ਸਰਕਾਰ ਵੱਲੋਂ ਸੋਹੀਆਂ ਬੀੜ ਨੂੰ ਬਿਹਤਰੀਨ ਈਕੋ ਟੂਰਿਜ਼ਮ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ : ਮੰਤਰੀ ਅਰੋੜਾ


ਸੰਗਰੂਰ : ਪੰਜਾਬ ਸਰਕਾਰ ਵੱਲੋਂ ਸੋਹੀਆਂ ਬੀੜ ਨੂੰ ਈਕੋ ਟੂਰਿਜ਼ਮ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਵੱਲੋਂ ਕੀਤਾ ਗਿਆ। ਉਨ੍ਹਾਂ ਇਸ ਸਬੰਧੀ ਅੱਜ ਚੀਫ਼ ਵਾਈਲਡ ਲਾਈਫ ਵਾਰਡਨ ਪੰਜਾਬ ਸ੍ਰੀ ਪ੍ਰਵੀਨ ਕੁਮਾਰ, ਮੁੱਖ ਵਣਪਾਲ ਵਾਈਲਡ ਲਾਈਫ ਗੀਤਾਂਜਲੀ, ਵਾਈਲਡ ਲਾਈਫ ਇੰਸਟੀਚਿਊਟ ਦੇਹਰਾਦੂਨ ਦੇ ਮਾਹਿਰਾਂ ਡਾ. ਹਬੀਬ ਬਿਲਾਲ ਤੇ ਡਾ. ਸਮਰਾਟ ਅਤੇ ਡਵੀਜ਼ਨਲ ਵਣ ਮੰਡਲ ਅਫ਼ਸਰ ਮੋਨਿਕਾ ਦੇਵੀ ਯਾਦਵ ਨਾਲ ਸੋਹੀਆਂ ਬੀੜ ਵਿਖੇ ਵਿਸਤ੍ਰਿਤ ਨਾਲ ਮੀਟਿੰਗ ਕੀਤੀ।
            ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਅਰੋੜਾ ਨੇ ਕਿਹਾ ਕਿ ਬੀੜ 700 ਏਕੜ ਤੋਂ ਵੀ ਵੱਧ ਖੇਤਰ ਵਿੱਚ ਫੈਲੀ ਹੋਈ ਹੈ, ਜੋ ਕਿ ਛੱਤਬੀੜ ਤੋਂ ਵੀ ਜ਼ਿਆਦਾ ਵੱਡੀ ਹੈ। ਜਿਸ ਨੂੰ ਕੁਦਰਤੀ ਖ਼ੂਬਸੂਰਤੀ ਨਾਲ ਭਰਪੂਰ ਬਣਾਇਆ ਜਾਵੇਗਾ, ਤਾਂ ਜੋ ਇਹ ਬੀੜ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਸਕੇ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਜਾਣੂੰ ਕਰਵਾਉਣਗੇ ਤਾਂ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਇਸ ਬੀੜ ਦੀ ਦਿੱਖ ਨੂੰ ਸੰਵਾਰਨ ਦੀ ਪ੍ਰਵਾਨਗੀ ਲਈ ਮਿਲ ਸਕੇ।
             ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਰਾਜ ਜਾਨਵਰ (ਸਟੇਟ ਐਨੀਮਲ) ਕਾਲੇ ਹਿਰਨ ਦੀ ਅਲੋਪ ਹੋ ਰਹੀ ਪ੍ਰਜਾਤੀ ਨੂੰ ਬਚਾਉਣ ਦੇ ਉਦਮ ਵਜੋਂ ਸੋਹੀਆਂ ਬੀੜ ਵਿਖੇ ਕਾਲੇ ਹਿਰਨ ਲਿਆਉਣ ਬਾਰੇ ਵੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਤਾਂ ਜੋ ਲੋਕ ਕਾਲੇ ਹਿਰਨ ਦੇਖਣ ਲਈ ਇਸ ਬੀੜ ਪ੍ਰਤੀ ਆਕਰਸ਼ਿਤ ਹੋ ਸਕਣ। ਉਨ੍ਹਾਂ ਕਿਹਾ ਕਿ ਜੰਗਲੀ ਜੀਵ ਅਤੇ ਵਣ ਮਾਹਿਰਾਂ ਦੀ ਰਾਏ ਅਨੁਸਾਰ ਇਸ ਬੀੜ ਵਿੱਚ ਅਜਿਹੇ ਰੁੱਖ ਵੀ ਲਗਾਏ ਜਾਣਗੇ ਜੋ ਜੀਵ ਜੰਤੂਆਂ ਦਾ ਬਸੇਰਾ ਬਣਨਗੇ ਅਤੇ ਇਸ ਸਥਾਨ ਦੀ ਖੂਬਸੂਰਤੀ ਵਿਚ ਹੋਰ ਵਾਧਾ ਕਰਨਗੇ। ਕੈਬਨਿਟ ਮੰਤਰੀ ਨੇ ਕਿਹਾ ਲਗਭਗ ਦੋ ਢਾਈ ਮਹੀਨੇ ਪਹਿਲਾਂ ਉਨ੍ਹਾਂ ਵੱਲੋਂ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਸਮੇਤ ਇਸ ਬੀੜ ਦਾ ਦੌਰਾ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਲਗਾਤਾਰ ਇਸ ਬੀੜ ਦੇ ਕਾਇਆ ਕਲਪ ਲਈ ਜੰਗਲੀ ਜੀਵ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਸਨ।  ਇਸ ਮੌਕੇ ਅਵਤਾਰ ਈਲਵਾਲ, ਗੁਰਿੰਦਰ ਵਾਲੀਆ ਖੇੜੀ, ਮਨੀ ਸਰਾਓ, ਜਗਤਾਰ ਸੋਹੀਆਂ, ਗੁਰਤੇਜ ਸੋਹੀਆਂ ਅਤੇ ਮੁਕੇਸ਼ ਜੁਨੇਜਾ ਵੀ ਹਾਜ਼ਰ ਸਨ।