ਚੰਡੀਗੜ੍ਹ, 01 ਸਤੰਬਰ 2024 : ਹਿਮਾਚਲ ਦੇ ਮੰਡੀ ਤੋਂ ਭਾਜਪਾ ਦੀ ਪਾਰਲੀਮੈਂਟ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਪਹਿਲਾਂ ਹੀ ਆਪਣੇ ਵਿਵਾਦਿਤ ਬਿਆਨਾਂ ਕਾਰਨ ‘ਚ ਚਰਚਾ ਵਿੱਚ ਰਹਿੰਦੀ ਹੈ, ਉੱਥੇ ਉਹ ਅੱਜਕੱਲ੍ਹ ਉਸਦੀ ਨਵੀਂ ਆਈ ਫਿਲਮ ਐਮਰਜੈਂਸੀ ਕਾਰਨ ਵਿਵਾਦਾਂ ਵਿੱਚ ਹੈ। ਕੰਗਨਾ ਦੀ ਫਿਲਮ ਐਮਰਜੈਂਸੀ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ, ਜਿਸ ਕਾਰਨ ਸੈਂਸਰ ਬੋਰਡ ਵੱਲੋਂ ਉਸਨੂੰ ਸਰਟੀਫਿਕੇਟ ਵੀ ਨਹੀਂ ਦਿੱਤਾ ਗਿਆ। ਕੰਗਨਾ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਪਾਰਲੀਮੈਂਟ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰਿਲੀਜ ਕਰਨ ਤੋਂ ਪਹਿਲਾਂ ਇਹ ਫਿਲਮ ਐਸਜੀਪੀਸੀ ਨੂੰ ਦਿਖਾਈ ਜਾਵੇ।ਕਿਉਂਕਿ ਜਿੱਥੇ ਵੀ ਸਿੱਖਾਂ ਦੇ ਇਤਿਹਾਸ ਨੂੰ ਫਿਲਮਾਇਆ ਜਾਣਾ ਹੈ, ਉਸ ਬਾਰੇ ਪਹਿਲਾਂ ਐਸਜੀਪੀਸੀ ਤੋਂ ਪ੍ਰਵਾਨਗੀ ਲਈ ਜਾਵੇ, ਕਿਉਂਕਿ ਸਿੱਖਾਂ ਦੀ ਸਿਰਮੌਰ ਸੰਸਥਾ ਹੈ। ਜੇਕਰ ਐਸਜੀਪੀਸੀ ਸਰਟੀਫਿਕੇਟ ਦੇਵੇਗੀ ਫਿਰ ਹੀ ਉਸ ਫਿਲਮ ਨੂੰ ਰਿਲੀਜ ਕੀਤਾ ਜਾਣਾ ਚਾਹੀਦਾ ਹੈ। ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਹਿਮਾਚਲ, ਹਰਿਆਣਾ ਅਤੇ ਪੰਜਾਬ ਸਾਰੇ ਪੁਰਾਣੇ ਪੰਜਾਬ ਦਾ ਹਿੱਸਾ ਹੈ, ਅਸੀਂ ਸਾਰੇ ਭਰਾ ਹਾਂ। ਇਹ ਸਾਡੀ ਆਪਸੀ ਸਾਂਝ ਨਾ ਕਦੇ ਟੁੱਟੀ ਹੈ ਅਤੇ ਨਾ ਅਸੀਂ ਤੋੜਾਂਗੇ, ਇੰਹਨੂੰ ਜਿਹੜੀ ਵੀ ਤਾਕਤ ਤੋੜਨ ਦੀ ਕੋਸ਼ਿਸ਼ ਕਰੇਗੀ, ਉਹ ਮੂੰਹ ਦੀ ਖਾਏਗੀ, ਹਿੰਦੂ, ਮੁਸਲਿਮ, ਇਸਾਈ ਅਤੇ ਸਿੱਖ ਹਮੇਸ਼ਾਂ ਪਿਆਰ ਨਾਲੋ ਰਹੇ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਕਦੇ ਵੀ ਕੋਈ ਦੰਗਾਂ-ਫਸਾਦ ਦੀ ਘਟਨਾਂ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕੰਗਨਾ ਦੀ ਕਿਸੇ ਗੱਲ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ।ਸਾਬਕਾ ਪਾਰਲੀਮੈਂਟ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਗੱਲ ਦਾ ਗੁੱਸਾ ਨਾ ਕਰੋ। ਚੰਨੀ ਨੇ ਕਿਹਾ ਐਮਰਜੈਂਸੀ ਫਿਲਮ ਕਾਰਨ ਮਾਹੌਲ ਖਰਾਬ ਹੋ ਸਕਦਾ ਹੈ, ਇਸ ਲਈ ਉਸ ਫਿਲਮ ਨੂੰ ਕਿਸੇ ਕੀਮਤ ਤੇ ਰਿਲੀਜ ਨਹੀਂ ਹੋਣ ਦਿਆਂਗੇ।