ਅਜਨਾਲਾ ਵਿੱਚ ਇੱਕ ਨਸ਼ੇੜੀ ਨੇ ਮਾਂ, ਭਾਬੀ ਅਤੇ ਢਾਈ ਸਾਲਾ ਭਤੀਜੇ ਦਾ ਕੀਤਾ ਕਤਲ

ਅਜਨਾਲਾ, 04 ਅਪ੍ਰੈਲ : ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਵਿੱਚ ਇੱਕ ਨਸ਼ੇੜੀ ਵੱਲੋਂ ਆਪਣੀ ਮਾਂ, ਭਾਬੀ ਅਤੇ ਭਤੀਜੇ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਅੰਮ੍ਰਿਤਪਾਲ ਸਿੰਘ (25) ਵਾਸੀ ਕੰਦੋਵਾਲੀਆ (ਅਜਨਾਲਾ) ਤਿੰਨੋਂ ਕਤਲ ਕਰਨ ਤੋਂ ਬਾਅਦ ਲਾਸ਼ਾਂ ਨੂੰ ਘਰ ਵਿੱਚ ਖੁਨ ਨਾਲ ਲੱਥਪੱਥ ਛੱਡ ਕੇ ਖੁਦ ਥਾਣੇ ਜਾ ਪੁੱਜਾ ਅਤੇ ਪੁਲਿਸ ਅਧਿਕਾਰੀਆਂ ਨੂੰ ਸਭ ਦੱਸਣ ਤੋਂ ਬਾਅਦ ਸਮਰਪਣ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪੁੱਜੀ ਅਤੇ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਜਾਂਚ ਸ਼ੁਰੂ ਕਰਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਮਨਬੀਰ ਕੌਰ (ਮਾਂ), ਅਵਨੀਤ ਕੌਰ (ਭਾਬੀ), ਸਮਰੱਥ ਸਿੰਘ (ਭਤੀਜਾ) ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਮੁਲਜ਼ਮ ਨੇ ਦੇਰ ਰਾਤ ਸਮੇਂ ਨਸ਼ੇ ਦੀ ਹਾਲਤ ਚ ਆਪਣੀ ਮਾਂ, ਭਰਜਾਈ ਅਤੇ ਭਤੀਜੇ ਨੂੰ ਪਹਿਲਾਂ ਕੁੱਟਿਆ। ਫਿਰ ਤੇਜ਼ਧਾਰ ਹਥਿਆਰ ਦੇ ਨਾਲ ਬਾਹਰ ਲਾਬੀ ਵਿੱਚ ਸੁੱਤੀ ਹੋਈ ਮਾਂ ਨੂੰ ਕਤਲ ਕੀਤਾ। ਇੰਨਾ ਹੀ ਨਹੀਂ ਅਵਨੀਤ ਕੌਰ ਅਤੇ ਸਮਰਥ ਕਮਰੇ ਵਿੱਚ ਸੌਂ ਰਹੇ ਸਨ। ਜਿਸ ਤਰ੍ਹਾਂ ਹੀ ਅਵਾਜ਼ ਸੁਣਾਈ ਦਿੱਤੀ ਭਰਜਾਈ ਬਾਹਰ ਆਈ ਤਾਂ ਉਸ ਦਾ ਵੀ ਕਤਲ ਕਰ ਦਿੱਤਾ। ਬੱਚੇ ਦਾ ਕਤਲ ਉਸ ਸਮੇਂ ਕੀਤਾ ਜਦੋਂ ਉਹ ਸੌਂ ਰਿਹਾ ਸੀ। ਮੁਲਜ਼ਮ ਚਿੱਟੇ ਦਾ ਆਦੀ ਹੈ। ਪਰਿਵਾਰ ਵਾਲਿਆਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ। ਮੰਨਿਆ ਜਾ ਰਿਹਾ ਹੈ ਕਿ ਇਸੇ ਕਾਰਨ ਉਸ ਨੇ ਇਹ ਤੀਹਰਾ ਕਤਲ ਕੀਤਾ ਹੈ। ਉਸ ਦਾ ਭਰਾ ਪ੍ਰਿਤਪਾਲ ਸਿੰਘ ਦੁਬਈ ਵਿੱਚ ਕੰਮ ਕਰਦਾ ਹੈ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਕਤਲ ਸਮੇਂ ਵਰਤੇ ਗਏ ਹੱਥਿਆਰ ਵੀ ਪੁਲਿਸ ਨੇ ਬਰਾਮਦ ਕਰ ਲਏ ਹਨ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਨੌਜਵਾਨ ਅੰਮ੍ਰਿਤਪਾਲ ਸਿੰਘ ਨਸ਼ੇੜੀ ਹੋਣ ਕਰਕੇ ਉਸਦੀ ਘਰਵਾਲੀ ਅਤੇ ਦੋ ਬੱਚੀਆਂ ਉਨੂੰ ਛੱਡ ਕੇ ਆਪਣੇ ਨਾਨਕੇ ਘਰ ਰਹਿ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਨੂੰ ਨਸ਼ਾ ਛੁਡਵਾਉਣ ਲਈ ਕਈ ਵਾਰ ਨਸ਼ਾ ਛੁਡਾਉ ਕੇਂਦਰ ਵਿੱਚ ਵੀ ਭਰਤੀ ਕਰਵਾਇਆ ਗਿਆ। ਪਰ ਤਾਂ ਵੀ ਇਸ ਨੇ ਨਸ਼ਾ ਨਹੀਂ ਛੱਡਿਆ। ਜਦ ਪਰਿਵਾਰ ਇਸ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ ਤਾਂ, ਇਸ ਨੇ ਪਰਿਵਾਰ ਹੀ ਉਜਾੜ ਦਿੱਤਾ। ਰਾਤ ਸੁੱਤੀ ਪਈ ਮਾਂ ਨੂੰ ਮਾਰ ਦਿੱਤਾ ਨਾਲ ਹੀ ਬਚਾਅ ਵਿੱਚ ਆਈ ਭਾਬੀ ਨੂੰ ਵੀ ਕਤਲ ਕਰ ਦਿੱਤਾ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਇਸ ਘਿਨਾਉਣੇ ਅਪਰਾਧ ਲਈ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ।  ਐਸਐਸਪੀ ਅੰਮ੍ਰਿਤਸਰ (ਦਿਹਾਤੀ) ਸਤਿੰਦਰ ਸਿੰਘ, ਐਸਪੀ ਹਰਿੰਦਰ ਸਿੰਘ ਗਿੱਲ ਸਮੇਤ ਸੀਨੀਅਰ ਪੁਲੀਸ ਅਧਿਕਾਰੀ ਜਾਂਚ ਲਈ ਮੌਕੇ ’ਤੇ ਪਹੁੰਚ ਗਏ ਹਨ। ਗਿੱਲ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਥਾਣਾ ਸਦਰ ਵਿਖੇ ਆਤਮ ਸਮਰਪਣ ਕਰ ਦਿੱਤਾ। ਦਰਅਸਲ ਉਸ ਨੇ ਘਟਨਾ ਬਾਰੇ ਪੁਲਿਸ ਨੂੰ ਦੱਸਿਆ।