ਮਾਨਸਾ, 21 ਜੁਲਾਈ : ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਮਾਨਸਾ ਦੇ ਸੱਦੇ `ਤੇ ਅੱਜ ਮਾਨਸਾ ਵਿਖੇ ਪੰਜਾਬ ਦੇ ਕੋਨੇ ਕੋਨੇ ਤੋਂ ਹਜ਼ਾਰਾਂ ਮਰਦਾਂ, ਔਰਤਾਂ ਅਤੇ ਨੌਜਵਾਨਾਂ ਨੇ ਸਮੂਲੀਅਤ ਕਰਕੇ ਪੂਰੇ ਸੂਬੇ `ਚ ਨਸ਼ਾ ਬੰਦੀ ਲਈ ਅਵਾਜ ਬੁਲੰਦ ਕੀਤੀ। ਹੱਥਾਂ `ਚ ਨਸ਼ਾ ਵਿਰੋਧੀ ਬੈਨਰ ਅਤੇ ਤਖਤੀਆਂ ਫੜ੍ਹੀਂ ਕਾਫਲਿਆਂ ਦੇ ਕਾਫਲੇ ਬਾਦ ਦੁਪਹਿਰ ਤੱਕ ਰੈਲੀ ਵਾਲੀ ਥਾਂ ਪੁੱਜਦੇ ਰਹੇ। ਭਾਰੀ ਇਕੱਠ ਕਾਰਨ ਥਾਂ ਦੀ ਪਈ ਘਾਟ ਦਾ ਖੁਦ ਹੀ ਹੱਲ ਕਰਦਿਆਂ ਬਜ਼ੁਰਗਾਂ, ਔਰਤਾਂ ਅਤੇ ਆਮ ਲੋਕਾਂ ਨੇ ਕਚਹਿਰੀਆਂ ਦੀ ਹਰ ਸੜਕ ਉਤੇ ਆਪਣਾ ਪੜਾਅ ਕਰ ਲਿਆ, ਨਤੀਜਾ ਜ਼ਿਲਾ ਸਕੱਤਰੇਤ ਦਾ ਰਾਹ ਪੂਰੀ ਤਰਾਂ ਬੰਦ ਰਿਹਾ । ਪ੍ਰਬੰਧਕ ਵੱਲੋਂ ਥਾਂ ਥਾਂ ਨਸ਼ੇ ਕਾਰਨ ਮੌਤ ਦੇ ਮੂੰਹ ਜਾ ਪਏ ਨੌਜਵਾਨ ਮੁੰਡਿਆਂ ਦੀਆਂ ਤਸਵੀਰਾਂ ਵਾਲੇ ਫਲੈਕਸ ਟੰਗੇ ਹੋਏ ਸਨ ਜਿੰਨ੍ਹਾਂ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਸੀ। ਬੁਲਾਰਿਆਂ ਦੇ ਸੰਬੋਧਨ ਦੌਰਾਨ ਪੰਡਾਲ ਵਿੱਚੋਂ ਨਸ਼ਾ ਬੰਦੀ, ਸਰਕਾਰ ਅਤੇ ਪੁਲੀਸ ਪ੍ਰਸਾਸ਼ਨ ਮੁਰਦਾਬਾਦ, ਪਰਵਿੰਦਰ ਸਿੰਘ ਝੋਟਾ ਜਿੰਦਾਬਾਦ ਦੇ ਨਾਅਰੇ ਗੁੰਜਦੇ ਰਹੇ। ਆਪਣੇ ਸੰਬੋਧਨ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰੁਲਦੂ ਸਿੰਘ ਮਾਨਸਾ, ਡਾਕਟਰ ਦਰਸ਼ਨ ਪਾਲ , ਜਗਜੀਤ ਸਿੰਘ ਡੱਲੇਵਾਲ ਅਤੇ ਉੱਤਰ ਪ੍ਰਦੇਸ਼ ਤੋਂ ਵਿਸ਼ੇਸ਼ ਤੌਰ `ਤੇ ਪੁੱਜੇ ਰਾਕੇਸ਼ ਟਿਕੈਤ ਨੇ ਇਸ ਸੰਘਰਸ਼ ਨੂੰ ਪੂਰਨ ਸਹਿਯੋਗ ਦਾ ਐਲਾਨ ਕਰਦਿਆਂ ਤਸਕਰਾਂ ਦਾ ਸਮਾਜਿਕ ਬਾਈਕਾਟ ਕਰਨ, ਮਾਰੂ ਨਸ਼ਿਆਂ ਦਾ ਕਾਰੋਬਾਰ ਬੰਦ ਹੋਣਤੱਕ ਦਿੱਲੀ ਦੀ ਤਰ੍ਹਾਂ ਸ਼ਾਂਤਮਈ ਸੰਘਰਸ਼ ਲੜਨ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਂਣ ਲਈ ਹਰ ਹੀਲਾ ਕਰਨ ਦਾ ਐਲਾਨ ਕੀਤਾ । ਆਗੂਆਂ ਕਿਹਾ ਜੇਕਰ ਲੋਕ ਏਕਤਾ ਦਿੱਲੀ ਦੀ ਤਾਨਾਸ਼ਾਹ ਮੈਦੀ ਸਰਕਾਰ ਦੀਆਂ ਗੋਡਣੀਆਂ ਲਵਾ ਸਕਦੀ ਹੈ, ਤਾਂ ਪਹਿਲਾਂ ਤੋਂ ਹੀ ਤੀਲਾ ਤੀਲਾ ਹੋਈ ਆਪ ਸਰਕਾਰ ਕਿਹੜੇ ਬਾਗ ਦੀ ਮੂਲੀ ਹੈ। ਐਡਵੋਕੇਟ ਲਖਵਿੰਦਰ ਸਿੰਘ ਲੱਖਨਪਾਲ ਨੇ ਨਸ਼ਾ ਮੁਕਤੀ ਲਈ ਸੰਘਰਸ਼ ਕਰ ਰਹੇ ਪਰਵਿੰਦਰ ਸਿੰਘ ਝੋਟਾ ਅਤੇ ਸਾਥੀਆਂ ਖਿਲਾਫ਼ ਪੁਲੀਸ ਵੱਲੋਂ ਦਰਜ਼ ਕੀਤੇ ਝੂਠੇ ਪਰਚਿਆਂ ਦਾ ਸੱਚ ਲੋਕਾਂ ਸਾਹਮਣੇ ਰੱਖਿਆ । ਉਨ੍ਹਾਂ ਦੱਸਿਆ ਕਿ ਝੋਟੇ `ਤੇ ਛੇੜ ਝਾੜ ਦਾ ਝੂਠਾ ਪਰਚਾ ਦਰਜ ਕਰਵਾਉਂਣ ਵਾਲੀ ਲੜਕੀ ਬਬਲੀ ਨੇ ਵੀ ਕਬੂਲ ਕਰ ਲਿਆ ਹੈ ਕਿ ਪੁਲੀਸ ਨੇ ਉਸ ਉਤੇ ਦਬਾਅ ਪਾ ਕੇ ਝੋਟੇ ਖ਼ਿਲਾਫ਼ ਉਸ ਦੇ ਬਿਆਨ ਦਰਜ਼ ਕੀਤੇ ਹਨ। ਨੌਜਵਾਨ ਆਗੂ ਲੱਖਾ ਸਿਧਾਣਾ, ਵਿਜੈ ਕੁਮਾਰ ਭੀਖੀ , ਭਾਨਾ ਸਿੱਧੂ, ਰੁਪਿੰਦਰਜੀਤ ਸਿੰਘ ਤੇ ਗਾਇਕ ਅਮਿਤੋਜ ਮਾਨ, ਇਮਾਨ ਸਿੰਘ ਮਾਨ , ਸਤਨਾਮ ਸਿੰਘ ਮਨਾਂਵਾ ਨੇ ਐਲਾਨ ਕੀਤਾ ਜੇਕਰ ਸਰਕਾਰ ਨੇ ਨਸ਼ਾ ਤਸਕਰਾਂ ਸਮੇਤ ਨਸ਼ਾ ਵਿਕਰੀ `ਚ ਦੋਸ਼ੀਆਂ ਦੀ ਮੱਦਦ ਕਰਨ ਵਾਲੇ ਅਫਸਰਾਂ ਖਿਲਾਫ਼ ਤੁਰੰਤ ਕਾਰਵਾਈ ਨਾ ਕੀਤੀ ਤਾਂ ਰਾਜ ਕਰਦੀ ਪਾਰਟੀ ਦੇ ਕਿਸੇ ਵੀ ਆਗੂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਤਸਕਰਾਂ, ਨੇਤਾਵਾਂ ਅਤੇ ਅਫ਼ਸਰਾਂ ਦੀ ਚੰਡਾਲ ਤਿੱਕੜੀ ਨੂੰ ਤੀਲਾ ਤੀਲਾ ਕਰਕੇ ਹੀ ਪੰਜਾਬ ਦੀ ਜਵਾਨੀ ਬਚ ਸਕਦੀ ਹੈ।ਨਸ਼ੇ ਕਾਰਨ ਆਪਣਾ ਪਤੀ ਗਵਾ ਚੁੱਕੀ ਰਮਨਦੀਪ ਕੌਰ ਮਰਖਈ ਨੇ ਆਪਣੀ ਝੋਲੀ ਅੱਡ ਕੇ ਲੋਕਾਂ ਕੋਲੋਂ ਪਿੰਡਾਂ `ਚ ਦਾਲ ਸਬਜ਼ੀ ਵਾਂਗ ਵਿਕਦੇ ਨਸ਼ਿਆਂ ਨੂੰ ਰੋਕਣ ਲਈ ਹਰ ਮਰਦ ਔਰਤ ਤੋਂ ਸਹਿਯੋਗ ਮੰਗਿਆ । ਆਪਣੀ ਭਾਵੁਕ ਤਕਰੀਰ ਦੌਰਾਨ ਜਦੋਂ ਉਸ ਨੇ ਨਸ਼ੇ ਦੀ ਮਾਰ ਦੇ ਦੁੱਖ ਸੁਣਾਏ ਅਤੇ ਆਪਣੇ ਵਿਛੜ ਚੁੱਕੇ ਬਾਪੂ ਲਈ ਵਿਲਕਦੇ ਨਿੱਕੇ ਜਿਹੇ ਪੁੱਤਰ ਦੀ ਗੱਲ ਸਾਂਝੀ ਕੀਤੀ ਤਾਂ ਪੰਡਾਲ `ਚ ਇਕੱਤਰ ਔਰਤਾਂ ਤੇ ਬਜ਼ੁਰਗਾਂ ਦੀਆਂ ਅੱਖਾਂ ਨਮ ਹੋ ਗਈਆਂ । ਪਰਵਿੰਦਰ ਸਿੰਘ ਝੋਟੇ ਦੇ ਮਾਤਾ ਅਮਰਜੀਤ ਕੌਰ ਅਤੇ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਨੇ ਪੰਜਾਬ ਨੂੰ ਬਚਾਉਂਣ ਵਾਲੇ ,ਪੰਜਾਬ ਨੂੰ ਵਸਦਾ ਦੇਖਣ ਵਾਲੇ ਅਤੇ ਪੰਜਾਬ ਦੀ ਜਵਾਨੀ ਅਤੇ ਪੰਜਾਬੀਅਤ ਨੂੰ ਮੋਹ ਕਰਨ ਵਾਲੇ ਨੌਜਵਾਨ ਆਗੂਆਂ ਨੂੰ ਮਾਰ ਮੁਕਾਉਂਣ ਜਾਂ ਫੜ੍ਹਕੇ ਜੇਲ੍ਹਾਂ ਵਿੱਚ ਸੁੱਟਣ ਦਾ ਕੋਝਾ ਵਰਤਾਰਾ ਸ਼ੁਰੂ ਕੀਤਾ ਹੋਇਆ ਹੈ ਜਿਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ । ਇਸਤਰੀ ਆਗੂ ਜਸਬੀਰ ਕੌਰ ਨੱਤ ਨੇ ਕਿਹਾ ਕਿ ਨਸ਼ੇ ਤੋਂ ਪੀੜਤ ਪੁੱਤਾਂ ਅਤੇ ਪਤੀਆਂ ਦਾ ਸਭ ਤੋਂ ਵੱਡਾ ਦੁੱਖ ਔਰਤਾਂ ਹੀ ਭੋਗਦੀਆਂ ਹਨ । ਉਨ੍ਹਾਂ ਪੰਡਾਲ `ਚ ਇਕੱਤਰ ਹਜ਼ਾਰਾਂ ਔਰਤਾਂ ਨੂੰ ਮਾਈ ਭਾਗੋ ਬਣਨ ਦਾ ਸੱਦਾ ਦਿੱਤਾ । ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਤੇ ਲਿਬਰੇਸ਼ਨ ਆਗੂ ਰਾਜਵਿੰਦਰ ਸਿੰਘ ਰਾਣਾ ਨੇ ਵੱਡੇ ਮੰਚ ਤੋਂ ਐਲਾਨ ਕੀਤਾ ਕਿ 14 ਅਗਸਤ ਨੂੰ ਫਿਰ ਮਾਨਸਾ ਦੀ ਧਰਤੀ `ਤੇ ਇਸਤੋਂ ਵੀ ਵੱਡਾ ਇਕੱਠਾ ਕੀਤਾ ਜਾਵੇਗਾ । ਰੈਲੀ ਦੌਰਾਨ ਨਸ਼ਾ ਬੰਦੀ ਦੇ ਇਸ ਸਫਲ ਸੰਘਰਸ਼ ਦਾ ਮੁੱਢ ਬੰਨ੍ਹਣ ਵਾਲੇ ਐਂਟੀ ਡਰੱਗ ਟਾਸਕ ਫੋਰਸ ਦੀ ਸਮੁੱਚੀ ਟੀਮ ਦਾ ਸਨਮਾਨ ਕੀਤਾ ਜਾਵੇਗਾ । ਜੇਕਰ ਉਦੋਂ ਤੱਕ ਪਰਵਿੰਦਰ ਸਿੰਘ ਝੋਟਾ ਬਾਹਰ ਆਉਂਦਾ ਹੈ ਤਾਂ ਸਮੁੱਚੀ ਟੀਮ ਨੂੰ ਫੁੱਲਾਂ ਦੇ ਹਾਰਾਂ ਨਾਲ ਨਿਵਾਜਿਆ ਜਾਵੇਗਾ, ਪਰ ਜੇਕਰ ਉਦੋਂ ਤੱਕ ਵੀ ਹਰ ਥਾਂ ਝੂਠੇ ਸਾਬਤ ਹੋ ਰਹੇ ਪ੍ਰਸ਼ਾਸ਼ਨ ਦੀ ਨੀਂਦ ਨਾ ਖੁੱਲ੍ਹੀ ਤਾਂ ਤਿੱਖੇ ਸੰਘਰਸ਼ ਦੀ ਰੂਪ ਰੇਖਾ ਦਾ ਐਲਾਨ ਕਰ ਦਿੱਤਾ ਜਾਵੇਗਾ । ਮੰਚ ਤੋਂ ਮੰਗ ਕੀਤੀ ਗਈ ਕਿ ਪਰਵਿੰਦਰ ਸਿੰਘ ਝੋਟਾ ਉਤੇ ਪਾਏ ਸਾਰੇ ਝੂਠੇ ਕੇਸ ਰੱਦ ਕਰਕੇ ਤੁਰੰਤ ਰਿਹਾਈ ਕੀਤੀ ਜਾਵੇ ਅਤੇ ਨਾਲ ਹੀ ਉਸਦੇ ਸਾਥੀਆਂ `ਤੇ ਦਰਜ਼ ਕੀਤੇ ਪਰਚੇ ਵੀ ਰੱਦ ਕੀਤੇ ਜਾਣ। ਇਸਦੇ ਨਾਲ ਹੀ ਮੈਡੀਕਲ ਨਸ਼ਿਆਂ ਦਾ ਧੰਦਾ ਕਰਨ ਵਾਲੇ ਮਾਨਸਾ ਮੈਡੀਕੋਜ਼ , ਡੀ ਐਸ ਪੀ ਸੰਜੀਵ ਗੋਇਲ ਅਤੇ ਡਰੱਗ ਇੰਸਪੈਕਟਰ ਸ਼ੀਸ਼ਨ ਮਿੱਤਲ ਦੀ ਡਰੱਗ ਮਨੀ ਨਾਲ ਬਣਾਈ ਸਾਰੀ ਸੰਪਤੀ ਜਬਤ ਕਰਨ, ਡੀ ਐਸ ਪੀ ਸੰਜੀਵ ਗੋਇਲ ਅਤੇ ਏਐਸਆਈ ਅਵਤਾਰ ਸਿੰਘ ਨੂੰ ਤੁਰੰਤ ਸਸਪੈਂਡ ਕਰਕੇ ਪਰਚਾ ਦਰਜ ਕਰਨ , ਨਸ਼ੇੜੀ ਐਸਆਈ ਸੱਤਪਾਲ ਸਿੰਘ ਖਿਲਾਫ ਕਾਰਵਾਈ ਕਰਨ ਅਤੇ ਐਸਆਈ ਗੁਰਤੇਜ ਸਿੰਘ ਨੂੰ ਤੁਰੰਤ ਸਸਪੈਂਡ ਕਰਨ ਦੀ ਮੰਗ ਕੀਤੀ ਗਈ ।