ਚੰਡੀਗੜ੍ਹ, 12 ਜਨਵਰੀ : ਰਾਜ ਦੇ ਬਾਗਬਾਨੀ ਵਿਭਾਗ ਵਿੱਚ ਚੱਲ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਕਰਨ ਸਬੰਧੀ ਅੱਜ ਬਾਗਬਾਨੀ, ਸੁਤੰਤਰਤਾ ਸੈਨਿਕ ਸੇਵਾਵਾਂ ਤੇ ਭਲਾਈ ਅਤੇ ਫੂਡ ਪ੍ਰਸੈਸਿੰਗ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੀ ਪ੍ਰਧਾਨਗੀ ਹੇਠ ਪਲੇਠੀ ਮੀਟਿੰਗ ਵਿਭਾਗ ਦੇ ਪ੍ਰਬੰਧਕੀ ਸਕੱਤਰ ਰਾਹੁਲ ਤਿਵਾੜੀ, ਆਈ.ਏ.ਐਸ., ਗਗਨਦੀਪ ਬਰਾੜ, ਆਈ.ਏ.ਐਸ ਸਕੱਤਰ ਬਾਗਬਾਨੀ, ਪੰਜਾਬ ਅਤੇ ਸ਼ੈਲਿੰਦਰ ਕੌਰ, ਆਈ.ਐਫ.ਐਸ., ਡਾਇਰੈਕਟਰ ਬਾਗਬਾਨੀ, ਪੰਜਾਬ ਨਾਲ ਕੀਤੀ ਗਈ। ਇਸ ਮੌਕੇ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਵਿਭਾਗ ਵਿੱਚ ਚੱਲ ਰਹੀਆਂ ਕਿਸਾਨ ਭਲਾਈ ਸਕੀਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਸ ਗੱਲ ਤੇ ਵਿਸ਼ੇਸ਼ ਜੋਰ ਦਿੱਤਾ ਗਿਆ ਕਿ ਰਾਜ ਵਿੱਚ ਬਾਗਬਾਨੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਯਤਨਸ਼ੀਲ ਹੈ ਅਤੇ ਬਾਗਬਾਨੀ ਭਲਾਈ ਸਕੀਮਾਂ ਸਬੰਧੀ ਪ੍ਰਿੰਟ ਮੀਡੀਆ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਅਪਣਾਉਣ ਲਈ ਪ੍ਰੇਰਤ ਕੀਤਾ ਜਾ ਸਕੇ। ਇਸ ਸਬੰਧੀ ਡਾਇਰੈਕਟਰ ਬਾਗਬਾਨੀ, ਪੰਜਾਬ ਵੱਲੋਂ ਮੰਤਰੀ ਜੀ ਨੂੰ ਵਿਭਾਗ ਦੇ ਬੁਨਿਆਦੀ ਢਾਂਚੇ ਅਤੇ ਕੀਤੇ ਗਏ/ਕੀਤੇ ਜਾ ਰਹੇ ਨਿਵੇਕਲੇ ਉਪਰਾਲਿਆਂ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਵਿਭਾਗ ਵਿੱਚ ਚੱਲ ਰਹੇ ਪ੍ਰੋਜੈਕਟਾਂ ਦੀ ਪ੍ਰਸ਼ੰਸਾ ਕੀਤੀ ਅਤੇ ਨਵੇਂ ਪ੍ਰੋਜੈਕਟਾਂ ਨੂੰ ਵੀ ਲਾਗੂ ਕਰਵਾਉਣ ਲਈ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ। ਜੌੜਾਮਾਜਰਾ ਨੇ ਡਾਇਰੈਕਟਰ ਬਾਗਬਾਨੀ, ਪੰਜਾਬ ਨੂੰ ਨਿਰਦੇਸ਼ ਦਿੱਤੇ ਕਿ ਬਾਗਬਾਨੀ ਨਾਲ ਸਬੰਧਤ ਨਵੀਆਂ ਕਿਸਾਨ ਭਲਾਈ ਸਕੀਮਾਂ ਤਿਆਰ ਕੀਤੀਆਂ ਜਾਣ ਤਾਂ ਜੋ ਜੋ ਕਿ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਵਿੱਚ ਸਹਾਈ ਹੋਣ। ਇਸ ਤੋਂ ਇਲਾਵਾ ਮੰਤਰੀ ਜੌੜੇਮਾਜਰਾ ਨੇ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬਲਾਕ, ਜਿਲ੍ਹਾ ਪੱਧਰ ਤੇ ਵੱਧ ਤੋਂ ਵੱਧ ਫੀਲਡ ਵਿਜ਼ਿਟ ਕੀਤੀਆਂ ਜਾਣ ਤਾਂ ਜੋ ਵਿਭਾਗ ਦਾ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਹੋ ਸਕੇ।