ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਚੋਣਾਂ ਤੋਂ ਠੀਕ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੈਰੋਲ 'ਤੇ ਰਿਹਾਈ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਹਿਮਾਚਲ ਪ੍ਰਦੇਸ਼ 'ਚ 12 ਨਵੰਬਰ ਨੂੰ ਅਤੇ ਆਦਮਪੁਰ ਵਿਧਾਨ ਸਭਾ ਸੀਟ 'ਤੇ 3 ਨਵੰਬਰ ਨੂੰ ਉਪ ਚੋਣਾਂ ਹਨ। ਪੈਰੋਲ ਮਿਲਦੇ ਹੀ ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ਪਹੁੰਚੇ ਰਾਮ ਰਹੀਮ ਨੇ ਦੋ ਮਿੰਟ 12 ਸੈਕਿੰਡ ਦੇ ਆਪਣੇ ਵੀਡੀਓ 'ਚ ਚੋਣ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਜਿਵੇਂ ਹੁਕਮ ਹੋਇਆ ਹੈ, ਉਸੇ ਤਰ੍ਹਾਂ ਕੀਤਾ ਜਾਵੇ, ਮਨਮਾਨੀ ਸਹੀ ਨਹੀਂ ਹੋਵੇਗੀ। ਡੇਰਾ ਸੱਚਾ ਸੌਦਾ ਦਾ ਸਿਆਸੀ ਵਿੰਗ ਕਿਸੇ ਵੀ ਚੋਣ ਵਿੱਚ ਫ਼ੈਸਲਾ ਲੈਂਦਾ ਹੈ ਅਤੇ ਆਪਣੇ ਸਮਰਥਕਾਂ ਰਾਹੀਂ ਉਸ ਫ਼ੈਸਲੇ ਨੂੰ ਅੰਦਰ ਤੱਕ ਪਹੁੰਚਾ ਦਿੰਦਾ ਹੈ। ਡੇਰਾ ਮੁਖੀ ਦੇ ਹਰਿਆਣਾ, ਹਿਮਾਚਲ, ਪੰਜਾਬ, ਦਿੱਲੀ, ਰਾਜਸਥਾਨ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਵੱਡੀ ਗਿਣਤੀ ਵਿੱਚ ਪੈਰੋਕਾਰ ਹਨ। ਡੇਰਾ ਸੱਚਾ ਸੌਦਾ ਨੇ ਹਰਿਆਣਾ ਦੀਆਂ 2014 ਅਤੇ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਵਾਰ ਵੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਅਤੇ ਆਦਮਪੁਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਨੂੰ ਪੈਰੋਲ ਮਿਲ ਗਈ ਹੈ, ਜਿਸ ਦੇ ਸਿਆਸੀ ਅਰਥ ਕੱਢੇ ਜਾ ਰਹੇ ਹਨ। ਇਸ ਵਾਰ ਡੇਰਾ ਮੁਖੀ ਦੀਵਾਲੀ ਦਾ ਤਿਉਹਾਰ ਆਪਣੇ ਪੈਰੋਕਾਰਾਂ ਨਾਲ ਜੇਲ੍ਹ ਦੇ ਬਾਹਰ ਮਨਾਏਗਾ। ਹਨੀਪ੍ਰੀਤ ਉਸ ਦੀ ਪਰਮ ਸ਼ਿਸ਼ ਦੱਸੀ ਜਾਂਦੀ ਹੈ। ਡੇਰਾ ਮੁਖੀ ਦੇ ਪੈਰੋਲ 'ਤੇ ਬਾਹਰ ਆਉਂਦੇ ਹੀ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਹਨੀਪ੍ਰੀਤ ਨੂੰ ਡੇਰਾ ਸੱਚਾ ਸੌਦਾ ਦੀ ਗੱਦੀ ਦੀ ਅਗਲੀ ਵਾਰਸ ਐਲਾਨਿਆ ਜਾ ਸਕਦਾ ਹੈ। ਇਸ ਡੇਰੇ ਵਿੱਚ ਆਪਣੇ ਸ਼ਿਸ਼ ਨੂੰ ਗੱਦੀ ਸੌਂਪਣ ਦੀ ਪਰੰਪਰਾ ਹੈ। ਕਿਉਂਕਿ ਡੇਰਾ ਮੁਖੀ ਕਈ ਸਾਲਾਂ ਤੱਕ ਜੇਲ੍ਹ ਵਿੱਚ ਰਹੇਗਾ, ਇਸ ਲਈ ਡੇਰੇ ਦੇ ਪ੍ਰਬੰਧਾਂ ਅਤੇ ਪ੍ਰੋਗਰਾਮਾਂ ਨੂੰ ਚਲਾਉਣ ਲਈ ਗੱਦੀ ਦਾ ਸੰਚਾਲਨ ਜ਼ਰੂਰੀ ਹੈ। ਰਾਮ ਰਹੀਮ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਪੱਤਰਕਾਰਾਂ ਰਾਮਚੰਦਰ ਛਤਰਪਤੀ ਅਤੇ ਰਣਜੀਤ ਦੇ ਕਤਲ ਦੇ ਮਾਮਲੇ ਵਿੱਚ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਹੈ। ਹਾਲ ਹੀ ਵਿੱਚ ਉਸ ਨੂੰ 40 ਦਿਨ ਦੀ ਪੈਰੋਲ ਮਿਲੀ ਹੈ। ਡੇਰਾ ਮੁਖੀ ਨੇ ਹੁਣ ਡੇਰੇ ਦੇ ਸਾਰੇ ਕਾਗਜ਼ਾਂ ਵਿੱਚ ਹਨੀਪ੍ਰੀਤ ਨੂੰ ਮੁੱਖ ਸ਼ਿਸ਼ ਬਣਾ ਲਿਆ ਹੈ। ਹਨੀਪ੍ਰੀਤ ਰਾਮ ਰਹੀਮ ਦੀ ਧਰਮ ਦੀ ਬੇਟੀ ਹੈ। ਰਾਮ ਰਹੀਮ ਨੇ ਪਰਿਵਾਰ ਦਾ ਪਛਾਣ ਪੱਤਰ ਵੀ ਬਦਲਿਆ ਹੈ ਜਿਸ ਵਿੱਚ ਹੁਣ ਉਸਦੇ ਪਰਿਵਾਰ ਦੇ ਕਿਸੇ ਮੈਂਬਰ ਦਾ ਨਾਮ ਨਹੀਂ ਹੈ। ਫਰਵਰੀ 2022 'ਚ ਜਦੋਂ ਰਾਮ ਰਹੀਮ ਪਹਿਲੀ ਵਾਰ ਪੈਰੋਲ 'ਤੇ ਆਇਆ ਸੀ ਤਾਂ ਉਸ ਨੇ ਆਪਣੇ ਆਧਾਰ ਕਾਰਡ ਤੋਂ ਪਰਿਵਾਰ ਦੇ ਪਛਾਣ ਪੱਤਰ 'ਚ ਆਪਣੇ ਪਿਤਾ ਅਤੇ ਪਰਿਵਾਰ ਦੇ ਨਾਂ ਕੱਟ ਦਿੱਤੇ ਸਨ। ਉਸਨੇ ਆਪਣੇ ਪਿਤਾ ਦੇ ਨਾਮ ਦੇ ਅੱਗੇ ਆਪਣੇ ਗੁਰੂ ਸਤਨਾਮ ਸਿੰਘ ਦਾ ਨਾਮ ਲਿਖਵਾ ਦਿੱਤਾ ਅਤੇ ਆਪਣੇ ਆਪ ਨੂੰ ਉਨ੍ਹਾਂ ਦਾ ਮੁੱਖ ਸ਼ਿਸ਼ ਦਰਜ ਕਰਵਾਇਆ। ਪਰਿਵਾਰਕ ਸ਼ਨਾਖਤੀ ਕਾਰਡ 'ਚ ਪਤਨੀ ਅਤੇ ਮਾਂ ਦਾ ਨਾਂ ਲਿਖਣ ਦੀ ਬਜਾਏ ਸਿਰਫ ਹਨੀਪ੍ਰੀਤ ਦਾ ਨਾਂ ਮੁੱਖ ਸ਼ਿਸ਼ ਵਜੋਂ ਦਰਜ ਕੀਤਾ ਗਿਆ ਹੈ। ਡੇਰਾ ਸੱਚਾ ਸੌਦਾ ਸਿਰਸਾ ਦਾ ਮੁਖੀ ਉਹੀ ਬਣਦਾ ਹੈ ਜੋ ਮੌਜੂਦਾ ਗੁਰੂ ਦਾ ਮੁੱਖ ਸ਼ਿਸ਼ ਹੁੰਦਾ ਹੈ। ਰਾਮ ਰਹੀਮ ਦਾ ਪੂਰਾ ਪਰਿਵਾਰ ਵਿਦੇਸ਼ ਵਿੱਚ ਸੈਟਲ ਹੋ ਗਿਆ ਹੈ। ਰਾਮ ਰਹੀਮ ਦੀਆਂ ਦੋ ਬੇਟੀਆਂ ਅਮਰਪ੍ਰੀਤ ਅਤੇ ਚਰਨਪ੍ਰੀਤ ਕੌਰ ਅਤੇ ਬੇਟਾ ਜਸਮੀਤ ਪਰਿਵਾਰ ਸਮੇਤ ਲੰਡਨ 'ਚ ਸੈਟਲ ਹੋ ਗਏ ਹਨ। ਡੇਰਾ ਮੁਖੀ ਦੀ ਮਾਤਾ ਨਸੀਬ ਕੌਰ ਅਤੇ ਪਤਨੀ ਹਰਜੀਤ ਕੌਰ ਅਜੇ ਵੀ ਇੱਥੇ ਹੀ ਹਨ, ਪਰ ਉਨ੍ਹਾਂ ਦਾ ਨਾਮ ਹੁਣ ਕਾਗਜ਼ਾਂ ਵਿੱਚ ਨਹੀਂ ਹੈ।