ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਟਰੱਕ ਦੀ ਟੱਕਰ ਨਾਲ ਆਟੋ ’ਚ ਸਵਾਰ ਵਿਅਕਤੀ ਦੀ ਮੌਤ, 6 ਜਖਮੀ

ਚੰਡੀਗੜ੍ਹ, 24 ਮਾਰਚ  : ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਇੱਕ ਟਰੱਕ ਦੀ ਟੱਕਰ ਨਾਲ ਆਟੋ ’ਚ ਸਵਾਰ ਵਿਅਕਤੀ ਦੀ ਮੌਤ, 6 ਜਣੇ ਗੰਭੀਰ ਜਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਜੀਐਸਸੀਐਚ ਸੈਕਟਰ 32 ਚੰਡੀਗੜ੍ਹ ਵਿਖੇ ਦਾਖਲ ਕਰਵਾਉਣਾ ਪਿਆ। ਪੁਲਿਸ ਨੇ ਮਿ੍ਰਤਕ ਦੀ ਪਛਾਣ ਸ਼ਿਆਮ ਲਾਲ ਟੰਡਨ ਪੁੱਤਰ ਸੁਰਤਾ ਵਾਸੀ ਜੀਰਕਪੁਰ ਵਜੋਂ ਹੋਈ ਦੱਸੀ ਹੈ, ਜਦਕਿ ਜਖਮੀਆਂ ਦੀ ਪਛਾਣ ਕਾਜਲ ਪਤਨੀ ਅੰਕਿਤ, ਹਿਮਾਂਸੂ ਉਮਰ 5 ਸਾਲ, ਮਾਹੀ 1 ਸਾਲ, ਸੁਸੀਲਾ 45 ਸਾਲ ਸਾਰੇ ਵਾਸੀ ਭਬਾਤ, ਜੀਰਕਪੁਰ ਤੇ 21 ਸਾਲਾ ਰਾਧਾ ਪਤਨੀ ਰਾਮਕਿਸਨ ਵਾਸੀ ਪੰਚਕੂਲਾ ਸਮੇਤ ਆਟੋ ਚਾਲਕ ਜਖਮੀ ਦੱਸੇ ਹਨ। ਪੁਲਿਸ ਅਨੁਸਾਰ ਕਾਜਲ ਪਤਨੀ ਅੰਕਿਤ ਵਾਸੀ ਭਬਾਤ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਉਹ ਆਪਣੇ ਲੜਕੇ, ਲੜਕੀ ਅਤੇ ਸੱਸ ਨਾਲ ਅੰਬਾਲਾ ਤੋਂ ਇਕ ਆਟੋ ‘ਚ ਸਵਾਰ ਹੋ ਕੇ ਲਾਲੜੂ ਵੱਲ ਆ ਰਹੀ ਸੀ। ਆਟੋ ਵਿੱਚ ਸਾਡੇ ਤੋਂ ਇਲਾਵਾ ਦੋ ਹੋਰ ਵਿਅਕਤੀ ਵੀ ਸਵਾਰ ਸਨ।ਉਨ੍ਹਾਂ ਦੱਸਿਆ ਕਿ ਜਿਉਂ ਹੀ ਉਨ੍ਹਾਂ ਦਾ ਆਟੋ ਪਿੰਡ ਸਰਸੀਣੀ ਨੇੜੇ ਪਹੁੰਚਿਆ ਤਾਂ ਇੱਕ ਟਰੱਕ ਨੇ ਉਨ੍ਹਾਂ ਦੇ ਆਟੋ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਆਟੋ ‘ਚ ਸਵਾਰ ਸਾਰੇ ਲੋਕ ਗੰਭੀਰ ਰੂਪ ‘ਚ ਜਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਜੀਐਮਸੀਐਚ ਸੈਕਟਰ 32 ਚੰਡੀਗੜ੍ਹ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਸ਼ਿਆਮਲ ਟੰਡਨ ਨੂੰ ਮਿ੍ਰਤਕ ਐਲਾਨ ਦਿੱਤਾ, ਜਦਕਿ ਬਾਕੀ ਸਾਰੇ ਹਸਪਤਾਲ ਵਿੱਚ ਜੇਰੇ ਇਲਾਜ ਹਨ। ਪੁਲਿਸ ਨੇ ਫਰਾਰ ਟਰੱਕ ਦੇ ਅਣਪਛਾਤੇ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।