
ਚੰਡੀਗੜ੍ਹ, 27 ਫਰਵਰੀ 2025 : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ 'ਤੇ ਵੱਡਾ ਨਿਸ਼ਾਨਾ ਸਾਧਿਆ ਹੈ। ਵੀਰਵਾਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਦਿਆਂ ਜਾਖੜ ਨੇ ਕਿਹਾ ਕਿ ਦਿੱਲੀ ਤੋਂ ਟਲ ਗਈ ਤਬਾਹੀ ਹੁਣ ਪੰਜਾਬ 'ਤੇ ਮੰਡਰਾਉਣ ਲੱਗੀ ਹੈ। ਜਿਸ ਤਰ੍ਹਾਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਿਛਲੇ ਕੁਝ ਦਿਨਾਂ ਤੋਂ ਪੰਜਾਬ 'ਚ ਰਹੇ ਹਨ, ਉਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੀਂਦ ਨਹੀਂ ਆ ਰਹੀ ਅਤੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਵਧ ਗਿਆ ਹੈ। ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਮਨੀਸ਼ ਸਿਸੋਦੀਆ ਪੰਜਾਬ ਦੀ ਨਵੀਂ ਸ਼ਰਾਬ ਨੀਤੀ ਤਿਆਰ ਕਰ ਰਹੇ ਹਨ, ਇਸ ਨਵੀਂ ਸ਼ਰਾਬ ਨੀਤੀ ਦੇ ਖਰੜੇ 'ਤੇ ਅੱਜ ਕੈਬਨਿਟ ਮੀਟਿੰਗ 'ਚ ਚਰਚਾ ਕੀਤੀ ਗਈ ਹੈ ਅਤੇ ਇਸ ਨੂੰ ਲਗਭਗ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਜਾਖੜ ਨੇ ਕਿਹਾ ਕਿ ਉਹ ਹੁਣ ਸੀ.ਐਮ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਲੈ ਕੇ ਚਿੰਤਤ ਹਨ। ਕਿਉਂਕਿ ਹੁਣ ਦਿੱਲੀ ਵਿਚ ਬਣੀ ਸ਼ਰਾਬ ਨੀਤੀ ਦੀ ਤਰਜ਼ 'ਤੇ ਪੰਜਾਬ ਵਿਚ ਵੀ ਨਵੀਂ ਸ਼ਰਾਬ ਨੀਤੀ ਬਣਾਈ ਜਾ ਰਹੀ ਹੈ।