ਚੰਡੀਗੜ੍ਹ, 28 ਮਾਰਚ : ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਪਣਾ ਪੱਖ ਰੱਖਿਆ। ਕਿਰਨਦੀਪ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਅੰਮ੍ਰਿਤਪਾਲ ਹੁਣ ਕਿੱਥੇ ਹੈ। ਉਸ ਦਾ ਅੰਮ੍ਰਿਤਪਾਲ ਨਾਲ ਕਾਫੀ ਸਮੇਂ ਤੋਂ ਕੋਈ ਸੰਪਰਕ ਨਹੀਂ ਹੋਇਆ। ਜੇਕਰ ਉਹ ਪੁਲਿਸ ਕੋਲ ਹੈ ਤਾਂ ਉਸ ਨੂੰ ਪੇਸ਼ ਕੀਤਾ ਜਾਵੇ। ਇੱਕ ਅਖ਼ਬਾਰ ਦੀ ਖ਼ਬਰ ਅਨੁਸਾਰ ਉਸਨੇ ਕਿਹਾ ਕਿ ਮੈਂ ਅੰਮ੍ਰਿਤਪਾਲ ਲਈ ਆਪਣੀ ਨੌਕਰੀ ਅਤੇ ਪਰਿਵਾਰ ਛੱਡਿਆ ਹੈ। ਹੁਣ ਮੈਂ ਉਸਨੂੰ ਇਸ ਹਾਲਤ ਵਿੱਚ ਛੱਡ ਕੇ ਨਹੀਂ ਜਵਾਂਗੀ। ਅੰਮ੍ਰਿਤਪਾਲ ਨੂੰ ਬੇਕਸੂਰ ਦੱਸਦਿਆਂ ਕਿਰਨਦੀਪ ਕੌਰ ਨੇ ਕਿਹਾ ਕਿ ਉਸ ਦੀ ਪਹਿਲੀ ਪਸੰਦ ਸਿੱਖੀ ਦਾ ਪ੍ਰਚਾਰ ਹੈ, ਮੈਂ ਉਸ ਦੀ ਦੂਜੀ ਪਸੰਦ ਹਾਂ। ਉਹ ਆਪਣੀ ਸੰਸਥਾ ਦੇ ਕੰਮ ਅਤੇ ਧਰਮ ਪ੍ਰਚਾਰ ਨੂੰ ਪਹਿਲ ਦਿੰਦਾ ਹੈ। ਧਰਮ ਅਤੇ ਪੰਜਾਬ ਦੇ ਲੋਕਾਂ ਲਈ ਆਵਾਜ਼ ਬੁਲੰਦ ਕਰਦਾ ਰਿਹਾ ਹੈ। ਉਹ ਆਪਣੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪਾ ਦਿੰਦਾ ਸੀ, ਜਿਨ੍ਹਾਂ ਨੂੰ ਮੈਂ ਦੇਖਿਆ ਅਤੇ ਸੁਣਿਆ। ਸੋਸ਼ਲ ਮੀਡੀਆ ਰਾਹੀਂ ਹੀ ਮੈਂ ਉਸ ਦੇ ਸੰਪਰਕ ਵਿੱਚ ਆਈ ਪਰ ਉਦੋਂ ਮੈਨੂੰ ਪਤਾ ਨਹੀਂ ਸੀ ਕਿ ਅਸੀਂ ਵਿਆਹ ਕਰਾ ਲਵਾਂਗੇ।ਕਿਰਨਦੀਪ ਕੌਰ ਨੇ ਦੱਸਿਆ ਕਿ ਮੈਂ ਉਸ ਨੂੰ ਪਹਿਲੀ ਵਾਰ ਇੰਸਟਾਗ੍ਰਾਮ 'ਤੇ ਮਿਲੀ ਸੀ। ਮੈਂ ਉਸ ਦੀਆਂ ਪੋਸਟਾਂ ਅਤੇ ਵੀਡੀਓ ਦੇਖਦੀ ਸੀ ਪਰ ਕਦੇ ਸ਼ੇਅਰ ਨਹੀਂ ਕੀਤਾ। ਮੈਂ ਅਧਿਆਤਮਕ ਸੋਚ ਵਾਲੀ ਹਾਂ। ਮੈਂ ਨਾਨ-ਵੈਜ ਨਹੀਂ ਖਾਂਦੀ ਅਤੇ ਨਾ ਹੀ ਸ਼ਰਾਬ ਪੀਂਦੀ ਹਾਂ। ਅੰਮ੍ਰਿਤਪਾਲ ਨੂੰ ਮੇਰੀਆਂ ਇਹ ਗੱਲਾਂ ਬਹੁਤ ਪਸੰਦ ਆਈਆਂ। ਹਾਲਾਂਕਿ ਮੈਂ ਅੰਮ੍ਰਿਤਪਾਲ ਵਰਗੀ ਧਾਰਮਿਕ ਨਹੀਂ ਹਾਂ। ਫਿਰ ਵੀ ਉਸਨੇ ਮੇਰੇ ਨਾਲ ਵਿਆਹ ਕਰਵਾ ਲਿਆ। ਮੇਰੇ ਪਰਿਵਾਰ ਨੇ ਕਦੇ ਇਸ ਦਾ ਵਿਰੋਧ ਨਹੀਂ ਕੀਤਾ। ਕਿਰਨਦੀਪ ਨੇ ਦੱਸਿਆ ਕਿ ਉਸ ਦੇ ਦਾਦਾ ਜੀ 1951 ਵਿੱਚ ਯੂ.ਕੇ. ਚਲੇ ਗਏ ਸੀ।ਉਦੋਂ ਤੋਂ ਉਨ੍ਹਾਂ ਦਾ ਪਰਿਵਾਰ ਉਥੇ ਰਹਿ ਰਿਹਾ ਹੈ। ਉਸਨੇ ਕਿਹਾ ਕਿ ਮੇਰਾ ਪਰਿਵਾਰ ਸਿੱਖ ਪ੍ਰਚਾਰਕਾਂ ਦਾ ਪਰਿਵਾਰ ਨਹੀਂ ਹੈ। ਹੋਰ ਸਿੱਖ ਪਰਿਵਾਰਾਂ ਵਾਂਗ ਉਹ ਵੀ ਯੂ.ਕੇ. ਦੇ ਗੁਰਦੁਆਰਾ ਸਾਹਿਬ ਵਿਖੇ ਜਾਂਦੀ ਹੁੰਦੀ ਸੀ। ਮੈਂ 12 ਸਾਲ ਦੀ ਉਮਰ ਵਿੱਚ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕਰ ਦਿੱਤਾ। ਮੈਂ ਅੰਮ੍ਰਿਤਪਾਲ ਨਾਲ ਕਿਸੇ ਪ੍ਰੋਗਰਾਮ ਵਿੱਚ ਨਹੀਂ ਗਈ ਅਤੇ ਨਾ ਹੀ ਅੰਮ੍ਰਿਤਪਾਲ ਮੈਨੂੰ ਲੈ ਕੇ ਜਾਣਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਕੋਈ ਵੀ ਮੈਨੂੰ ਅੰਮ੍ਰਿਤਪਾਲ ਦੇ ਨਾਂ ਨਾਲ ਜੋੜ ਕੇ ਨਾ ਪਹਿਚਾਣੇ, ਜਿਸ ਨਾਲ ਭਵਿੱਖ ਵਿੱਚ ਕੋਈ ਸਮੱਸਿਆ ਨਾ ਆਵੇ।ਅਸੀਂ ਇਹ ਫੈਸਲਾ ਵੀ ਨਹੀਂ ਕੀਤਾ ਸੀ ਕਿ ਅਸੀਂ ਹਮੇਸ਼ਾ ਪੰਜਾਬ ਵਿੱਚ ਹੀ ਰਹਾਂਗੇ।ਮੇਰੇ ਨਾਲ ਜੋ ਵੀ ਗੈਰ ਕਾਨੂੰਨੀ ਜੋੜਿਆ ਜਾ ਰਿਹਾ ਹੈ, ਉਹ ਸਾਰੇ ਦੋਸ਼ ਗਲਤ ਹਨ। ਮੈਂ ਇੱਥੇ ਦੋ ਮਹੀਨਿਆਂ ਤੋਂ ਰਹਿ ਰਹੀ ਹਾਂ। ਮੈਂ ਕੋਈ ਗੈਰ-ਕਾਨੂੰਨੀ ਕੰਮ ਨਹੀਂ ਕੀਤਾ। ਹੁਣ ਇਹ ਮੇਰਾ ਘਰ ਹੈ। ਛੇ ਮਹੀਨਿਆਂ ਬਾਅਦ ਮੈਂ ਯੂ.ਕੇ. ਜਾਵਾਂਗੀ। ਜੇਕਰ ਅੰਮ੍ਰਿਤਪਾਲ ਵੀ ਚੱਲੇਗਾ ਤਾਂ ਠੀਕ ਹੈ, ਨਹੀਂ ਤਾਂ ਮੈਂ ਭਾਰਤ ਵਾਪਸ ਆ ਜਾਵਾਂਗੀ, ਜਿਸ ਨੂੰ ਅੰਮ੍ਰਿਤਪਾਲ ਘਰ ਵਾਪਸੀ ਕਹਿੰਦਾ ਹੈ, ਅਸੀਂ ਉਸ ਨੂੰ ਸਹੀ ਸਾਬਤ ਕਰਾਂਗੇ।