ਫ਼ਿਰੋਜ਼ਪੁਰ, 8 ਸਤੰਬਰ 2024 : ਫ਼ਿਰੋਜ਼ਪੁਰ ਦੇ ਅਮਨਦੀਪ ਹਸਪਤਾਲ ਨੇੜੇ ਕਾਰ ਚਾਲਕ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਮੋਟਰਸਾਈਕਲ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਪਤੀ ਦੀ ਮੌਤ ਹੋ ਗਈ, ਜਦਕਿ ਪਤਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੁਲਗੜ੍ਹੀ ਦੇ ਏ.ਐਸ.ਆਈ. ਵੇਦ ਪ੍ਰਕਾਸ਼ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਸ਼ਿਕਾਇਤਕਰਤਾ ਇੰਦਰਜੀਤ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਪਿੰਡ ਨਸੀਰਾ ਖਿਲਚੀਆਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਸ ਦਾ ਭਰਾ ਬਘੇਲ ਸਿੰਘ (ਉਮਰ 45 ਸਾਲ) ਅਤੇ ਉਸ ਦੀ ਪਤਨੀ ਕੁਲਜੀਤ ਕੌਰ ਆਪਣੇ ਮੋਟਰਸਾਈਕਲ ’ਤੇ ਜਾ ਰਹੇ ਸਨ ਅਤੇ ਜਦੋਂ ਉਹ ਅਮਨਦੀਪ ਹਸਪਤਾਲ ਮੱਲਵਾਲ ਕਦੀਮ ਨੇੜੇ ਪੁੱਜੇ ਤਾਂ ਪੰਕਜ ਪੁੱਤਰ ਬਲਕਾਰ ਚੰਦ ਨੇ ਤੇਜ਼ ਰਫ਼ਤਾਰ ਨਾਲ ਗੱਡੀ ਚੜ੍ਹਾ ਦਿੱਤੀ। ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਉਸ ਨੇ ਆਪਣੀ ਕਾਰ ਬਘੇਲ ਸਿੰਘ ਦੇ ਮੋਟਰਸਾਈਕਲ ਨਾਲ ਟਕਰਾ ਦਿੱਤੀ। ਅਤੇ ਇਸ ਹਾਦਸੇ ਵਿੱਚ ਬਘੇਲ ਸਿੰਘ ਦੀ ਮੌਤ ਹੋ ਗਈ ਜਦਕਿ ਸ਼ਿਕਾਇਤਕਰਤਾ ਦੀ ਸਾਲੀ ਕੁਲਜੀਤ ਕੌਰ ਜ਼ਖ਼ਮੀ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਕਾਬੂ ਕੀਤੇ ਕਾਰ ਚਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।