ਚੰਡੀਗੜ੍ਹ, 06 ਅਗਸਤ 2024 : ਡਾਕਟਰਾਂ ਦੀ ਸਮੱਸਿਆਵਾਂ, ਰੁਕੀ ਹੋਈ ਤਰੱਕੀ, 6ਵੇਂ ਸੀਪੀਸੀ ਬਕਾਏ, ਸਟਾਫ ਦੀ ਘਾਟ, ਸੁਰੱਖਿਆ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀਸੀਐਮਐਸਏ) ਦੀ ਅਗਵਾਈ ਹੇਠ ਸਰਕਾਰੀ ਡਾਕਟਰ 9 ਸਤੰਬਰ ਨੂੰ ਹੜਤਾਲ ਕਰਨ ਜਾ ਰਹੇ ਹਨ। ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਡਾਕਟਰਾਂ ਦੇ ਹੜਤਾਲ ਜਾਣ ਤੋਂ ਪਹਿਲਾਂ ਸਰਕਾਰ ਡਾਕਟਰਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦਾ ਹੱਲ ਕਰੇ ਤਾਂ ਜੋ ਸਿਹਤ ਸੇਵਾਵਾਂ ਪ੍ਰਭਾਵਿਤ ਹੋਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰੀ ਡਾਕਟਰ ਪੰਜਾਬ ਵਿੱਚ ਸਿਹਤ ਸੇਵਾਵਾਂ ਦੀ ਰੀੜ੍ਹ ਦੀ ਹੱਡੀ ਹਨ। ਇਹ ਸਮਾਜ ਦੇ ਗ਼ਰੀਬ ਵਰਗ ਨਾਲ ਸਬੰਧਿਤ ਲੋਕ ਹਨ, ਜੋ ਆਮ ਤੌਰ 'ਤੇ ਇਲਾਜ ਲਈ ਸਰਕਾਰੀ ਹਸਪਤਾਲਾਂ ਦੀ ਚੋਣ ਕਰਦੇ ਹਨ। ਜੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਹੜਤਾਲ 'ਤੇ ਜਾਂਦੇ ਹਨ, ਤਾਂ ਇਹ ਗ਼ਰੀਬ ਲੋਕ, ਖ਼ਾਸ ਕਰ ਕੇ ਦਲਿਤ ਹਨ, ਜਿਨ੍ਹਾਂ ਨੂੰ ਨੁਕਸਾਨ ਹੋਵੇਗਾ। ਬਾਜਵਾ ਨੇ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਸਰਕਾਰ ਦੀ ਹੋਵੇਗੀ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇੱਕ ਤੋਂ ਬਾਅਦ ਇੱਕ ਡਾਕਟਰਾਂ, ਅਧਿਆਪਕਾਂ, ਕਲਰਕਾਂ ਆਦਿ ਸਮੇਤ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਵੱਖ-ਵੱਖ ਕਰਮਚਾਰੀਆਂ ਅਤੇ ਕਿਸਾਨਾਂ ਵਿਚ 'ਆਪ' ਸਰਕਾਰ ਪ੍ਰਤੀ ਅਸੰਤੁਸ਼ਟੀ ਪੈਦਾ ਹੋ ਰਹੀ ਹੈ। ਉਹ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹਾਲਾਂਕਿ, 'ਆਪ' ਸਰਕਾਰ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ 'ਆਪ' ਸਰਕਾਰ ਆਪਣੇ ਜ਼ਿਆਦਾਤਰ ਵਾਅਦਿਆਂ ਤੋਂ ਮੁੱਕਰ ਗਈ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ। ਬਾਜਵਾ ਨੇ ਕਿਹਾ ਕਿ ਇਸ ਦੌਰਾਨ ਅਯੋਗ ਝਾੜੂ ਪਾਰਟੀ ਨੂੰ ਇਸ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਕਿ ਸਰਕਾਰ ਅਤੇ ਵਿੱਤ ਕਿਵੇਂ ਚਲਾਇਆ ਜਾਵੇ।