ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਰਾਜਸੀ ਵਿਰੋਧੀਆਂ ’ਤੇ ਤਨਜ਼ ਕੱਸਦਿਆਂ ਕਿਹਾ ਕਿ ਉਨ੍ਹਾਂ ਬਾਰੇ ਕੌਣ ਕੀ ਕਹਿੰਦਾ ਹੈ ਇਸਦੀ ਕੋਈ ਪਰਵਾਹ ਨਹੀਂ। ਮੁੱਖ ਮੰਤਰੀ ਨੇ ਅੱਜ ਮਿਉਂਸਪਲ ਭਵਨ ਵਿਖੇ ਵੱਖ-ਵੱਖ ਅਸਾਮੀਆਂ ਲਈ 360 ਉਮੀਦਵਾਰਾਂ, ਜਿਨ੍ਹਾਂ ਵਿਚ ਪਾਵਰਕਾਮ ਦੇ 249 ਅਤੇ ਲੋਕ ਨਿਰਮਾਣ ਵਿਭਾਗ ਵਿਚ 111 ਅਸਾਮੀਆਂ ਦੇ ਨਿਯੁਕਤੀ ਪੱਤਰ ਵੰਡਦੇ ਹੋਏ ਕਿਹਾ ਕਿ ਰਾਜਸੀ ਵਿਰੋਧੀ ਸਿਰਫ਼ ਅਖ਼ਬਾਰਾਂ ’ਚ ਬਿਆਨ ਲਗਾਉਣ ਲਈ ਬਿਆਨਬਾਜ਼ੀ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਬਾਰੇ ਜੋ ਪਰਚਾਰਿਆ ਜਾ ਰਿਹਾ ਹੈ ਅਸੀਂ ਉਹ ਨਹੀਂ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਤਾਣੀ ਉਲਝੀ ਹੋਈ ਹੈ, ਪਰ ਉਨ੍ਹਾਂ ਨੇ ਸੱਤ ਮਹੀਨਿਆਂ ਵਿਚ ਬਹੁਤ ਕੁਝ ਚੰਗਾਂ ਕੀਤਾ ਹੈ। ਉਨ੍ਹਾਂ ਦੀ ਕੋਸ਼ਿਸ਼ ਚੁੱਲ੍ਹਿਆਂ ਦੀ ਅੱਗ ਮਘਾਉਣ ਦੀ ਹੈ ਤਾਂ ਜੋ ਨੌਜਵਾਨ ਵਿਦੇਸ਼ਾਂ ਵੱਲ ਮੂੰਹ ਨਾ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤਕ 18543 ਲੋਕਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ ਤੇ 8736 ਕੱਚੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ ਹੈ ਅਤੇ ਅਗਾਮੀ ਦਿਨਾਂ ਵਿਚ 28 ਹਜ਼ਾਰ ਹੋਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸਾਰੀਆਂ ਕਾਨੂੰਨੀ ਬਾਰੀਕੀਆਂ ਦੂਰ ਕਰਨ ਦਾ ਯਤਨ ਕਰ ਰਹੇ ਹਾਂ ਤਾਂ ਜੋ ਭਵਿੱਖ ਵਿਚ ਕਿਸੇ ਨੂੰ ਕੋਈ ਕਾਨੂੰਨੀ ਅੜਿੱਕੇ ਦਾ ਸਾਹਮਣਾ ਨਾ ਕਰਨਾ ਪਵੇ। ਮੁੱਖ ਮੰਤਰੀ ਨੇ ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹਨਾਂ ਕੁਰਸੀਆਂ ’ਤੇ ਪਹਿਲਾਂ ਬੈਠਣ ਵਾਲੇ ਕਈ ਬਦਨਾਮੀ ਦਾ ਕਾਰਨ ਵੀ ਬਣੇ ਹੋਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ 2100 ਸਹਾਇਕ ਲਾਈਨਮੈਨਾਂ ਦੀ ਪਾਵਰਕਾਮ ’ਚ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਰਬੀਓ ਕੰਪਨੀ ਨੇ ਸੰਗਰੂਰ ਵਿਚ ਬਾਇਓ ਸੀਐੱਨਜੀ ਪ੍ਰੋਜੈਕਟ ਸਥਾਪਿਤ ਕੀਤਾ ਹੈ, ਜਿਸਦਾ ਉਦਘਾਟਨ 18 ਅਕਤੂਬਰ ਨੂੰ ਕੀਤਾ ਜਾ ਰਿਹਾ ਹੈ।