
ਪੱਟੀ, 18 ਫਰਵਰੀ 2025 : ਜਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪੱਟੀ ਦੇ ਪਿੰਡ ਲੋਹਕਾ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਮਾਂ-ਪੁੱਤ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਐਸਡੀਐਮ ਦੀ ਗੱਡੀ ਨਾਲ ਇੱਕ ਮੋਟਰਸਾਈਕਲ ਦੀ ਟੱਕਰ ਹੋ ਗਈ, ਇਸ ਹਾਦਸੇ ਵਿੱਚ ਜਿੱਥੇ ਮੋਟਰਸਾਈਕਲ ਸਵਾਰ ਮਾਂ-ਪੁੱਤ ਦੀ ਮੌਤ ਹੋ ਗਈ, ੳੇੁੱਥੇ ਐਸਡੀਐਮ ਪ੍ਰੀਤਇੰਦਰ ਸਿੰਘ ਬੈਂਸ ਵੀ ਜਖ਼ਮੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਦੀ ਪਛਾਣ ਸ਼ਿਵ ਅਤੇ ਰਾਜ ਕੌਰ ਵਜੋਂ ਹੋਈ ਹੈ। ਇਸ ਘਟਨਾਂ ਸਬੰਧੀ ਜਾਣਕਾਰੀ ਦਿੰਦਿਆਂ ਲਾਈਫ ਲਾਈਨ ਰੈਸਕਿਊ ਸੰਸਥਾ ਦੇ ਮੁਖੀ ਅਮਨਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਉਨ੍ਹਾਂ ਨੂੰ ਫੋਨ ਕਾਲ ਆਈ ਸੀ ਕਿ ਪਿੰਡ ਲੋਹਕਾ ਨਜ਼ਦੀਕ ਇੱਕ ਗੱਡੀ ਨਾਲ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ ਹੈ। ਹਾਲਾਂਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਜ਼ਖਮੀਆਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿਸ ਵਿੱਚ ਮਾਂ-ਪੁੱਤ ਦੋਵਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੌਕੇ ਥਾਣਾ ਸਿਟੀ ਪੱਟੀ ਦੇ ਐਸਐਚ ਓ ਹਰਪ੍ਰੀਤ ਸਿੰਘ ਵਿਰਕ ਮੌਕੇ 'ਤੇ ਪਹੁੰਚੇ ਤੇ ਦੋਵੇਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰਦਿੱਤੀ ਹੈ, ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੁਚਨਾ ਦੇ ਦਿੱਤੀ ਗਈ ਹੈ।