- ਸਕੂਲ, ਮਲਟੀਪਲੈਕਸ ਅਤੇ ਹੋਰ ਵਪਾਰਕ ਤੇ ਰਿਹਾਇਸ਼ੀ ਜਾਇਦਾਦਾਂ ਖ਼ਰੀਦਣ ਦਾ ਮੌਕਾ
ਚੰਡੀਗੜ੍ਹ, 14 ਮਾਰਚ : ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਕਾਰਜਸ਼ੀਲ ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ.) ਅਤੇ ਅੰਮ੍ਰਿਤਸਰ ਵਿਕਾਸ ਅਥਾਰਟੀ (ਏ.ਡੀ.ਏ.) ਵੱਲੋਂ ਕ੍ਰਮਵਾਰ 15 ਮਾਰਚ ਅਤੇ 22 ਮਾਰਚ ਤੋਂ ਵੱਖ-ਵੱਖ ਜਾਇਦਾਦਾਂ ਦੀ ਈ-ਨਿਲਾਮੀ ਸ਼ੁਰੂ ਕੀਤੀ ਜਾਵੇਗੀ। ਬਠਿੰਡਾ ਵਿਕਾਸ ਅਥਾਰਟੀ ਵੱਲੋਂ ਈ-ਨਿਲਾਮੀ 27 ਮਾਰਚ ਜਦੋਂਕਿ ਅੰਮ੍ਰਿਤਸਰ ਵਿਕਾਸ ਅਥਾਰਟੀ ਵੱਲੋਂ 31 ਮਾਰਚ ਨੂੰ ਸਮਾਪਤ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬਠਿੰਡਾ ਵਿਕਾਸ ਅਥਾਰਟੀ ਵੱਲੋਂ ਇਸ ਈ-ਨਿਲਾਮੀ ਵਿੱਚ ਕੁੱਲ 70 ਸਾਈਟਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਵਿੱਚ ਐਸਸੀਓਜ਼, ਬੂਥ, ਦੁਕਾਨਾਂ, ਰਿਹਾਇਸ਼ੀ ਪਲਾਟ, 2 ਸਕੂਲ ਸਾਈਟਾਂ ਅਤੇ 1 ਮਲਟੀਪਲੈਕਸ ਸਾਈਟ ਸ਼ਾਮਲ ਹੈ। ਅਰਬਨ ਅਸਟੇਟ, ਫੇਜ਼ 2 ਭਾਗ 1, ਬਠਿੰਡਾ ਵਿਖੇ ਸਥਿਤ ਮਲਟੀਪਲੈਕਸ ਸਾਈਟ ਦੀ ਰਾਖਵੀਂ ਕੀਮਤ 19.40 ਕਰੋੜ ਰੁਪਏ ਰੱਖੀ ਗਈ ਹੈ। ਇਸ ਸਾਈਟ ਦਾ ਏਰੀਆ ਲਗਭਗ 4950 ਵਰਗ ਮੀਟਰ ਹੈ। ਨਿਰਵਾਣਾ ਅਸਟੇਟ, ਬਠਿੰਡਾ ਵਿਖੇ ਸਥਿਤ ਪ੍ਰਾਇਮਰੀ ਸਕੂਲ ਸਾਈਟ ਲਗਭਗ 2112 ਵਰਗ ਮੀਟਰ ਵਿੱਚ ਫੈਲੀ ਹੋਈ ਹੈ ਜੋ ਕਿ 5.72 ਕਰੋੜ ਰੁਪਏ ਦੀ ਰਾਖਵੀਂ ਕੀਮਤ 'ਤੇ ਬੋਲੀ ਲਈ ਉਪਲਬਧ ਹੋਵੇਗੀ। ਲਗਭਗ 10628 ਵਰਗ ਮੀਟਰ ਖੇਤਰ ਵਾਲੀ ਇੱਕ ਹੋਰ ਸਕੂਲ ਸਾਈਟ ਦੀ ਵੀ ਈ-ਨੀਲਾਮੀ ਕੀਤੀ ਜਾਵੇਗੀ। ਇਹ ਸਾਈਟ ਪੁੱਡਾ ਐਨਕਲੇਵ, ਸਪਿਨਫੈਡ ਮਿੱਲ, ਅਬੋਹਰ ਵਿਖੇ ਸਥਿਤ ਹੈ ਅਤੇ ਇਸ ਸਾਈਟ ਦੀ ਬੋਲੀ 6.23 ਕਰੋੜ ਰੁਪਏ ਤੋਂ ਸ਼ੁਰੂ ਹੋਵੇਗੀ। ਅੰਮ੍ਰਿਤਸਰ ਵਿਕਾਸ ਅਥਾਰਟੀ ਵੱਲੋਂ 69 ਜਾਇਦਾਦਾਂ ਦੀ ਈ-ਨਿਲਾਮੀ ਕੀਤੀ ਜਾਵੇਗੀ। ਇਨ੍ਹਾਂ ਵਿੱਚ ਰਿਹਾਇਸ਼ੀ ਪਲਾਟ, ਐਸਸੀਓਜ਼, ਦੁਕਾਨਾਂ ਅਤੇ ਇਕ ਸਕੂਲ ਸਾਈਟ ਸ਼ਾਮਲ ਹੈ। ਪੁੱਡਾ ਐਵੇਨਿਊ, ਗੁਰਦਾਸਪੁਰ ਵਿੱਚ ਸਥਿਤ ਸਕੂਲ ਸਾਈਟ 3440 ਵਰਗ ਮੀਟਰ ਵਿੱਚ ਫੈਲੀ ਹੋਈ ਹੈ ਅਤੇ ਇਸ ਦੀ ਕੀਮਤ 6.86 ਕਰੋੜ ਰੁਪਏ ਰੱਖੀ ਗਈ ਹੈ। ਬਾਕੀ ਜਾਇਦਾਦਾਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਟਾਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਹਨ। ਬੁਲਾਰੇ ਨੇ ਦੱਸਿਆ ਕਿ ਇੱਛੁਕ ਬੋਲੀਕਾਰ ਈ-ਨਿਲਾਮੀ ਪੋਰਟਲ https://puda.e-auctions.in ਉਤੇ ਬੋਲੀ ਲਈ ਉਪਲਬਧ ਸਾਈਟਾਂ ਸਬੰਧੀ ਵੇਰਵੇ ਦੇਖ ਸਕਦੇ ਹਨ।