ਚੰਡੀਗੜ੍ਹ, 22 ਮਾਰਚ : ਪੰਜਾਬ ਪੁਲਿਸ ਵੱਲੋਂ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਖਿਲਾਫ ਇਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਤੋਂ ਫਰਾਰ ਚਲ ਰਹੇ ਅੰਮ੍ਰਿਤਪਾਲ ਖਿਲਾਫ ਹੁਣ ਗ੍ਰੰਥੀ ਸਿੰਘ ਨੂੰ ਬੰਦੀ ਬਣਾਉਣ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪਿੰਡ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਸਿੰਘ ਦੇ ਘਰ ਬੰਦੂਕ ਦਿਖਾ ਕੇ ਧਮਕਾਇਆ ਅਤੇ ਤਕਰੀਬਨ ਇਕ ਘੰਟਾ ਉਥੇ ਰੁਕਿਆ ਰਿਹਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਥੇ ਹੀ ਗ੍ਰੰਥੀ ਸਿੰਘ ਦੇ ਬੇਟੇ ਦੇ ਕੱਪੜੇ ਪਾ ਕੇ ਉਹ ਉਥੋਂ ਆਪਣਾ ਭੇਸ ਬਦਲ ਕੇ ਇੱਥੋਂ ਨਿਕਲਿਆ। ਦੱਸਿਆ ਜਾ ਰਿਹਾ ਹੈ ਕਿ ਗ੍ਰੰਥੀ ਸਿੰਘ ਦੇ ਘਰ ਰਿਸ਼ਤੇ ਵਾਸਤੇ ਲੜਕੇ ਨੂੰ ਦੇਖਣ ਲਈ ਕੁੜੀ ਵਾਲਿਆਂ ਨੇ ਆਉਣਾ ਸੀ। ਘਰ ਵਾਲਿਆਂ ਨੂੰ ਪਹਿਲਾਂ ਤਾਂ ਇਹ ਭੁਲੇਖਾ ਪਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਆਏ ਹਨ। ਅੰਮ੍ਰਿਤਪਾਲ ਨੇ ਰਿਸ਼ਤੇਦਾਰਾਂ ਲਈ ਤਿਆਰ ਕੀਤਾ ਖਾਣਾ ਵੀ ਉਥੇ ਖਾ ਕੇ ਗਿਆ। ਗ੍ਰੰਥੀ ਸਿੰਘ ਦਾ ਫੋਨ ਵਰਤਦੇ ਹੋਏ ਅੰਮ੍ਰਿਤਪਾਲ ਵੱਲੋਂ ਆਪਣੇ ਸਾਥੀਆਂ ਨੂੰ ਫੋਨ ਵੀ ਕੀਤਾ ਗਿਆ। ਪਿੰਡ ਨੰਗਲ ਅੰਬੀਆਂ ਤੋਂ ਅੰਮ੍ਰਿਤਪਾਲ ਸਿੰਘ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਅੱਗੇ ਫਰਾਰ ਹੋ ਗਿਆ। ਪੁਲਿਸ ਵੱਲੋਂ ਗ੍ਰੰਥੀ ਸਿੰਘ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਵਾਰਿਸ ਪੰਜਾਬ ਦੇ ਖਿਲਾਫ ਕੀਤੀ ਗਈ ਕਾਰਵਾਈ ਤੋਂ ਬਾਅਦ ਅੰਮ੍ਰਿਤਪਾਲ ਭਗੌੜਾ ਚਲ ਰਿਹਾ ਹੈ। ਪੁਲਿਸ ਵੱਲੋਂ ਇਸ ਮਾਮਲੇ ਉਸਦੀ ਭਾਲ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਖਿਲਾਫ ਐਨਐਸਏ ਲਗਾਇਆ ਗਿਆ ਹੈ।