
ਤਰਨਤਾਰਨ, 18 ਫਰਵਰੀ 2025 : ਤਰਨਤਾਰਨ ਦੇ ਝਬਾਲ ਵਿੱਚ ਬੀਤੀ ਦੇਰ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ੇਰਸ਼ਾਹ ਸ਼ੂਰੀ ਸੜਕ ਤੇ ਅੱਪਰਬਾਰੀ ਨਹਿਰ ਦੇ ਕੋਲ ਬੀਤੀ ਦੇਰ ਰਾਤ ਦੋ ਮੋਟਰਸਾਈਕਲਾਂ ਦੀ ਆਪਣੀ ਟੱਕਰ ਹੋ ਗਈ, ਟੱਕਰ ਐਨੀ ਕੁ ਭਿਆਨਕ ਸੀ ਕਿ ਹਾਦਸੇ ‘ਚ ਪਤੀ ਪਤਨੀ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਜਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਗੌਰਵ ਸਿੰਘ, ਪਤਨੀ ਮਾਨਸੀ ਕੌਰ ਵਾਸੀ ਪਿੰਡ ਗੰਡੀਵਿੰਡ ਅਤੇ ਜਸ਼ਨਦੀਪ ਸਿੰਘ ਵਜੋਂ ਹੋਈ ਹੈ। ਇਸ ਘਟਨਾਂ ਦੀ ਸੂਚਨਾ ਮਿਲਦਿਆਂ ਮੌਕੇ ਤੇ ਪੁੱਜੀ ਪੁਲਿਸ ਪਾਰਟੀ ਪੁੱਜੀ ਅਤੇ ਘਟਨਾਂ ਦਾ ਜਾਇਜਾ ਲਿਆ। ਮਿਲੀ ਜਾਣਕਾਰੀ ਅਨੁਸਾਰ ਗੌਰਵ ਸਿੰਘ ਆਪਣੀ ਪਤਨੀ ਮਾਨਸੀ ਕੌਰ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਝਬਾਲ ਨੂੰ ਜਾ ਰਿਹਾ ਸੀ, ਜਦੋਂ ਉਹ ਅੱਪਰਬਾਰੀ ਦੁਆਬ ਨਹਿਰ ਦੇ ਪੁਲ ਦੇ ਕੋਲ ਪੁੱਜੇ ਤਾਂ ਸਾਹਮਣੇ ਤੋਂ ਆਏ ਮੋਟਰਸਾਈਕਲ ਨਾਲ ਟੱਕਰ ਹੋ ਗਈ, ਜਿਸ ਤੇ ਰਾਹੁਲਦੀਪ ਸਿੰਘ ਤੇ ਜਸ਼ਨਦੀਪ ਸਿੰਘ ਵਾਸੀ ਪਿੰਡ ਗਹਿਰੀ ਸਵਾਰ ਸਨ, ਜੋ ਝਬਾਲ ਤੋਂ ਆਪਣੇ ਪਿੰਡ ਨੂੰ ਵਾਪਸ ਜਾ ਰਹੇ ਸਨ। ਇਸ ਹਾਦਸੇ ਵਿੱਚ ਗੌਰਵ ਸਿੰਘ ਤੇ ਪਤਨੀ ਮਾਨਸੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਜਸ਼ਨਦੀਪ ਸਿੰਘ ਦੀ ਹਸਪਤਾਲ ‘ਚ ਲਿਜਾਂਦੇ ਹੋਏ ਰਸਤੇ ਵਿੱਚ ਦਮਤੋੜ ਦਿੱਤਾ। ਇਸ ਸਬੰਧੀ ਏਐਸਆਈ ਰਾਜਪਾਲ ਸਿੰਘ ਨੇ ਦੱਸਿਆ ਕਿ ਹਾਦਸੇ ‘ਚ ਨੁਕਸਾਨੇ ਵਾਹਨਾਂ ਨੂੰ ਕਬਜੇੁ ਵਿੱਚ ਲੈ ਲਿਆ ਹੈ, ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਤਿੰਨ ਦੀ ਮੌਤ ਹੋਈ ਹੈ ਅਤੇ ਇੱਕ ਨੌਜਵਾਨ ਰਾਹੁਲਦੀਪ ਸਿੰਘ ਜੇਰੇ ਇਲਾਜ ਹੈ।