
ਚੰਡੀਗੜ੍ਹ, 2 ਮਾਰਚ 2025 : ਫ਼ਿਰੋਜ਼ਪੁਰ ਵਿੱਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਨੇ ਪਿੰਡ ਘੱਲ ਖੁਰਦ ਦੇ ਨਾਮੀ ਸਮੱਗਲਰ ਕਮ ਗੈਂਗਸਟਰ ਹਰਦੀਪ ਸਿੰਘ ਉਰਫ਼ ਦੀਪਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਵਿੱਚ ਪੁਲਿਸ ਨੇ ਤਿੰਨ ਆਧੁਨਿਕ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਵੀ ਬਰਾਮਦ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 3 ਪਿਸਤੌਲ (ਇੱਕ ਗਲਾਕ ਪਿਸਤੌਲ, ਇੱਕ ਬਰੇਟਾ .30 ਐਮ.ਐਮ. ਪਿਸਤੌਲ, ਇੱਕ ਪੰਪ ਐਕਸ਼ਨ ਗੰਨ, 141 ਕਾਰਤੂਸ (9 ਐਮ.ਐਮ., .30 ਕੈਲੀਬਰ, 12 ਬੋਰ), 45 ਗ੍ਰਾਮ ਹੈਰੋਇਨ ਅਤੇ ਇੱਕ ਸਵਿਫਟ ਕਾਰ ਵੀ ਬਰਾਮਦ ਕੀਤੀ ਹੈ।ਪੁਲਿਸ ਦੀ ਮੁੱਢਲੀ ਪੜਤਾਲ ਵਿੱਚ ਇਹ ਹਥਿਆਰ ਸਰਹੱਦ ਪਾਰੋਂ ਲਿਆਂਦੇ ਜਾਣ ਦਾ ਖੁਲਾਸਾ ਹੋਇਆ ਹੈ। ਅਤੇ ਇਨ੍ਹਾਂ ਦੀ ਵਰਤੋਂ ਅੱਤਵਾਦੀ ਅਤੇ ਅਪਰਾਧਿਕ ਗਤੀਵਿਧੀਆਂ ਲਈ ਕੀਤੀ ਜਾਣੀ ਸੀ। ਇਸ ਸਬੰਧੀ ਥਾਣਾ ਸਪੈਸ਼ਲ ਆਪ੍ਰੇਸ਼ਨ ਸੈੱਲ ਫਾਜ਼ਿਲਕਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਪੂਰੇ ਨੈੱਟਵਰਕ ਦੀ ਤਹਿ ਤੱਕ ਜਾਣ ਲਈ ਅਗਲੇਰੀ ਜਾਂਚ ਕਰ ਰਹੀ ਹੈ।