ਸਮਾਣਾ : ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਬਹੁਤ ਜਲਦ ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਕਾਲਜ ਦਾ ਦਰਜਾ ਪ੍ਰਦਾਨ ਕਰੇਗੀ ।ਉਹ ਅੱਜ ਇਥੇ ਪਬਲਿਕ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਯੁਵਕ ਤੇ ਲੋਕ ਮੇਲੇ ਦੇ ਤੀਜੇ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਹੋਏ ਸਨ। ਇਸ ਮੌਕੇ ਖੇਡਾਂ ਤੇ ਯੁਵਕ ਸੇਵਾਵਾਂ, ਸਾਇੰਸ, ਟੈਕਨਾਲੋਜੀ ਤੇ ਵਾਤਾਵਰਣ, ਪ੍ਰਸ਼ਾਸਕੀ ਸੁਧਾਰ ਅਤੇ ਪ੍ਰਿਟਿੰਗ ਤੇ ਸਟੇਸ਼ਨਰੀ ਬਾਰੇ ਵਿਭਾਗਾਂ ਦੇ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਨੌਜਵਾਨਾਂ ਦੀ ਭਲਾਈ ਲਈ ਵਿਸ਼ੇਸ਼ ਯੋਜਨਾਵਾਂ ਉਲੀਕੀਆਂ ਹਨ। ਉਨ੍ਹਾਂ ਕਿਹਾ ਕਿ ਪਰਿਵਾਰਵਾਦ ਦੀ ਰਾਜਨੀਤੀ ਤੋਂ ਦੁਖੀ ਨੌਜਵਾਨਾਂ ਨੇ ਰਾਜ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ ਜਿਸ ਲਈ ਸਾਡੀ ਸਰਕਾਰ ਨੇ ਪਹਿਲੇ ਚਾਰ ਮਹੀਨਿਆਂ ਵਿਚ ਹੀ ਸਾਢੇ 18 ਹਜ਼ਾਰ ਨੌਕਰੀਆਂ, ਕੱਚੇ ਮੁਲਾਜਮ ਪੱਕੇ ਅਤੇ ਸੂਬੇ ਵਿਚ ਨਿਵੇਸ਼ ਲਈ ਸੁਖਾਵਾਂ ਮਾਹੌਲ ਸਿਰਜਿਆ, ਜਿਸ ਕਰਕੇ ਟਾਟਾ ਨੇ ਵੀ 2600 ਕਰੋੜ ਰੁਪਏ ਦਾ ਨਿਵੇਸ਼ ਕੀਤਾ, ਜਿਸ ਨਾਲ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਮੀਤ ਹੇਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਜਿਹੇ ਮੇਲਿਆਂ ਵਿਚ ਦਿਖਾਏ ਆਪਣੀ ਪ੍ਰਤਿਭਾ ਦਾ ਜਿਕਰ ਕਰਦਿਆਂ ਕਿਹਾ ਕਿ ਇਹ ਮੇਲੇ ਅਜਿਹੇ ਪਲੇਟਫਾਰਮ ਹੁੰਦੇ ਹਨ ਜੋ ਵਿਦਿਆਰਥੀ ਦਾ ਸਰਬਪੱਖੀ ਵਿਕਾਸ ਕਰਦੇ ਹਨ। ਮੀਤ ਹੇਅਰ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੁਵਕ ਮੇਲਿਆਂ ਦਾ ਮੁੱਖ ਮੰਤਵ ਵਿਦਿਆਰਥੀਆਂ ਵਿਚ ਏਕਤਾ, ਮਿਲਵਰਤਣ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨਾ, ਉਨ੍ਹਾਂ ਦੀ ਛੁਪੀ ਪ੍ਰਤਿਭਾ ਨੂੰ ਸਾਹਮਣੇ ਲਿਆਉਣਾ ਅਤੇ ਉਨ੍ਹਾਂ ਨੂੰ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਨਾਲ ਜੋੜਨਾ ਹੁੰਦਾ ਹੈ। ਉਨ੍ਹਾਂ ਨੇ ਆਪਣੀ ਸਰਕਾਰ ਦੀ ਸਿੱਖਿਆ ਤੇ ਖੇਡ ਵਿਭਾਗ ਵਿਚਲੀ ਕਾਰਜ਼ਗੁਜ਼ਾਰੀ ਬਾਰੇ ਚਾਨਣਾ ਪਾਉਂਦਿਆਂ ਦਸਿਆ ਕਿ ਪਹਿਲੀ ਵਾਰ ਕੱਚੇ ਅਧਿਆਪਕ ਪੱਕੇ ਕੀਤੇ ਗਏ ਹਨ ਤੇ ਰਾਜ ਵਿਚ 16 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾ ਰਹੇ ਹਨ। ਉਹਨਾਂ ਨੇ ਪਬਲਿਕ ਕਾਲਜ ਵਿੱਚ ਕਰਵਾਏ ਜਾ ਰਹੇ ਇਸ ਮੇਲੇ ਲਈ ਕਾਲਜ ਨੂੰ ਵਧਾਈ ਦਿੱਤੀ ਤੇ ਭਰੋਸਾ ਦਿੱਤਾ ਕਿ ਜਿੰਨੀ ਛੇਤੀ ਸੰਭਵ ਹੋ ਸਕਿਆ ਇਸ ਕਾਲਜ ਨੂੰ ਸਰਕਾਰੀ ਕਾਲਜ ਦਾ ਦਰਜ਼ਾ ਦਿਵਾਇਆ ਜਾਵੇਗਾ। ਕਾਲਜ ਪ੍ਰਿੰਸੀਪਲ ਡਾ.ਜਤਿੰਦਰ ਦੇਵ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਯੁਵਕ ਮੇਲਿਆਂ ਵਿੱਚ ਵਿਦਿਆਰਥੀਆਂ ਦੇ ਘੱਟ ਰਹੇ ਰੁਝਾਨ ਬਾਰੇ ਚਿੰਤਾ ਪ੍ਰਗਟ ਕੀਤੀ ਤੇ ਇਸੇ ਰੁਝਾਨ ਨੂੰ ਪ੍ਰਫੁਲਤ ਕਰਨ ਲਈ ਮੰਤਰੀ ਸਾਹਿਬ ਨੂੰ ਬੇਨਤੀ ਵੀ ਕੀਤੀ। ਇਸ ਦੌਰਾਨ ਵਿਦਿਆਰਥੀਆਂ ਦੀਆਂ ਪ੍ਰਤਿਭਾਵਾਂ ਦਾ ਪ੍ਰਗਟਾਵਾ ਕਰਦੀਆਂ ਤੇ ਕਾਲਜ ਵਿੱਚ ਬਣਾਈਆਂ ਗਈਆਂ ਤਿੰਨ ਸਟੇਜਾਂ ਉੱਪਰ ਵੱਖੋ-ਵੱਖਰੇ ਰੰਗ ਵੇਖਣ ਨੂੰ ਮਿਲੇ। ਜਿਸ ਵਿਚ ਥੀਏਟਰ ਦੀਆਂ ਆਈਟਮਾਂ ਇਕਾਂਗੀ ਨਾਟਕ, ਮਿਮਿਕਰੀ ਨੇ ਸਭ ਦਾ ਧਿਆਨ ਖਿੱਚਿਆ ਉਥੇ ਲੋਕ ਗੀਤ, ਲੋਕ ਸਾਜ਼ ਤੇ ਫੋਕ ਆਰਕੈਸਟਰਾਂ ਨੇ ਕਾਲਜ ਦੇ ਮਾਹੌਲ ਨੂੰ ਹੋਰ ਝੂੰਮਣ ਲਾ ਦਿੱਤਾ। ਸਾਹਿਤਕ ਵੰਨਗੀਆਂ ਵਿੱਚ ਵਾਦ ਵਿਵਾਦ, ਭਾਸ਼ਣ ਕਲਾ ਤੇ ਕਾਵਿ ਉਚਾਰਨ ਨੂੰ ਮਾਨਣ ਦਾ ਵੀ ਵੱਖਰਾ ਆਨੰਦ ਵੇਖਣ ਨੂੰ ਮਿਲਿਆ। ਹਰ ਵੰਨਗੀ ਨੂੰ ਬੜੀ ਨੀਝ ਨਾਲ ਵੇਖਦਿਆਂ ਜੱਜਾਂ ਨੇ ਅਪਣਾ ਨਿਰਣਾ ਵੀ ਨਿਰਪੱਖ ਹੋ ਕੇ ਦਿੱਤਾ। ਦੂਜੇ ਦਿਨ ਕਰਵਾਏ ਗਏ ਮੁਕਾਬਲਿਆਂ ਅਨੁਸਾਰ ਲੁੱਡੀ ਲੋਕ ਨਾਚ ਲੜਕੀਆਂ ਵਿੱਚ ਪਹਿਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੂਜਾ ਸਰਕਾਰੀ ਮਹਿੰਦਰਾ ਕਾਲਜ, ਝੁੰਮਰ ਲੋਕ ਨਾਚ ਲੜਕੇ ਵਿੱਚ ਪਹਿਲਾ ਸਰਕਾਰੀ ਮਹਿੰਦਰਾ ਕਾਲਜ ਦੂਜਾ ਖਾਲਸਾ ਕਾਲਜ ਪਟਿਆਲਾ,ਭੰਡ ਵਿੱਚ ਪਹਿਲਾ ਖ਼ਾਲਸਾ ਕਾਲਜ ਪਟਿਆਲਾ ਦੂਜਾ ਪਬਲਿਕ ਸਕੂਲ ਸਮਾਣਾ, ਨੁੱਕੜ ਨਾਟਕ ਵਿੱਚ ਪਹਿਲਾ ਸਰਕਾਰੀ ਮਹਿੰਦਰਾ ਕਾਲਜ ਦੂਜਾ ਖ਼ਾਲਸਾ ਕਾਲਜ ਪਟਿਆਲਾ,ਪੰਜਾਬੀ ਲੋਕਧਾਰਾ ਤੇ ਸਭਿਆਚਾਰ ਲਘੂ ਫਿਲਮ ਵਿੱਚ ਪਹਿਲਾ ਪਬਲਿਕ ਕਾਲਜ ਸਮਾਣਾ ਦੂਜਾ ਖ਼ਾਲਸਾ ਕਾਲਜ ਪਟਿਆਲਾ,ਪੱਛਮੀ ਸਾਜ਼ ( ਏਕਲ) ਵਿੱਚ ਪਹਿਲਾ ਖਾਲਸਾ ਕਾਲਜ ਪਟਿਆਲਾ ਦੂਜਾ ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ਪਟਿਆਲਾ, ਪੱਛਮੀ ਸਮੂਹ ਗਾਇਨ ਵਿੱਚ ਪਹਿਲਾ ਖ਼ਾਲਸਾ ਕਾਲਜ ਪਟਿਆਲਾ ਦੂਜਾ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ,ਪੱਛਮੀ ਗਾਇਨ ( ਏਕਲ) ਵਿੱਚ ਪਹਿਲਾ ਖ਼ਾਲਸਾ ਕਾਲਜ ਪਟਿਆਲਾ ਦੂਜਾ ਸਰਕਾਰੀ ਮਹਿੰਦਰਾ ਕਾਲਜ, ਰੰਗੋਲੀ ਵਿਚ ਪਹਿਲਾ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਜ਼ ਕਾਲਜ ਕਰਹਾਲੀ ਸਾਹਿਬ ਦੂਜਾ ਸਰਕਾਰੀ ਮਹਿੰਦਰਾ ਕਾਲਜ,ਕਲੇਅ ਮੋਡਲਿੰਗ ਵਿਚ ਪਹਿਲਾ ਸਰਕਾਰੀ ਕਾਲਜ ਕੁੜੀਆਂ ਪਟਿਆਲਾ ਦੂਜਾ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ, ਮੌਕੇ 'ਤੇ ਚਿੱਤਰਕਾਰੀ ਵਿੱਚ ਪਹਿਲਾ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਦੂਜਾ ਯੂਨੀਵਰਸਿਟੀ ਕਾਲਜ ਘਨੌਰ,ਫੋਟੋਗ੍ਰਾਫੀ ਵਿੱਚ ਪਹਿਲਾ ਸਰਕਾਰੀ ਕਾਲਜ ਕੁੜੀਆਂ ਪਟਿਆਲਾ ਦੂਜਾ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਸਰਕਾਰੀ ਕਾਲਜ ਕੁੜੀਆਂ ਪਟਿਆਲਾ, ਪੋਸਟਰ ਮੇਕਿੰਗ ਵਿੱਚ ਪਹਿਲਾ ਮੁਲਤਾਨੀ ਮੱਲ ਮੋਦੀ ਕਾਲਜ ਦੂਜਾ ਖਾਲਸਾ ਕਾਲਜ ਪਟਿਆਲਾ, ਕਾਰਟੂਨਿੰਗ ਵਿੱਚ ਪਹਿਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੂਜਾ ਸਰਕਾਰੀ ਮਹਿੰਦਰਾ ਕਾਲਜ, ਕਲਾਜ ਬਨਾਉਣ ਵਿੱਚ ਪਹਿਲਾ ਸਰਕਾਰੀ ਕਾਲਜ ਕੁੜੀਆਂ ਪਟਿਆਲਾ ਦੂਜਾ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਜ਼ ਕਾਲਜ ਕਰਹਾਲੀ ਸਾਹਿਬ, ਇੰਸਟਾਲੇਸ਼ਨ ਪਹਿਲਾ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੂਜਾ ਮਾਤਾ ਸਾਹਿਬ ਕੌਰ ਖਾਲਸਾ ਕਾਲਜ ਆਫ਼ ਐਜੂਕੇਸ਼ਨ ਧਾਮੋ ਮਾਜਰਾ ਪਟਿਆਲਾ ਨੇ ਪ੍ਰਾਪਤ ਕੀਤਾ।
ਇਸ ਮੌਕੇ ਗੁਰਦੀਪ ਸਿੰਘ ਟਿਵਾਣਾ, ਗੁਲਜ਼ਾਰ ਸਿੰਘ, ਮਦਨ ਮਿੱਤਲ, ਐਸ.ਡੀ.ਐਮ ਕਮ ਉਪ ਚੇਅਰਮੈਨ ਕਾਲਜ ਮਨੈਜਿੰਗ ਕਮੇਟੀ ਚਰਨਜੀਤ ਸਿੰਘ, ਸਕੱਤਰ ਇੰਦਰਜੀਤ ਵੜੈਚ, ਸਤਪਾਲ ਜੌਹਰੀ, ਡਾ. ਸ਼ਮਸ਼ੇਰ ਸਿੰਘ ਕਾਲਜ ਯੂਥ ਕੋਆਰਡੀਨੇਟਰ, ਪ੍ਰੋ ਰਤਨ ਕੁਮਾਰ, ਡਾ. ਹਰਕੀਰਤਨ ਕੌਰ, ਡਾ. ਹਰਕੀਰਤ ਸਿੰਘ, ਪ੍ਰੋਫੈਸਰ ਹਰਪ੍ਰੀਤ ਕੌਰ ਆਦਿ ਵੀ ਮੌਜੂਦ ਸਨ।