ਮੁੱਖ ਸਕੱਤਰ ਨੇ ਅੰਕੜਿਆਂ ਦੇ ਸੰਸਥਾਗਤਕਰਨ ਅਤੇ ਨੀਤੀਆਂ ਪ੍ਰਤੀ ਪ੍ਰਮਾਣ-ਆਧਾਰਿਤ ਪਹੁੰਚ ਲਈ ਵੱਖ-ਵੱਖ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ

ਚੰਡੀਗੜ੍ਹ : ਪੰਜਾਬ ਦੇ ਮੁੱਖ ਸਕੱਤਰ ਵੀ.ਕੇ. ਜੰਜੂਆ ਨੇ ਅੱਜ ਇੱਥੇ ਇੱਕ ਉੱਚ-ਪੱਧਰੀ ਮੀਟਿੰਗ ਦੌਰਾਨ ਅੰਕੜਿਆਂ ਦੇ ਸੰਸਥਾਗਤਕਰਨ ਅਤੇ ਨੀਤੀਆਂ ਪ੍ਰਤੀ ਪ੍ਰਮਾਣ-ਆਧਾਰਿਤ ਪਹੁੰਚ ਲਈ ਜੇ-ਪੀ.ਏ.ਐਲ. ਸਾਊਥ ਏਸ਼ੀਆ ਪਾਰਟਨਰਸ਼ਿਪ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ। ਜੇ-ਪੀ.ਏ.ਐਲ. ਸਾਊਥ ਏਸ਼ੀਆ ਪਾਰਟਨਰਸ਼ਿਪ ਵੱਲੋਂ ਪੰਜਾਬ ਵਿੱਚ ਵੱਖ-ਵੱਖ ਪ੍ਰਾਜੈਕਟ ਚਲਾਏ ਜਾ ਰਹੇ ਹਨ ਜਿਹਨਾਂ ਵਿੱਚ ਓਪੀਔਡ ਦੀ ਵਰਤੋਂ ਨੂੰ ਰੋਕਣ, ਪਾਣੀ ਬਚਾਓ ਪੈਸਾ ਕਮਾਓ ਸਕੀਮ, ਟੈਕਸ ਵਸੂਲੀ ਵਿੱਚ ਵਾਧਾ ਕਰਨ ਲਈ ਜੀ.ਐਸ.ਟੀ. ਈਕੋਸਿਸਟਮ ਵਿੱਚ ਜਾਅਲੀ ਫਰਮਾਂ ਦਾ ਪਤਾ ਲਗਾਉਣ ਲਈ ਮਸ਼ੀਨ ਲਰਨਿੰਗ ਟੂਲ ਦੀ ਵਰਤੋਂ, ਵਾਤਾਵਰਣ ਸਬੰਧੀ ਨਿਯਮਾਂ (ਇਮਿਸ਼ਨ ਟ੍ਰੇਡਿੰਗ ਸਕੀਮ) ਲਈ ਪੰਜਾਬ ਮਾਰਕੀਟ ਅਧਾਰਤ ਪ੍ਰਣਾਲੀ ਬਾਰੇ ਪ੍ਰਾਜੈਕਟ ਸ਼ਾਮਲ ਹਨ ਜਦਕਿ ਪੰਜਾਬ ਵਿੱਚ ਨੌਜਵਾਨਾਂ ਲਈ ਨੌਕਰੀਆਂ ਵਿੱਚ ਸੁਧਾਰ ਕਰਨ ਬਾਰੇ ਪ੍ਰਾਜੈਕਟ ਵਿਚਾਰ ਅਧੀਨ ਹੈ। ਇਸ ਤੋਂ ਇਲਾਵਾ ਜੈਂਡਰ ਸੈਂਸਟਿਵ ਪੁਲਿਸਿੰਗ ਸਕੋਪਿੰਗ ਸਟੱਡੀ ਪ੍ਰੋਜੈਕਟ ਦਾ ਵੀ ਪ੍ਰਸਤਾਵ ਹੈ।ਮੁੱਖ ਸਕੱਤਰ ਨੇ ਨਵੇਂ ਜੈਂਡਰ ਸੈਂਸਟਿਵ ਪੁਲਿਸਿੰਗ ਸਕੋਪਿੰਗ ਸਟੱਡੀ ਪ੍ਰੋਜੈਕਟ ਲਈ ਸਹਿਮਤੀ ਦੇ ਦਿੱਤੀ ਹੈ। ਜੈਂਡਰ ਸੈਂਸਟਿਵ ਪੁਲਿਸਿੰਗ ਸਕੋਪਿੰਗ ਸਟੱਡੀ, ਕਮਿਊਨਿਟੀ ਆਊਟਰੀਚ ਅਤੇ ਜੈਂਡਰ-ਰਿਸਪਾਂਸਿਵ ਪੁਲਿਸਿੰਗ ਦੇ ਨਾਲ-ਨਾਲ ਮਹਿਲਾ ਅਧਿਕਾਰੀਆਂ ਦੀ ਲਿੰਗ ਪ੍ਰਤੀਕ੍ਰਿਆ ਅਤੇ ਜਵਾਬਦੇਹੀ ਵਧਾਉਣ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਕਾਉਂਸਲਿੰਗ ਦੀ ਭੂਮਿਕਾ ਤੇ ਔਰਤਾਂ ਦੀ ਸੁਰੱਖਿਆ 'ਤੇ ਪ੍ਰਭਾਵ ਅਤੇ ਕਾਉਂਸਲਿੰਗ ਤੇ ਕਾਨੂੰਨੀ ਕੇਸ ਦਰਮਿਆਨ ਸਬੰਧਾਂ ਦਾ ਵੀ ਅਧਿਐਨ ਕੀਤਾ ਜਾਵੇਗਾ। ਇਸ ਦਾ ਉਦੇਸ਼ ਕਾਉਂਸਲਿੰਗ ਦੇ ਕੰਮਕਾਜ ਅਤੇ ਲਿੰਗ ਪ੍ਰਤੀਕਿਰਿਆ ਦਾ ਅਧਿਐਨ ਕਰਨਾ ਹੈ। ਸ੍ਰੀ ਜੰਜੂਆ ਨੇ ਪੰਜਾਬ ਵਿੱਚ ਓਪੀਔਡ ਦੀ ਵਰਤੋਂ ਦੀ ਰੋਕਥਾਮ, ਪਾਣੀ ਬਚਾਓ ਪੈਸਾ ਕਮਾਓ ਸਕੀਮ, ਟੈਕਸ ਵਸੂਲੀ ਵਿੱਚ ਵਾਧਾ ਕਰਨ ਲਈ ਜੀ.ਐਸ.ਟੀ. ਈਕੋਸਿਸਟਮ ਵਿੱਚ ਜਾਅਲੀ ਫਰਮਾਂ ਦਾ ਪਤਾ ਲਗਾਉਣ ਲਈ ਮਸ਼ੀਨ ਲਰਨਿੰਗ ਟੂਲ ਦੀ ਵਰਤੋਂ, ਵਾਤਾਵਰਣ ਸਬੰਧੀ ਨਿਯਮਾਂ (ਇਮਿਸ਼ਨ ਟ੍ਰੇਡਿੰਗ ਸਕੀਮ) ਲਈ ਪੰਜਾਬ ਮਾਰਕੀਟ ਅਧਾਰਤ ਪ੍ਰਣਾਲੀ ਸਬੰਧੀ ਪ੍ਰਾਜੈਕਟਾਂ 'ਤੇ ਤਸੱਲੀ ਪ੍ਰਗਟਾਈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਪ੍ਰਮੁੱਖ ਸਕੱਤਰ ਯੋਜਨਾ ਵਿਕਾਸ ਪ੍ਰਤਾਪ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਦਲੀਪ ਕੁਮਾਰ, ਸਕੱਤਰ ਕਮਲ ਕਿਸ਼ੋਰ ਯਾਦਵ, ਸਕੱਤਰ ਰਾਹੁਲ ਤਿਵਾੜੀ, ਸਕੱਤਰ ਡਾ. ਗੁਰਪ੍ਰੀਤ ਕੌਰ ਸਪਰਾ ਹਾਜ਼ਰ ਸਨ।