
ਚੰਡੀਗੜ੍ਹ, 1 ਮਾਰਚ 2025 : ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਤੇ ਠੱਲ ਪਾਉਣ ਲਈ ਕਾਰਵਾਈ ਕਰਨ ਦੀਆ ਹਦਾਇਤਾਂ ਤੋਂ ਬਾਅਦ ਵੱਖ-ਵੱਖ ਜਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਦੀਆਂ ਕਾਰਵਾਈਆਂ ਵੀ ਤੇਜ਼ ਹੋ ਗਈਆਂ ਹਨ। ਪੰਜਾਬ ਵਿੱਚੋਂ ਨਸ਼ੇ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ ਤੇ ਕਾਸੋਂ ਆਪਰੇਸ਼ਨ ਚਲਾਏ ਜਾ ਰਹੇ ਹਨ। ਨਸ਼ਿਆਂ ਦੇ ਸਮਗਲਰ ਅਤੇ ਸਪਲਾਇਰ, ਜੋ ਅਪਰੇਸ਼ਨਾਂ ਦੌਰਾਨ ਗ੍ਰਿਫ਼ਤਾਰ ਕੀਤੇ ਜਾਣਗੇ, ਉਨ੍ਹਾਂ ਨੂੰ ਮਿਲ ਰਹੀਆਂ ਮੁਫ਼ਤ ਸਰਕਾਰੀ ਸੇਵਾਵਾਂ ਅਤੇ ਸਹੂਲਤਾਂ ਬੰਦ ਕੀਤੀਆਂ ਜਾਣਗੀਆਂ। ਰੂਪਨਗਰ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਇਹ ਪ੍ਰਸਤਾਵ ਹੋਣ ਵਾਲੀ ਮੰਜ਼ੂਰੀ ਲਈ ਪੰਜਾਬ ਸਰਕਾਰ ਅੱਗੇ ਪੇਸ਼ ਕੀਤਾ ਜਾਵੇਗਾ। ਗੌਰਤਲਬ ਹੈ ਕਿ ਪੰਜਾਬ ਪੁਲਿਸ ਪਹਿਲਾਂ ਹੀ ਨਸ਼ਾ ਸਮਗਲਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਚੁੱਕੀ ਹੈ, ਜਿਸ ਤਹਿਤ ਉਨ੍ਹਾਂ ਦੀਆਂ ਗੈਰਕਾਨੂੰਨੀ ਜਾਇਦਾਦਾਂ ਨੂੰ ਬੁਲਡੋਜ਼ ਕੀਤਾ ਜਾ ਰਿਹਾ ਹੈ। ਇਹ ਕਦਮ ਰਾਜ ਵਿੱਚ ਨਸ਼ਾ ਮਾਫ਼ੀਆ ਖ਼ਿਲਾਫ਼ ਤੀਬਰ ਮਸ਼ਕਤ ਦਾ ਹਿੱਸਾ ਹੈ।
ਜਲੰਧਰ ਪੁਲਿਸ ਵਲੋਂ 11 ਥਾਵਾਂ 'ਤੇ ਨਸ਼ਿਆਂ ਵਿਰੁੱਧ ਛਾਪੇਮਾਰੀ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਅੱਜ 11 ਥਾਵਾਂ 'ਤੇ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ, ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਅਤੇ ਸੰਯੁਕਤ ਕਮਿਸ਼ਨਰ ਸੰਦੀਪ ਸ਼ਰਮਾ ਦੀ ਅਗਵਾਈ ਹੇਠ ਭਾਰਗਵ ਕੈਂਪ ਵਿਖੇ ਛਾਪੇਮਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਮਿਸ਼ਨਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਧਨਪ੍ਰੀਤ ਕੌਰ ਨੇ ਪੱਛਮੀ ਹਲਕੇ ਵਿੱਚ ਨਸ਼ਿਆਂ ਵਿਰੁੱਧ ਕਾਰਵਾਈ ਕੀਤੀ, ਇਹ ਕਾਰਵਾਈ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸੀਪੀ ਧਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ 11 ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਤਸਕਰਾਂ ਤੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਸੰਬੰਧੀ ਜਾਣਕਾਰੀ ਸ਼ਾਮ 4 ਵਜੇ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਹਮਲਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ 'ਤੇ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਤਸਕਰਾਂ ਵਿਰੁੱਧ ਵੱਧ ਤੋਂ ਵੱਧ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਹ ਇੱਕ ਦਿਨ ਤੱਕ ਸੀਮਤ ਨਹੀਂ ਰਹੇਗਾ, ਸਗੋਂ ਇਹ ਕਾਰਵਾਈ ਰੋਜ਼ਾਨਾ ਕੀਤੀ ਜਾਵੇਗੀ। ਇਸ ਮੁਹਿੰਮ ਵਿੱਚ, 5 ਐਸਪੀ ਰੈਂਕ ਦੇ ਅਧਿਕਾਰੀ ਆਪਣੇ-ਆਪਣੇ ਖੇਤਰਾਂ ਵਿੱਚ ਪੁਲਿਸ ਟੀਮਾਂ ਨਾਲ ਕਾਰਵਾਈ ਕਰ ਰਹੇ ਹਨ। ਇਸ ਦੇ ਨਾਲ ਹੀ, ਤਸਕਰਾਂ ਦੀ ਸਪਲਾਈ ਲਾਈਨ ਨੂੰ ਰੋਕਣ ਲਈ, ਸੀਪੀ ਨੇ ਕਿਹਾ ਕਿ ਛੋਟੇ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਵੱਡੇ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪੱਛਮੀ ਹਲਕੇ ਵਿੱਚ ਨਸ਼ਿਆਂ ਨੂੰ ਲੈ ਕੇ ਲੋਕਾਂ ਵਿੱਚ ਗੁੱਸਾ ਭਰਿਆ ਹੋਇਆ ਹੈ। ਪਰ ਅੱਜ ਪੁਲਿਸ ਨੇ ਛਾਪਾ ਮਾਰਿਆ, ਪਰ ਖ਼ਬਰ ਲਿਖੇ ਜਾਣ ਤੱਕ ਪੁਲਿਸ ਨੇ ਕੋਈ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਨਹੀਂ ਕੀਤੇ। ਸੂਤਰਾਂ ਦਾ ਕਹਿਣਾ ਹੈ ਕਿ ਤਸਕਰਾਂ ਨੂੰ ਪੁਲਿਸ ਛਾਪੇਮਾਰੀ ਬਾਰੇ ਪਹਿਲਾਂ ਹੀ ਜਾਣਕਾਰੀ ਮਿਲ ਗਈ ਸੀ। ਜਿਸ ਕਾਰਨ ਤਸਕਰ ਮੌਕੇ ਤੋਂ ਪਹਿਲਾਂ ਹੀ ਭੱਜ ਗਏ ਸਨ ਅਤੇ ਨਸ਼ੀਲੇ ਪਦਾਰਥ ਵੀ ਪਹਿਲਾਂ ਹੀ ਲੁਕਾਏ ਹੋਏ ਸਨ। ਇਹੀ ਕਾਰਨ ਹੈ ਕਿ ਇਸ ਵਾਰ ਵੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ।
ਨਸ਼ਿਆ ਖਿਲਾਫ ਫੈਸਲਾਕੁੰਨ ਲੜਾਈ ਆਰੰਭ : ਆਈਜੀ ਬਲਜੋਤ ਸਿੰਘ ਰਾਠੌੜ
ਮਾੜੇ ਅਨਸਰਾਂ ਨੂੰ ਬਖਸਿਆ ਨਹੀਂ ਜਾਵੇਗਾ : ਐਸਐਸਪੀ ਵਰਿੰਦਰ ਸਿੰਘ ਬਰਾੜ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਡੀਜੀਪੀ ਸ੍ਰੀ ਗੌਰਵ ਯਾਦਵ ਤੇ ਨਿਰਦੇਸ਼ਾਂ ਅਨੁਸਾਰ ਫਾਜ਼ਿਲਕਾ ਜ਼ਿਲੇ ਦੇ 13 ਥਾਣਿਆਂ ਦੀ ਪੁਲਿਸ ਵੱਲੋਂ ਅੱਜ ਨਸ਼ੇ ਦੇ ਕਾਲੇ ਕਾਰੋਬਾਰ ਦਾ ਲੱਕ ਤੋੜਨ ਲਈ ਸੱਕੀ ਥਾਂਵਾਂ ਤੇ ਇੱਕ ਵਿਸ਼ੇਸ਼ ਤਲਾਸੀ ਅਭਿਆਨ ਚਲਾਇਆ ਗਿਆ। ਇਸ ਦੀ ਨਿਗਰਾਨੀ ਲਈ ਸ੍ਰੀ ਬਲਜੋਤ ਸਿੰਘ ਰਾਠੌੜ ਆਈਪੀਐਸ ਆਈਜੀ ਜੀਆਰਪੀ ਪਟਿਆਲਾ ਵਿਸ਼ੇਸ਼ ਤੌਰ ਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਪਹੁੰਚੇ। ਜ਼ਿਲ੍ਹੇ ਦੇ ਐਸਐਸਪੀ ਸ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ 2 ਐਸਪੀ, 4 ਡੀਐਸਪੀ ਅਤੇ 13 ਥਾਣਾ ਮੁਖੀਆਂ ਨੇ ਵੱਡੀ ਪੁਲਿਸ ਫੋਰਸ ਨਾਲ ਜ਼ਿਲ੍ਹੇ ਵਿੱਚ ਦਰਜਨਾਂ ਥਾਵਾਂ ਤੇ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ। ਇਸ ਦੌਰਾਨ ਆਈਜੀ ਸ਼੍ਰੀ ਬਲਜੋਤ ਸਿੰਘ ਰਾਠੋੜ ਅਤੇ ਐਸਐਸਪੀ ਸ੍ਰੀ ਵਰਿੰਦਰ ਸਿੰਘ ਬਰਾੜ ਵੱਲੋਂ ਫਾਜ਼ਿਲਕਾ ਅਤੇ ਜਲਾਲਾਬਾਦ ਇਲਾਕੇ ਵਿੱਚ ਚੱਲ ਰਹੀ ਇਸ ਮੁਹਿੰਮ ਦਾ ਮੌਕੇ ਤੇ ਜਾ ਕੇ ਜਾਇਜ਼ਾ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈਜੀ ਸ਼੍ਰੀ ਬਲਜੋਤ ਸਿੰਘ ਰਾਠੌੜ ਆਈਪੀਐਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਫੈਸਲਾ-ਕੁੰਨ ਲੜਾਈ ਵਿੱਢੀ ਗਈ ਹੈ ਅਤੇ ਪੰਜਾਬ ਪੁਲਿਸ ਇਹ ਯਕੀਨੀ ਬਣਾਏਗੀ ਕਿ ਨਸ਼ੇ ਦੀ ਤਸਕਰੀ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਉਨਾਂ ਨੇ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਹਨਾਂ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਕਿਸੇ ਵੀ ਮਾੜੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ ਦੀ ਅਲਾਮਤ ਨੂੰ ਖਤਮ ਕਰਨ ਲਈ ਪੁਲਿਸ ਵੱਲੋਂ ਵਿਆਪਕ ਅਭਿਆਨ ਵਿਢਿੱਆ ਗਿਆ ਹੈ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਨਸ਼ਾ ਤਸਕਰ ਜਿਲ੍ਹੇ ਵਿੱਚ ਨਾ ਰਹੇ। ਨਸ਼ੇ ਤੋਂ ਪੀੜਤ ਲੋਕ ਇਲਾਜ ਕਰਵਾਉਣ ਇਸ ਮੌਕੇ ਗੱਲਬਾਤ ਕਰਦਿਆਂ ਆਈਜੀ ਸ਼੍ਰੀ ਬਲਜੋਤ ਸਿੰਘ ਰਾਠੌੜ ਨੇ ਕਿਹਾ ਕਿ ਜੇਕਰ ਕੋਈ ਨੌਜਵਾਨ ਨਸ਼ੇ ਦੀ ਲੱਤ ਤੋਂ ਪੀੜਿਤ ਹੈ ਅਤੇ ਨਸ਼ਾ ਕਰਦਾ ਹੈ ਤਾਂ ਉਹ ਨਸ਼ਾ ਮੁਕਤੀ ਕੇਂਦਰਾਂ ਵਿਖੇ ਪਹੁੰਚ ਕੇ ਆਪਣਾ ਇਲਾਜ ਕਰਵਾਏ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਇਲਾਜ ਮੁਫਤ ਕੀਤਾ ਜਾਂਦਾ ਹੈ ਅਤੇ ਅਜਿਹੇ ਲੋਕਾਂ ਦੀ ਪਹਿਚਾਣ ਵੀ ਗੁਪਤ ਰੱਖੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਏਗਾ ਕਿ ਨਸ਼ੇ ਦੀ ਕਿਧਰੋਂ ਵੀ ਸਪਲਾਈ ਨਾ ਹੋਵੇ, ਇਸ ਲਈ ਜੇਕਰ ਕੋਈ ਨਸ਼ਾ ਕਰਦਾ ਹੈ ਤਾਂ ਉਹ ਛੇਤੀ ਤੋਂ ਛੇਤੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਪਹੁੰਚ ਕੇ ਆਪਣਾ ਨਸ਼ਾ ਛੱਡਣ ਦਾ ਇਲਾਜ ਕਰਵਾ ਲਵੇ। ਇਸ ਮੌਕੇ ਐਸਐਸਪੀ ਸ੍ਰੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਇਸ ਯੁੱਧ ਵਿਚ ਲੋਕ ਭਾਗੀਦਾਰੀ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਇਲਾਕੇ ਵਿਚ ਕੋਈ ਨਸ਼ਾ ਵੇਚਦਾ ਹੈ ਤਾਂ ਲੋਕ ਬੇਝਿਜਕ ਉਸਦੀ ਸੂਚਨਾ ਪੁਲਿਸ ਨੂੰ ਦੇਣ। ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖਦੇ ਹੋਏ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਆਪਣੇ ਬੱਚਿਆਂ ਨਾਲ ਖੁੱਲ ਕੇ ਗਲਬਾਤ ਕਰਨ ਅਤੇ ਆਪਣੇ ਬੱਚਿਆਂ ਦੀ ਸਖ਼ਸੀਅਤ ਉਸਾਰੀ ਲਈ ਲਗਾਤਾਰ ਉਨ੍ਹਾਂ ਨੂੰ ਚੰਗੇ ਲਈ ਪ੍ਰੇਰਿਤ ਕਰਦੇ ਰਹਿਣ ਤਾਂ ਜੋ ਸਾਡੇ ਬੱਚਿਆਂ ਨੂੰ ਨਸ਼ੇ ਦੀ ਦਲਦਲ ਵਿਚ ਜਾਣ ਤੋਂ ਰੋਕਿਆ ਜਾ ਸਕੇ।
20 ਕਰੋੜ ਰੁਪਏ ਤੋਂ ਵੱਧ ਦੀ ਨਾਜਾਇਜ਼ ਜਾਇਦਾਦ ਨੂੰ ਫਰੀਜ਼ ਕੀਤਾ ਜਾ ਚੁੱਕਾ ਹੈ : ਐਸਐਸਪੀ
ਹੁਸ਼ਿਆਰਪੁਰ ਪੁਲਿਸ ਵਲੋਂ ਜ਼ਿਲ੍ਹੇ ਭਰ ਵਿਚ ਕਾਸੋ ਓਪਰੇਸ਼ਨ ਦੀ ਸ਼ੁਰੂਆਤ ਸਥਾਨਕ ਪੁਲਿਸ ਸਟੇਸ਼ਨ ਤੋਂ ਕੀਤੀ ਗਈ ਜਿਸ ਦੀ ਅਗਵਾਈ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਕੀਤੀ। ਸਿਟੀ ਪੁਲਿਸ ਸਟੇਸ਼ਨ ਤੋਂ ਘੰਟਾ ਘਰ ਇਲਾਕੇ ਵਿਚ ਕਾਸੋ ਓਪਰੇਸ਼ਨ ਚਲਾਉਂਦਿਆਂ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਨਸ਼ਾ ਸਮਗਲਰਾਂ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਪੂਰੀ ਸਖਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਪੁਲਿਸ ਵਲੋਂ ਪਿਛਲੇ ਸਮਿਆਂ ਦੌਰਾਨ ਨਸ਼ਾ ਸਮਗਲਰਾਂ ਦੀ ਨਸ਼ੇ ਵੇਚ ਕੇ ਬਣਾਈ ਗਈ 20 ਕਰੋੜ ਰੁਪਏ ਤੋਂ ਵੱਧ ਦੀ ਨਾਜਾਇਜ਼ ਜਾਇਦਾਦ ਨੂੰ ਫਰੀਜ਼ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਨਸ਼ਿਆਂ ਦੇ ਸੋਦਾਗਰਾਂ ਖਿਲਾਫ਼ ਪੂਰੀ ਸਖਤੀ ਵਰਤੀ ਜਾਵੇਗੀ।
ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਜਾਇਦਾਦਾਂ ਨੂੰ ਜਬਤ ਕੀਤਾ ਜਾਵੇਗਾ ਤੇ ਅਣ ਅਧਿਕਾਰਿਤ ਕੀਤੀ ਉਸਾਰੀ ਨੂੰ ਢਾਹਿਆ ਜਾਵੇਗਾ : ਏਡੀਜੀਪੀ ਪਰਮਾਰ
ਜਿਲ੍ਹਾ ਰੂਪਨਗਰ ਅੰਦਰ ਪੈਦੇ ਸਾਰੇ ਥਾਣਿਆਂ ਦੇ ਏਰੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਵਾਲੇ ਸੰਵੇਦਨਸ਼ੀਲ ਸਥਾਨਾਂ ਉਤੇ ਸਪੈਸਲ "ਕਾਰਡਨ ਐਂਡ ਸਰਚ ਓਪਰੇਸ਼ਨ" (ਕੈਸੋ) ਚਲਾਇਆ ਜਾ ਰਿਹਾ ਹੈ। ਜਿਸ ਅਧੀਨ ਨਸ਼ੇ ਦੇ ਸੌਦਾਗਰਾਂ ਸਮੇਤ ਹਰ ਸ਼ੱਕੀ ਅਤੇ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਏਡੀਜੀਪੀ ਕਾਨੂੰਨ ਤੇ ਵਿਵਸਥਾ, ਐਸਪੀਐਸ ਪਰਮਾਰ ਨੇ ਅੱਜ ਕੈਸੋ ਓਪਰੇਸ਼ਨ ਦੀ ਅਗਵਾਈ ਕਰਦਿਆਂ ਰੂਪਨਗਰ ਪੁਲਿਸ ਨੂੰ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੇ ਹੁਕਮ ਦਿੱਤੇ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼੍ਰੀ ਪਰਮਾਰ ਨੇ ਕਿਹਾ ਕਿ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਕੀਤੀ ਹੋਈ ਕਮਾਈ ਦੁਆਰਾ ਬਣਾਈ ਗਈ ਜਾਇਦਾਦ ਦੀ ਸ਼ਨਾਖਤ ਕਰਕੇ ਉਸ ਨੂੰ ਕਾਨੂੰਨ ਅਨੁਸਾਰ ਜਬਤ ਕੀਤਾ ਜਾਵੇਗਾ। ਉਹਨਾਂ ਵੱਲੋ ਅਣ-ਅਧਿਕਾਰਿਤ ਕੀਤੀ ਉਸਾਰੀ ਨੂੰ ਢਾਹਿਆ ਜਾਵੇਗਾ। ਏ.ਡੀ.ਜੀ.ਪੀ ਨੇ ਕਿਹਾ ਕਿ ਰੂਪਨਗਰ ਪੁਲਿਸ ਵਲੋਂ ਨਸ਼ਾ ਵੇਚਣ ਦੇ ਕਾਰੋਬਾਰ ਵਿਚ ਸ਼ਾਮਿਲ ਵਿਅਕਤੀਆਂ ਖਿਲਾਫ ਜੰਗੀ ਪੱਧਰ ਉਤੇ ਮੁਹਿੰਮ ਛੇੜੀ ਹੈ ਜਿਸ ਤਹਿਤ 01 ਜਨਵਰੀ, 2025 ਤੋਂ 28 ਫਰਵਰੀ, 2025 ਤੱਕ 36 ਮੁਕੱਦਮੇ ਦਰਜ ਰਜਿਸਟਰ ਕਰਕੇ 55 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਪਾਸੋਂ 246 ਗ੍ਰਾਮ ਹੈਰੋਇਨ, 01 ਕਿਲੇ 725 ਗ੍ਰਾਮ ਅਫੀਮ, 999 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ, 44 ਨਸ਼ੀਲੇ ਟੀਕੇ, 324 ਨਸ਼ੀਲੇ ਕੈਪਸੂਲ, 80 ਨਸ਼ੀਲੀਆਂ ਗੋਲੀਆਂ ਅਤੇ 7250/- ਰੁਪਏ ਡਰੰਗ ਮਨੀ ਰਿਕਵਰ ਕੀਤੀ ਗਈ ਹੈ। ਸ਼੍ਰੀ ਪਰਮਾਰ ਨੇ ਕੈਸੋ ਓਪਰੇਸ਼ਨ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿਚ ਚਲਾਏ ਜਾ ਰਹੇ ਇਸ "ਕਾਰਡਨ ਐਂਡ ਸਰਚ ਓਪਰੇਸ਼ਨ" ਵਿੱਚ 03 ਐਸ.ਪੀਜ. 10 ਡੀ.ਐਸ.ਪੀ. 10 ਇੰਸਪੈਕਟਰ ਅਤੇ 225 ਦੇ ਕਰੀਬ ਪੁਲਿਸ ਮੁਲਾਜਮ ਲਗਾਏ ਗਏ। ਐਸ.ਪੀ. ਅਤੇ ਡੀ.ਐਸ.ਪੀ ਅਧੀਨ ਪੁਲਿਸ ਟੀਮਾਂ ਬਣਾ ਕੇ ਜ਼ਿਲ੍ਹੇ ਦੇ ਬਾਰਡਰ ਏਰੀਆ ਤੋਂ ਲੈਕੇ ਅੰਦਰੂਨੀ ਇਲਾਕਿਆਂ ਵਿਚ ਨਾਕਾਬੰਦੀ ਕਰਕੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਨਸ਼ਾ ਤਸਕਰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨਾ ਜਾ ਸਕੇ। ਇਸ ਮੌਕੇ ਰੂਪਨਗਰ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਸਾਲ-2024 ਵਿੱਚ ਜਿਲ੍ਹਾ ਰੂਪਨਗਰ ਵਿਚ 15 "ਕਾਰਡਨ ਐਂਡ ਸਰਚ ਓਪਰੇਸ਼ਨ” ਚਲਾਏ ਗਏ ਸਨ। ਜਿਸ ਦੌਰਾਨ ਨਸ਼ੇ ਦੇ ਤਸਕਰਾਂ ਖਿਲਾਫ 29 ਮੁਕੱਦਮੇ ਦਰਜ ਕਰਕੇ 33 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹਨਾਂ ਗ੍ਰਿਫਤਾਰ ਕੀਤੇ ਵਿਅਕਤੀਆਂ ਪਾਸੋ 108 ਗ੍ਰਾਮ ਹੈਰੋਇਨ, 266 ਗ੍ਰਾਮ ਨਸ਼ੀਲਾ ਪਾਊਡਰ, 07 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ, 14 ਨਸ਼ੀਲੇ ਟੀਕੇ, 25 ਨਸ਼ੀਲੀਆਂ ਗੋਲੀਆਂ, 1600 ਲੀਟਰ ਲਾਹਣ, 34.5 ਲੀਟਰ ਸ਼ਰਾਬ ਨਜਾਇਜ, 02 ਚੋਰੀ ਦੇ ਮੋਟਰ ਸਾਈਕਲ ਅਤੇ 1,20,000/ ਰੁਪਏ ਦੇ ਕਰੀਬ ਕੈਸ਼ ਬਰਾਮਦ ਕੀਤਾ ਗਿਆ ਸੀ। ਐਸ.ਐਸ.ਪੀ ਨੇ ਕਿਹਾ ਕਿ ਜਿਲ੍ਹਾ ਪੁਲਿਸ ਰੂਪਨਗਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਆਉਣ ਵਾਲੇ ਵਿੱਚ ਵੀ ਇਸੇ ਤਰ੍ਹਾਂ ਕਾਰਵਾਈ ਜਾਰੀ ਰਹੇਗੀ। ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ ਅਤੇ ਕਾਨੂੰਨ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਸੂਚਨਾ ਸੇਫ ਪੰਜਾਬ ਐਂਟੀ ਡਰੱਗ ਹੈਲਪਲਾਇਨ ਨੰਬਰ 97791-00200 (ਵਟਸਐਪ ਚੈਟਬੋਟ) ਜਾਂ ਜ਼ਿਲ੍ਹਾ ਪੁਲਿਸ ਦੇ ਨੰਬਰਾਂ ਤੇ ਸਾਂਝੀ ਕੀਤੀ ਜਾਵੇ। ਜਾਣਕਾਰੀ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।
ਨਸ਼ਿਆਂ ਦੇ ਖਾਤਮੇ ਲਈ “ਯੁੱਧ ਨਸ਼ੇ ਵਿਰੁੱਧ “ ਮੁਹਿੰਮ ਤਹਿਤ ਛਾਪੇਮਾਰੀ ਕੀਤੀ ਗਈ।
ਨਸ਼ਿਆਂ ਦੇ ਖਾਤਮੇ ਲਈ “ਯੁੱਧ ਨਸ਼ੇ ਵਿਰੁੱਧ “ ਮੁਹਿੰਮ ਤਹਿਤ ਕਪੂਰਥਲਾ ਪੁਲਿਸ ਵੱਲੋਂ ਅੱਜ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਦੇ ਨਾਲ ਕਪੂਰਥਲਾ ਦੇ ਨਸ਼ਾ ਪ੍ਰਭਾਵਿਤ ਖੇਤਰਾਂ ਅੰਦਰ ਛਾਪੇਮਾਰੀ ਕੀਤੀ ਗਈ। ਐਸ ਐਸ ਪੀ ਕਪੂਰਥਲਾ ਸ੍ਰੀ ਗੌਰਵ ਤੂਰਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਡੀ ਜੀ ਪੀ ਸ੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ ਹੇਠ ਕਪੂਰਥਲਾ ਪੁਲਿਸ ਵੱਲੋਂ ਕਪੂਰਥਲਾ, ਫਗਵਾੜਾ ਦੇ ਨਸ਼ਾ ਪ੍ਰਭਾਵਿਤ ਇਲਾਕਿਆਂ ਅੰਦਰ ਛਾਪੇਮਾਰੀ ਕਰਕੇ ਸ਼ੱਕੀ ਵਿਅਕਤੀਆਂ ਤੋਂ ਪੁੱਛ-ਗਿੱਛ ਕੀਤੀ ਗਈ ਉੱਥੇ ਹੀ ਵਾਹਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਪੂਰਥਲਾ ਸ਼ਹਿਰ ਵਿਖੇ ਵੱਖ ਵੱਖ ਮੁਹੱਲਿਆਂ ਵਿੱਚ ਪੁਲਿਸ ਵੱਲੋਂ ਐਸ ਪੀਜ ਤੇ ਡੀ ਐਸ ਪੀਜ ਦੀ ਅਗਵਾਈ ਹੇਠ ਸ਼ੱਕੀਆਂ ਦੀ ਤਲਾਸ਼ੀ ਦੇ ਨਾਲ-ਨਾਲ ਪੁਲਿਸ ਵੱਲੋਂ ਮਹੱਤਵਪੂਰਨ ਥਾਵਾਂ ਵਿਖੇ ਵੀ ਜਾਂਚ ਕੀਤੀ ਜਾ ਰਹੀ ਹੈ।
ਨਸ਼ਿਆਂ ਦੀ ਰੋਕਥਾਮ ਲਈ ਪੁਲਿਸ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਚਲਾਇਆ ਗਿਆ ਤਲਾਸ਼ੀ ਅਭਿਆਨ
“ਯੁੱਧ ਨਸ਼ੇ ਵਿਰੁੱਧ” ਅਪਰੇਸ਼ਨ ਤਹਿਤ ਜਿ਼ਲ੍ਹੇ ਵਿੱਚ ਕੀਤੇ 16 ਪਰਚੇ ਦਰਜ
ਨਸ਼ੇ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸਿ਼ਆਂ ਜਾਵੇਗਾ
ਸ੍ਰੀ ਮੁਕਤਸਰ ਸਾਹਿਬ 1 ਮਾਰਚ 2025 : ਪੰਜਾਬ ਸਰਕਾਰ ਵਲੋਂ ਨਸਿ਼ਆਂ ਦੀ ਰੋਕਥਾਮ ਕਰਨ ਲਈ “ਯੁੱਧ ਨਸਿ਼ਆਂ ਵਿਰੁੱਧ” ਮੁਹਿੰਮ ਤਹਿਤ ਸਖਤ ਕਦਮ ਚੁੱਕੇ ਜਾ ਰਹੇ ਹਨ, ਇਹ ਜਾਣਕਾਰੀ ਸ੍ਰੀ ਬਾਬੂ ਲਾਲ ਮੀਨਾ ਆਈ.ਜੀ. (ਇੰਟੈਲੀਜੈਂਸ) ਨੇ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਵਿੱਚ ਪੁਲਿਸ ਵਿਭਾਗ ਵਲੋਂ ਵੱਖ—ਵੱਖ ਥਾਵਾਂ ਤੇ ਚਲਾਇਆ ਜਾ ਰਿਹਾ ਸਰਚ ਅਭਿਆਨ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਹਨਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ੇ ਵੇਚਣ ਨੂੰ ਕਿਸੇ ਵੀ ਕੀਮਤ ਤੇ ਬਖਸਿ਼ਆਂ ਨਹੀਂ ਜਾਵੇਗਾ। ਉਹਨਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੀ ਤਿੰਨ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿੱਚ ਦੋ—ਦੋ ਥਾਵਾਂ ਤੇ ਪੁਲਿਸ ਵਲੋਂ ਨਸਿ਼ਆਂ ਦੀ ਭਾਲ ਕੀਤੀ ਜਾ ਰਹੀ ਹੈ। ਉਹਨਾਂ ਅੱਗੇ ਦੱਸਿਆ ਕਿ ਸਮੁੱਚੇ ਸਰਚ ਅਭਿਆਨ ਦੌਰਾਨ 3 ਐਸ.ਪੀ.,4 ਡੀ.ਐਸ.ਪੀ., 11 ਐਸ.ਐਚ.ਓ ਦੀ ਅਗਵਾਈ ਵਿੱਚ 350 ਪੁਲਿਸ ਕਰਮਚਾਰੀਆਂ ਵਲੋਂ ਗਿੱਦੜਬਾਹਾ ਸਬ ਡਵੀਜਨ ਦੇ ਬੈਂਟਾਬਾਦ ਏਰੀਆ, ਅੰਬੇਦਕਰ ਨਗਰ, ਸ੍ਰੀ ਮੁਕਤਸਰ ਸਾਹਿਬ ਦੇ ਗੋਨਿਆਣਾ ਰੋਡ, ਗਾਂਧੀ ਬਸਤੀ, ਲੰਬੀ ਥਾਨੇ ਅਧੀਨ ਪੈਂਦੇ ਪਿੰਡ ਚੰਨੂ ਅਤੇ ਮਿੱਡਾ, ਲੱਖੇਵਾਲੀ ਅਤੇ ਸਦਰ ਮਲੋਟ ਵਿੱਚ ਅਬੁਲ ਖੁਰਾਣਾ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਮੌਕੇ ਤੇ ਸ੍ਰੀ ਅਖਿਲ ਚੌਧਰੀ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿ਼ਲ੍ਹੇ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਬਖਸਿ਼ਆਂ ਨਹੀਂ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਅੱਗੇ ਦੱਸਿਆ ਕਿ “ ਯੁੱਧ ਨਸ਼ੇ ਵਿਰੁੱਧ” ਅਪਰੇਸ਼ਨ ਤਹਿਤ ਜਿ਼ਲ੍ਹੇ ਵਿੱਚ ਪਹਿਲੇ ਦਿਨ 16 ਪਰਚੇ ਦਰਜ ਕੀਤੇ ਗਏ ਅਤੇ 20 ਨਸ਼ੇ ਤਸਕਰ ਕਾਬੂ ਕੀਤੇ ਗਏ। ਇਸ ਸਰਚ ਅਭਿਆਨ ਤਹਿਤ ਪੁਲਿਸ ਨੇ 800 ਨਸ਼ੀਲੀਆਂ ਗੋਲੀਆਂ, 35 ਬੋਤਲਾਂ ਨਜਾਇਜ ਸ਼ਰਾਬ, 150 ਲੀਟਰ ਲਾਹਣ, 35 ਗ੍ਰਾਮ ਹੈਰੋਇਨ ਅਤੇ ਇੱਕ ਲੱਖ ਡਰੱਗ ਮਨੀ ਜਬਤ ਕੀਤੀ ਹੈ। ਉਹਨਾਂ ਅੱਗੇ ਕਿਹਾ ਕਿ ਜੇਕਰ ਕੋਈ ਨਸ਼ੇ ਵੇਚਣ ਵਾਲਿਆਂ ਸਬੰਧੀ ਜਾਣਕਾਰੀ ਦਿੰਦਾ ਹੈ, ਤਾਂ ਉਸਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ ਤਾਂ ਜੋ ਨੌਜਵਾਨਾਂ ਨੂੰ ਨਸ਼ੇ ਦੀ ਭੈੜੀ ਆਦਤ ਤੋਂ ਬਚਾਇਆ ਜਾ ਸਕੇ। ਉਹਨਾਂ ਅੱਗੇ ਦੱਸਿਆ ਕਿ ਲੋਕਾਂ ਨੂੰ ਨਸ਼ੇ ਵਰਗੀ ਭੈੜੀ ਬਿਮਾਰੀ ਤੋਂ ਬਚਾਉਣ ਲਈ ਪੁਲਿਸ ਪ੍ਰਸ਼ਾਸਨ ਵਲੋਂ ਜਾਗਰੂਕਤਾਂ ਕੈਂਪ ਅਤੇ ਖੇਡ ਮੇਲੇ ਵੀ ਕਰਵਾਏ ਜਾ ਰਹੇ ਹਨ।
ਖੰਨਾ, ਸਮਰਾਲਾ ਅਤੇ ਪਾਇਲ 'ਚ ਅਪਰਾਧ/ਨਸ਼ੇ ਦੇ ਹੌਟਸਪੋਟ ਦੀ ਕੀਤੀ ਘੇਰਾਬੰਦੀ
ਪੰਜਾਬ ਸਰਕਾਰ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਵਿੱਢੀ ਮੁਹਿੰਮ ਨੂੰ ਅੱਗੇ ਤੋਰਦਿਆਂ, ਐਸ.ਐਸ.ਪੀ. ਖੰਨਾ ਡਾ. ਜੋਤੀ ਯਾਦਵ ਬੈਂਸ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਵੱਲੋਂ ਖੰਨਾ, ਸਮਰਾਲਾ ਅਤੇ ਪਾਇਲ ਵਿਖੇ ਪੰਜ ਅਪਰਾਧ/ਨਸ਼ੇ ਦੇ ਹੌਟਸਪੋਟ ਟਿਕਾਣਿਆਂ 'ਤੇ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਮੌਕੇ ਡੀ.ਆਈ.ਜੀ. ਲੁਧਿਆਣਾ ਰੇਂਜ ਨੀਲੰਬਰੀ ਜਗਦਲੇ ਵੀ ਨਿੱਜੀ ਤੌਰ 'ਤੇ ਮੌਜੂਦ ਸਨ, ਐਸ.ਐਸ.ਪੀ. ਖੰਨਾ ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਵਿਸ਼ੇਸ਼ ਟੀਮ ਦੁਆਰਾ ਕੀਤਾ ਗਿਆ ਤਲਾਸ਼ੀ ਅਭਿਆਨ ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚੋਂ ਨਸ਼ੇ ਦੇ ਕੌਹੜ ਨੂੰ ਜੜ੍ਹੋ ਪੁੱਟਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਹਿੱਸਾ ਹੈ, ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਖੰਨਾ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਅੰਜ਼ਾਮ ਦੇਣ ਵਾਲੀ ਵਿਸ਼ੇਸ਼ ਟੀਮ ਵਿੱਚ 6 ਡੀ.ਐਸ.ਪੀ., 7 ਐਸ.ਐਚ.ਓ, 13 ਤੋਂ ਵੱਧ ਟੀਮਾਂ ਵਿੱਚ 165 ਮੁਲਾਜਮ ਆਪਣੇ ਇੰਚਾਰਜਾਂ ਦੀ ਅਗਵਾਈ ਵਿੱਚ ਸ਼ਾਮਲ ਸਨ। ਟੀਮਾਂ ਨੂੰ ਪੀ.ਓ., ਸੂਚੀਬੱਧ ਨਸ਼ਾ ਤਸਕਰਾਂ ਅਤੇ ਲੋੜੀਂਦੇ ਅਪਰਾਧੀਆਂ ਦੇ ਰੂਪ ਵਿੱਚ ਖਾਸ ਟੀਚੇ ਦਿੱਤੇ ਗਏ ਸਨ। ਇਸ ਤੋਂ ਇਲਾਵਾ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਲਈ PAIS ਅਤੇ VAHAN ਵਰਗੀਆਂ ਐਪ ਦੀ ਵਰਤੋਂ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਵਿਸ਼ੇਸ਼ ਚੈਕਿੰਗ ਦੌਰਾਨ ਕਰੀਬ 66 ਸ਼ੱਕੀ ਵਿਅਕਤੀਆਂ ਦੀ ਜਾਂਚ ਕਰਦਿਆਂ ਪੁੱਛ ਪੜਤਾਲ ਕੀਤੀ ਅਤੇ 35 ਵਾਹਨਾਂ ਨੂੰ ਚੈਕ ਕੀਤਾ ਗਿਆ। ਇਸ ਮੁਹਿੰਮ ਦੌਰਾਨ 14 ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ 04 ਚੋਰ ਅਤੇ 10 ਨਸ਼ਾ ਤਸ਼ਕਰ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅਪਰਾਧੀਆਂ 'ਤੇ ਕਾਰਵਾਈ ਕਰਦਿਆਂ ਵੱਖ-ਵੱਖ 4 ਐਫ.ਆਈ.ਆਰ. ਦਰਜ਼ ਕੀਤੀਆਂ ਜਾ ਰਹੀਆਂ ਹਨ ਅਤੇ 20 ਗ੍ਰਾਮ ਹੈਰੋਇਨ, 150 ਗ੍ਰਾਮ ਅਫੀਮ, 7 ਚੋਰੀ ਦੇ ਮੋਬਾਈਲ ਫ਼ੋਨ, 150 ਲੋਮੋਟਿਲ ਗੋਲੀਆਂ ਦੀ ਬਰਾਮਦਗੀ ਹੋਈ ਹੈ। ਐਸ.ਐਸ.ਪੀ. ਖੰਨਾ ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ 'ਯੁੱਧ ਨਸ਼ਿਆਂ ਵਿਰੁੱਧ' ਪਹਿਲਕਦਮੀ ਤਹਿਤ ਇਹ ਤਲਾਸ਼ੀ ਅਭਿਆਨ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗਾ।