ਸਰਹੱਦ 'ਤੇ ਬੀਐਸਐਫ ਦੇ ਜਵਾਨਾਂ ਅਤੇ ਪਾਕਿਸਤਾਨੀ ਤਸਕਰਾਂ ਵਿਚਾਲੇ ਮੁੱਠਭੇੜ, 20 ਪੈਕਟ ਹੈਰੋਇਨ, 2 ਪਿਸਤੌਲ ਅਤੇ 242 ਰੌਂਦ ਬਰਾਮਦ

ਗੁਰਦਾਸਪੁਰ, 18 ਫਰਵਰੀ : ਅੰਤਰਰਾਸ਼ਟਰੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਬੀਓਪੀ ਡੇਰਾ ਬਾਬਾ ਨਾਨਕ ਰੋਡ 'ਤੇ ਬੀਐਸਐਫ ਦੀ 113 ਬਟਾਲੀਅਨ ਦੇ ਜਵਾਨਾਂ ਅਤੇ ਪਾਕਿਸਤਾਨੀ ਤਸਕਰਾਂ ਵਿਚਾਲੇ ਸ਼ਨੀਵਾਰ ਸਵੇਰੇ ਗੋਲੀਬਾਰੀ ਹੋਈ। ਹਾਲਾਂਕਿ ਇਸ ਦੌਰਾਨ ਤਸਕਰ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਦੱਸ ਦਈਏ ਕਿ ਗੋਲੀਬਾਰੀ ਤੋਂ ਬਾਅਦ ਬੀਐਸਐਫ ਜਵਾਨਾਂ ਵੱਲੋਂ ਇਲਾਕੇ ਦੀ ਤਲਾਸ਼ੀ ਲਈ ਗਈ। ਜਿਸ ਵਿੱਚ ਜਵਾਨਾਂ ਨੇ ਪਾਈਪ ਰਾਹੀਂ ਭਾਰਤ ਭੇਜੀ ਗਈ ਹੈਰੋਇਨ ਦੇ 20 ਪੈਕਟ, 2 ਪਿਸਤੌਲ, 242 ਕਾਰਤੂਸ ਅਤੇ 6 ਮੈਗਜ਼ੀਨ ਬਰਾਮਦ ਕੀਤੇ ਗਏ। ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ ਪੰਜ ਵਜੇ ਗਸ਼ਤ ਕਰ ਰਹੇ ਜਵਾਨਾਂ ਨੇ ਸਰਹੱਦ ‘ਤੇ ਹਰਕਤ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਜਵਾਨਾਂ ਵੱਲੋਂ ਰੌਲਾ ਪਾਉਣ ‘ਤੇ ਤਸਕਰਾਂ ਵੱਲੋਂ ਫਾਇਰਿੰਗ ਕੀਤੀ ਗਈ। ਜਵਾਬ ਵਿੱਚ ਜਵਾਨਾਂ ਵੱਲੋਂ ਵੀ ਕਈ ਰਾਉਂਡ ਫਾਇਰ ਕੀਤੇ ਗਏ। ਜਿਸ ਤੋਂ ਬਾਅਦ ਬੀਐਸਐਫ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਜਿਸ ‘ਚ ਉਸ ਨੂੰ ਸਰਹੱਦ ‘ਤੇ ਕੰਡਿਆਲੀ ਤਾਰ ਨੇੜੇ 12 ਫੁੱਟ ਲੰਬਾ ਪਾਈਪ ਮਿਲਿਆ। ਇਸ ਰਾਹੀਂ ਹੈਰੋਇਨ ਦੀ ਖੇਪ ਲੰਘਾਈ ਜਾ ਰਹੀ ਸੀ। ਹੈਰੋਇਨ ਅਤੇ ਹਥਿਆਰਾਂ ਦੀ ਖੇਪ ਲੰਬੇ ਕੱਪੜੇ ਵਿੱਚ ਲਪੇਟੀ ਹੋਈ ਸੀ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਉਸ ਚੋਂ 20 ਪੈਕਟ ਹੈਰੋਇਨ, 2 ਪਿਸਤੌਲ, ਇੱਕ ਤੁਰਕੀ ਦਾ ਬਣਿਆ ਅਤੇ ਦੂਜਾ ਚੀਨ ਦਾ ਬਣਿਆ, 6 ਮੈਗਜ਼ੀਨ, 242 ਰੌਂਦ ਵੀ ਬਰਾਮਦ ਹੋਏ।