੁਹੱਈਆ ਕਰਵਾਉਣ ਦੀ ਤਜਵੀਜ਼ ਬਣਾਈ ਜਾਵੇ। ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਦੇਸ਼ ਦੇ ਹੋਰਨਾਂ ਸੂਬੇ ਜਿਨ੍ਹਾਂ ਵਿੱਚ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਬਿਹਤਰ ਕੰਮ ਕਰ ਰਿਹਾ ਹੈ, ਉੱਥੋਂ ਦੇ ਸਿਸਟਮ ਦਾ ਅਧਿਐਨ ਕਰਕੇ ਉਥੋਂ ਦੇ ਬਿਹਤਰ ਮਾਡਲ ਨੂੰ ਪੰਜਾਬ ਵਿੱਚ ਲਾਗੂ ਕੀਤਾ ਜਾਵੇ।ਮੀਤ ਹੇਅਰ ਨੇ ਕਿਹਾ ਕਿ ਵਿਭਾਗ ਦਾ ਸਾਰਾ ਕੰਮ ਕਾਜ ਪ੍ਰਿੰਟਿੰਗ ਅਤੇ ਸਟੇਸਨਰੀ ਮੈਨੂਅਲ-1975 ਦੇ ਉਪਬੰਧਾਂ ਅਨੁਸਾਰ ਕੀਤਾ ਜਾਂਦਾ ਹੈ ਪਰ ਅਜੋਕੇ ਦੌਰ ਵਿੱਚ ਪ੍ਰੈਸ ਦਾ ਆਧੁਨਿਕੀਕਰਨ ਤੇ ਤਕਨਾਲੋਜੀ ਕਾਫ਼ੀ ਅਗਾਂਹ ਨਿਕਲ ਗਈ ਹੈ ਜਿਸ ਲਈ ਮੈਨੂਅਲ ਨੂੰ ਅਪਡੇਟ ਕਰਨ ਦੀ ਸਖਤ ਜ਼ਰੂਰਤ ਹੈ।ਵਿਭਾਗ ਦੇ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਪ੍ਰਭਾਵੀ ਵੈਬਸਾਈਟ ਬਣਾਈ ਜਾਵੇ। ਮੀਟਿੰਗ ਵਿੱਚ ਪ੍ਰਿੰਟਿੰਗ ਤੇ ਸਟੇਸ਼ਨਰੀ ਦੇ ਪ੍ਰਮੁੱਖ ਸਕੱਤਰ ਵੀ ਕੇ ਮੀਨਾ, ਕੰਟਰੋਲਰ ਪੁਨੀਤ ਗੋਇਲ ਤੇ ਐਡੀਸ਼ਨਲ ਕੰਟਰੋਲਰ ਆਨੰਦ ਸਾਗਰ ਵੀ ਮੌਜੂਦ ਸਨ।