- ਫੰਡਾਂ ਤੇ ਸਟਾਫ ਦੀ ਘਾਟ ਕਾਰਨ ਸਿਹਤ ਖੇਤਰ ਦੀ ਹਾਲਤ ਨਾਜ਼ੁਕ ਬਣੀ: ਇਕਬਾਲ ਸਿੰਘ ਝੂੰਦਾ
ਚੰਡੀਗੜ੍ਹ, 9 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਆਯੂਸ਼ਮਾਨ ਭਾਰਤ ਵੈਲਨੈਸ ਸੈਂਟਰਾਂ ਦਾ ਨਾਂ ਬਦਲ ਕੇ ਆਮ ਆਦਮੀ ਪਾਰਟੀ ਕਲੀਨਿਕ ਰੱਖਣ ਅਤੇ ਉਹਨਾਂ ’ਤੇ ਆਪਣੀ ਤਸਵੀਰ ਲਗਾਉਣ ਦੀ ਜ਼ਿੱਦ ਸਿਹਤ ਖੇਤਰ ਲਈ ਬਹੁਤ ਮਹਿੰਗੀ ਸਾਬਤ ਹੋਈ ਹੈ ਅਤੇ ਕੇਂਦਰ ਸਰਕਾਰ ਨੇ ਇਸ ਸਕੀਮ ਤਹਿਤ 800 ਕਰੋੜ ਰੁਪਏ ਦੇ ਫੰਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਅਕਾਲੀ ਆਗੂ ਸਰਦਾਰ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਸੰਗਰਰ ਜ਼ਿਲ੍ਹੇ ਵਿਚ ਕਮਿਊਨਿਟੀ ਹੈਲਥ ਸੈਂਟਰਾਂ (ਸੀ ਐਚ ਸੀ), ਪ੍ਰਾਇਮਰੀ ਹੈਲਥ ਸੈਂਟਰਾਂ (ਪੀ ਐਚ ਸੀ) ਤੇ ਸਬ ਡਵੀਜ਼ਨਲ ਹਸਪਤਾਲਾਂ ਦੀ ਹਾਲਾਤ ਖਸਤਾ ਬਣੀ ਹੋਈ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਬਹੁਤੇ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਨੇ ਸਟਾਫ ਦੀ ਘਾਟ ਕਾਰਨ ਰਾਤ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ ਅਤੇ ਜ਼ਿਲ੍ਹੇ ਵਿਚ 117 ਮੈਡੀਕਲ ਅਫਸਰਾਂ ਵਿਚੋ਼ ਸਿਰਫ 41 ਆਸਾਮੀਆਂ ਹੀ ਭਰੀਆਂ ਹਨ ਤੇ ਬਾਕੀ ਖਾਲੀ ਹਨ। ਸਰਦਾਰ ਝੂੰਦਾ ਨੇ ਕਿਹਾ ਕਿ ਸੂਬੇ ਵਿਚ ਹੋਰ ਥਾਵਾਂ ’ਤੇ ਵੀ ਹਾਲਾਤ ਇਹੋ ਜਿਹੇ ਬਣੇ ਹੋਏ ਹਨ ਅਤੇ ਫੰਡਾਂ ਦੀ ਘਾਟ ਕਾਰਨ ਸਿਹਤ ਸੰਭਾਲ ਕੇਂਦਰਾਂ ਵਿਚ ਮਰੀਜ਼ਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਉਹਨਾਂ ਕਿਹਾ ਕਿ ਆਮ ਆਦਮੀ ਕਲੀਨਿਕ ਮੁੱਖ ਮੰਤਰੀ ਨੇ ਬੜੇ ਚਾਅ ਨਾਲ ਖੋਲ੍ਹੇ ਸਨ ਪਰ ਪਿੰਡਾਂ ਵਿਚ ਸਿਹਤ ਸੰਭਾਲ ਢਾਂਚਾ ਢਹਿ ਢੇਰੀ ਹੋ ਗਿਆ ਹੈ। ਉਹਨਾਂ ਕਿਹਾ ਕਿ ਅਨੇਕਾਂ ਹਸਪਤਾਲਾਂ ਵਿਚ ਪਹਿਲਾਂ ਰਾਤ ਵੇਲੇ ਐਮਰਜੰਸੀ ਸੇਵਾਵਾਂ ਵੀ ਹੁੰਦੀਆਂ ਸਨ ਪਰ ਹੁਦ ਰਾਤ ਵੇਲੇ ਮਰੀਜ਼ਾਂ ਦਾ ਇਸਵਾਸਤੇ ਇਲਾਜ ਨਹੀਂ ਕੀਤਾ ਜਾ ਰਿਹਾ ਕਿਉਂਕਿ ਸਟਾਫ ਆਮ ਆਦਮੀ ਕਲੀਨਿਕਾਂ ਵਿਚ ਬਦਲ ਦਿੱਤਾ ਗਿਆ ਹੈ। ਸਰਦਾਰ ਝੂੰਦਾ ਨੇ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਮਾੜੇ ਹਾਲਾਤਾਂ ਦਾ ਕਾਰਨ ਪੇਂਡੂ ਡਿਸਪੈਂਸਰੀਆਂ ਦਾ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਰੱਖਣਾ ਹੈ। ਉਹਨਾਂ ਕਿਹਾ ਕਿ ਪਹਿਲਾਂ ਇਹਨਾਂ ਸਿਹਤ ਸਹੂਲਤਾਂ ਦੇ ਨਾਂ ਬਦਲਣ ’ਤੇ ਕਰੋੜਾਂ ਰੁਪਏ ਖਰਚ ਕਰ ਦਿੱਤੇ ਗਏ ਤੇ ਮੁੱਖ ਮੰਤਰੀ ਦੀ ਤਸਵੀਰ ਉਹਨਾਂ ’ਤੇ ਲਗਾ ਦਿੱਤੀ ਗਈ। ਉਹਨਾਂ ਕਿਹਾ ਕਿ ਇਸ ਉਪਰੰਤ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ’ਤੇ ਚਰਚ ਕੀਤੇ ਗਏ ਤੇ ਪੰਜਾਬੀਆਂ ਸਮੇਤ ਦੇਸ਼ ਭਰ ਦੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਗਿਆ ਤੇ ਇਸਨੂੰ ਇਕ ਵੱਡੀ ਪ੍ਰਾਪਤੀ ਦੱਸਿਆ ਗਿਆ ਹਾਲਾਂਕਿ ਅਜਿਹਾ ਕੁਝ ਵੀ ਨਹੀਂ ਹੋਇਆ। ਸਰਦਾਰ ਝੂੰਦਾ ਨੇ ਕਿਹਾ ਕਿ ਇਸ ਸਵੈ ਮਹਿਮਾ ਗਾਣ ਦੇ ਨਤੀਜੇ ਵਜੋਂ ਪੰਜਾਬ ਨੂੰ ਨੈਸ਼ਨਲ ਹੈਲਥ ਮਿਸ਼ਨ ਦੇ 800 ਕਰੋੜ ਰੁਪਏ ਗੁਆਉਣੇ ਪਏ ਹਨ।ਉਹਨਾਂ ਕਿਹਾ ਕਿ ਸੂਬੇ ਨੇ ਕੇਂਦਰੀ ਸਕੀਮਾਂ ਦੀ ਦੁਰਵਰਤੋਂ ਕਾਰਨ 2800 ਕਰੋੜ ਰੁਪਏ ਗੁਆ ਲਏ ਹਨ। ਉਹਨਾਂ ਕਿਹਾ ਕਿ ਹੁਣ ਸੂਬਾ ਵਾਧੂ ਫੰਡਾਂ ਲਈ ਕਰਜ਼ਾ ਨਹੀਂ ਲੈ ਸਕੇਗਾ ਕਿਉਂਕਿ ਕੇਂਦਰ ਸਰਕਾਰ ਨੇ ਇਸ ’ਤੇ ਵਿੱਤੀ ਅਨੁਸ਼ਾਸਨ ਲਾਗੂ ਕੀਤਾ ਹੈ ਅਤੇ ਕਰਜ਼ਾ ਹੱਦ 39 ਹਜ਼ਾਰ ਰੁਪਏ ਤੋਂ ਘਟਾ ਕੇ 21 ਹਜ਼ਾਰ ਰੁਪਏ ਕਰ ਦਿੱਤੀ ਹੈ। ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਆਪਣੀ ਹਊਮੈ ਤਿਆਗਣ ਅਤੇ ਕੇਂਦਰੀ ਫੰਡ ਉਥੇ ਹੀ ਖਰਚ ਕਰਨ ਜਿਸ ਮਕਸਦ ਲਈ ਉਹ ਮਿਲਦੇ ਹਨ। ਉਹਨਾਂ ਕਿਹਾ ਕਿ ਤੁਸੀਂ ਸਿਹਤ ਤੇ ਸਿੱਖਿਆ ਖੇਤਰ ਨੂੰ ਆਪਣੀ ਮੁੱਖ ਤਰਜੀਹ ਦੱਸਿਆ ਸੀ ਜਦੋਂ ਕਿ ਤੁਹਾਡੀ ਨਿਗਰਾਨੀ ਹੇਠ ਇਹਨਾਂ ਦੋਵਾਂ ਸੈਕਟਰਾਂ ਦਾ ਬਹੁਤ ਮਾੜਾ ਹਾਲ ਹੋ ਗਿਆ ਹੈ ਅਤੇ ਜੇਕਰ ਦਰੁੱਸਤੀ ਭਰੇ ਕਦਮ ਨਾ ਚੁੱਕੇ ਗਏ ਤਾਂ ਹੋਰ ਮਾੜਾ ਹੋ ਸਕਦਾ ਹੈ। ਸਰਦਾਰ ਝੂੰਦਾ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਤੇ ਡਾਇਗਨੋਸਟਿਕ ਮਸ਼ੀਨਾਂ ਦੀ ਘਾਟ ਹੈ ਅਤੇ ਸੀਨੀਅਰ ਡਾਕਟਰਾਂ ਦੀ ਘਾਟ ਕਾਰਨ ਲੋਕਾਂ ਨੂੰ ਸਪੈਸ਼ਲ ਸੰਭਾਲ ਸਹੂਲਤਾਂ ਨਹੀਂ ਮਿਲ ਰਹੀਆਂ। ਉਹਨਾਂ ਕਿਹਾ ਕਿ ਸਰਕਾਰ ਨੂੰ ਆਪਣੀ ਪ੍ਰਾਪਤੀਆਂ ’ਤੇ ਕਰੋੜਾਂ ਰੁਪਏ ਖਰਚਣ ਨਾਲੋਂ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।