
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨਾਲ ਪਾਸਟਰ ਬਜਿੰਦਰ ਤੋਂ ਪੀੜਤ ਬੀਬੀਆਂ ਨੇ ਕੀਤੀ ਮੁਲਾਕਾਤ
ਅੰਮ੍ਰਿਤਸਰ, 29 ਮਾਰਚ 2025 : ਅਖੌਤੀ ਪਾਸਟਰ ਬਜਿੰਦਰ ਵੱਲੋਂ ਪੀੜਤ ਦੋ ਬੀਬੀਆ ਨਾਲ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਪੀੜਤ ਬੀਬੀਆਂ ਨੇ ਪਾਸਟਰ ਬਜਿੰਦਰ ਵੱਲੋਂ ਕੀਤੇ ਜੁਲਮਾਂ ਬਾਰੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਗੱਲਬਾਤ ਸ਼ਾਂਝੀ ਕੀਤੀ ਗਈ। ਪੀੜਤ ਬੀਬੀਆਂ ਨੇ ਦੱਸਿਆ ਕਿ ਪਾਸਟਰ ਬਜਿੰਦਰ ਨੇ ਉਨ੍ਹਾਂ ਨਾਲ ਅੱਤਿਆਚਾਰ ਤੇ ਜਿਣਸੀ ਸ਼ੋਸ਼ਣ ਕੀਤਾ ਹੈ, ਪੁਲਿਸ ਵੱਲੋਂ ਉਸ ਤੇ ਮੁਕੱਦਮੇ ਵੀ ਦਰਜ ਕੀਤੇ ਗਏ ਹਨ। ਪੀੜਤ ਬੀਬੀਆਂ ਨੇ ਦੱਸਿਆ ਕਿ ਮੁਕੱਦਮੇ ਦਰਜ ਹੋਣ ਤੋਂ ਬਾਅਦ ਪਾਸਟਰ ਦੇ ਚੇਲਿਆਂ ਵੱਲੋਂ ਉਨ੍ਹਾਂ ਡਰਾਇਆ – ਧਮਕਾਇਆ ਜਾ ਰਿਹਾ ਹੈ। ਪੀੜਤ ਬੀਬੀਆਂ ਨੇ ਪੁiੁਲਸ ਤੇ ਦੋਸ਼ ਲਗਾਇਆ ਕਿ ਉਕਤ ਪਾਸਟਰ ਤੇ ਪੁਲਿਸ ਵੱਲੋਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਉਹ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੀਆਂ ਹਨ। ਇਸ ਮੌਕੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪਾਸਟਰ ਬਜਿੰਦਰ ਤੇ ਭਾਵੇਂ ਪੁਲਿਸ ਨੇ ਮੁਕੱਦਮਾ ਦਰਜ ਕਰਲਿਆ ਗਿਆ ਹੈ, ਪਰ ਕਾਰਵਾਈ ਵਿੱਚ ਢਿੱਲ-ਮੱਠ ਕੀਤੀ ਜਾ ਰਹੀ ਹੈ। ਜੱਥੇਦਾਰ ਗਿਆਨੀ ਗੜਗੱਜ ਨੇ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਕਿ ਸਰਕਾਰ ਪਾਸਟਰ ਬਜਿੰਦਰ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ। ਇਸ ਤੋਂ ਇਲਾਵਾ ਪੀੜਤ ਬੀਬੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਜੱਥੇਦਾਰ ਗਿਆਨੀ ਗੜਗੱਜ ਨੇ ਕਿਹਾ ਕਿ ਉਹ ਖਾਲਸਾ ਪੰਥ ਦੇ ਨੁਮਾਇੰਦਾ ਹੋਣ ਦੇ ਨਾਮ ਤੇ ਉਹ ਪੀੜਤ ਬੀਬੀਆਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਗੁਰੂ ਸਾਹਿਬਾਨਾਂ ਦੀ ਧਰਤੀ ਪੰਜਾਬ ‘ਚ ਅੱਜ ਬਲਾਤਕਾਰੀ ਮਾਨਸਿਕਤਾ ਵਾਲੇ ਡੇਰੇਦਾਰਾਂ ਨੂੰ ਉਭਾਰਿਆ ਜਾ ਰਿਹਾ ਹੈ। ਜੱਥੇਦਾਰ ਗਿਆਨੀ ਗੜਗੱਜ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਸਮਾਜ ਵਿਰੋਧੀ ਤੇ ਜੁਲਮੀ ਮਾਨਸ਼ਿਕਤਾ ਵਾਲੇ ਲੋਕਾਂ ਨੂੰ ਸੂਬੇ ‘ਚ ਪ੍ਰਫੂਲਿੱਤ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਪੰਜਾਬ ‘ਚ ਉੱਭਰ ਰਹੇ ਮਨੁੱਖਤਾ, ਸਿੱਖ ਵਿਰੋਧੀ ਤੇ ਪਾਖੰਡਵਾਦ –ਡੇਰਿਆ ਖਿਲਾਫ ਸਖ਼ਤ ਕਾਰਵਾਈ ਕਰਕੇ ਇੰਨ੍ਹਾਂ ਨੂੰ ਸੀਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਆਪਣੀਆਂ ਧੀਆਂ-ਭੈਣਾਂ ਦੀ ਇੱਜਤ ਅਜਿਹੇ ਡੇਰਿਆਂ ਵਿੱਚ ਕਦੇ ਰੁੱਲਣ ਨਹੀਂ ਦੇਣਗੇ। ਇਸ ਮੌਕੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੀੜਤ ਬੀਬੀਆਂ ਨੂੰ ਗੁਰੂ ਸਾਹਿਬ ਤੇ ਭਰੋਸਾ ਰੱਖਣ ਲਈ ਕਿਹਾ ਅਤੇ ਪਾਸਟਰ ਬਜਿੰਦਰ ਖਿਲਾਫ ਅਣਾਜ਼ ਉਠਾਉਣ ਲਈ ਉਨ੍ਹਾਂ ਦੀ ਸਲਾਘਾ ਕੀਤੀ। ਉਨ੍ਹਾਂ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪਾਖੰਡੀ ਤੇ ਗਲਤ ਮਾਨਸ਼ਿਕਤਾ ਵਾਲੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਅਵਾਜ਼ ਉਠਾਈ ਜਾਵੇ। ਇਸ ਮੌਕੇ ਪੀੜਤ ਬੀਬੀਆਂ ਦੇ ਪਰਿਬਾਰਿਕ ਮੈਂਬਰ ਵੀ ਹਾਜ਼ਰ ਸਨ।