ਚੰਡੀਗੜ੍ਹ, 3 ਜੁਲਾਈ : ਯੂਪੀ ਦੇ ਬਾਹੂਬਲੀ ਆਗੂ ਮੁਖਤਾਰ ਅੰਸਾਰੀ 'ਤੇ ਖਰਚੇ 55 ਲੱਖ ਰੁਪਏ ਦੀ ਵਸੂਲੀ ਨੂੰ ਲੈ ਕੇ ਸਿਆਸਤ ਭਖਦੀ ਜਾ ਰਹੀ ਹੈ। ਭਗਵੰਤ ਮਾਨ ਦੇ ਸ਼ਬਦੀਂ ਹਮਲਿਆਂ ਤੋਂ ਬਾਅਦ ਅੱਜ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਾਬਕਾ ਡਿਪਟੀ ਸੀਐਮ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ, ਮੈਂ ਭਗਵੰਤ ਮਾਨ ਖਿਲਾਫ ਮਾਣਹਾਨੀ ਦਾ ਕੇਸ ਕਰਾਂਗਾ। ਸੀਐਮ ਭਗਵੰਤ ਮਾਨ ਦੇ ਬਿਆਨ 'ਤੇ ਕਾਂਗਰਸ ਹਮਲਾਵਰ ਹੋ ਗਈ ਹੈ। ਮੈਂ ਹਰ ਚੀਜ਼ ਦਾ ਜਵਾਬ ਦੇਵਾਂਗਾ, ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਨੇ...ਮੈਂ ਇਸ ਨੂੰ ਨੋਟਿਸ ਨਹੀਂ ਮੰਨਦਾ, ਨੋਟਿਸ ਮੁੱਖ ਮੰਤਰੀ ਵਲੋਂ ਨਹੀਂ ਸਗੋਂ ਅਫ਼ਸਰ ਵਲੋਂ ਦਿਤਾ ਜਾਂਦਾ ਹੈ। ਨੋਟਿਸ ਮੇਰੇ ਘਰ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਟਵੀਟੋ-ਟਵੀਟੀ ਨਾ ਹੋਣ ਸਗੋਂ ਸਹੀ ਤਰੀਕੇ ਨਾਲ ਨੋਟਿਸ ਮੇਰੇ ਘਰ ਭੇਜਿਆ ਜਾਵੇ। ਇਸ ਤੋਂ ਪਹਿਲਾਂ ਰੰਧਾਵਾ ਨੇ ਕਿਹਾ ਸੀ ਕਿ ਮੈਂ ਕਿਸੇ ਜਾਂਚ ਤੋਂ ਨਹੀਂ ਡਰਦਾ। ਮੈਂ ਦਿੱਲੀ ਜਾਣਾ ਸੀ ਪਰ ਸਰਕਾਰ ਦੇ ਨੋਟਿਸ ਕਾਰਨ ਅਪਣੀ ਉਡਾਣ 2 ਘੰਟੇ ਲੇਟ ਕਰਵਾ ਦਿਤੀ ਹੈ। ਹੁਣ ਨੋਟਿਸ ਲੈ ਕੇ ਹੀ ਜਾਵਾਂਗਾ। ਸਰਕਾਰ ਅਫਸਰ ਰਾਹੀਂ ਨੋਟਿਸ ਮੇਰੇ ਘਰ ਭੇਜੇ, ਮੈਂ ਬੈਠਾ ਉਡੀਕ ਰਿਹਾ ਹਾਂ। ਜ਼ਿਕਰਯੋਗ ਹੈ ਕਿ ਦੱਸ ਦੇਈਏ ਕਿ ਮੁੱਖ ਮੰਤਰੀ ਨੇ ਟਵੀਟ ਕਰ ਕੇ ਲਿਖਿਆ ਕਿ ''ਆਹ ਲਓ ਰੰਧਾਵਾ ਸਾਹਬ ਤੁਹਾਡੇ “ਅੰਸਾਰੀ” ਵਾਲਾ ਨੋਟਿਸ''। ਇਸ ਨੋਟਿਸ ਵਿਚ ਸਰਕਾਰ ਨੇ ਪੈਸੇ ਦੀ ਰਿਕਵਰੀ ਵਾਲਾ ਵੇਰਵਾ ਜਨਤਕ ਕਰ ਦਿਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ੍ਹ ਟਵੀਟ ਕਰ ਕੇ ਕਿਹਾ ਸੀ ਕਿ ''ਯੂਪੀ ਦੇ ਗੈਂਗਸਟਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਵਿਚ ਰੱਖਣ ਅਤੇ ਸੁਪਰੀਮ ਕੋਰਟ ਵਿਚ ਉਸ ਦਾ ਕੇਸ ਲੜਨ ਲਈ 55 ਲੱਖ ਰੁਪਏ ਦੀ ਫੀਸ ਪੰਜਾਬ ਦੇ ਖ਼ਜ਼ਾਨੇ ਵਿਚੋਂ ਨਹੀਂ ਦਿਤੀ ਜਾਵੇਗੀ। ਇਹ ਪੈਸਾ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਵਸੂਲ ਕੀਤਾ ਜਾਵੇਗਾ। ਭੁਗਤਾਨ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਦੀ ਪੈਨਸ਼ਨ ਅਤੇ ਹੋਰ ਸਰਕਾਰੀ ਲਾਭ ਰੱਦ ਕਰ ਦਿਤੇ ਜਾਣਗੇ।''