ਅੰਮ੍ਰਿਤਸਰ, 25 ਅਗਸਤ 2024 : ਅੱਜ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੰਮ੍ਰਿਤਸਰ ਸਾਹਿਬ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸਾਂ ‘ਚ ਫਸਾ ਕੇ ਉਨ੍ਹਾਂ ਦੀ ਪਾਰਟੀ ਨੂੰ ਤੋੜਨ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ। ਪਰ ਉਨ੍ਹਾਂ ਦੀਆਂ ਇਹ ਚਾਲਾਂ ਪਾਰਟੀ ਨੂੰ ਤੋੜਨ ਅਤੇ ਪਾਰਟੀ ਆਗੂਆਂ ਦਾ ਮਨੋਬਲ ਡੇਗਣ ਦੀਆਂ ਸਾਰੀਆ ਕੋਸਿਸਾਂ ਅਸਫਲ ਹੀ ਸਾਬਤ ਹੋ ਰਹੀਆਂ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ‘ਆਪ’ ਪਾਰਟੀ ਦੇ ਆਗੂਆਂ ਤੇ ਵਰਕਰਾਂ ਸਾਡਾ ਮਨੋਬਲ ਉੱਚਾ ਹੈ, ਅਤੀਤ ਵਿਚ ਵੀ ਸੱਚ ਦੀ ਜਿੱਤ ਹੋਈ ਹੈ ਤੇ ਭਵਿੱਖ ਵਿੱਚ ਵੀ ਸੱਚ ਦੀ ਜਿੱਤ ਹੋਵੇਗੀ। ਭਾਜਪਾ ਆਗੂਆਂ ਵੱਲੋਂ ਪਾਰਟੀ ਵਿੱਚ ਫੁੱਟ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਪਾਰਟੀ ਵਰਕਰ ਵਿਰੋਧੀਆਂ ਦੀ ਇਸ ਸਾਜ਼ਿਸ਼ ਨੂੰ ਬਿਲਕੁਲ ਵੀ ਕਾਮਯਾਬ ਨਹੀਂ ਹੋਣ ਦੇਣਗੇ। ਜਿਵੇਂ ਸੰਜੇ ਸਿੰਘ, ਸਿਸੋਦੀਆ ਅਤੇ ਹੋਰ ਆਗੂਆਂ ਨੂੰ ਇਨਸਾਫ਼ ਮਿਲਿਆ ਹੈ, ਇਸੇ ਤਰ੍ਹਾਂ ਜਲਦੀ ਹੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਨਿਆਂ ਜ਼ਰੂਰ ਮਿਲੇਗਾ। ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸ੍ਰੀ ਸਿਸੋਦੀਆ ਨੇ ਕਿਹਾ ਕਿ ਵਾਹਿਗੁਰੂ ਦੀ ਅਪਾਰ ਕਿਰਪਾ ਅਤੇ ਪਾਰਟੀ ਵਰਕਰਾਂ ਦੇ ਸਹਿਯੋਗ ਸਦਕਾ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ। ਸੱਚ ਦੀ ਜਿੱਤ ਹੋਈ ਹੈ, ਉਹ ਬੇਕਸੂਰ ਹਨ, ਘੁਟਾਲੇ ਵਿੱਚ ਉਸਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਰਹਿੰਦਿਆਂ ਵੀ ਉਨ੍ਹਾਂ ਨੇ ਰਿਹਾਈ ਤੋਂ ਬਾਅਦ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੀ ਇੱਛਾ ਪ੍ਰਗਟਾਈ ਸੀ। ਇਸ ਲਈ ਅੱਜ ਉਹ ਵਾਹਿਗੁਰੂ ਅੱਗੇ ਸ਼ੁਕਰਾਨੇ ਦੀ ਅਰਦਾਸ ਕਰਨ ਆਏ ਹਨ।