- ਅੱਗ ਲੱਗਣ ਕਾਰਨ ਨਹੀਂ ਖੁੱਲ੍ਹੀਆਂ ਕਾਰ ਦੀਆਂ ਤਾਂਕੀਆਂ
ਬਰਨਾਲਾ, 16 ਜੂਨ 2024 : ਦਰਦਨਾਕ ਹਾਦਸੇ ਵਿਚ ਕਾਰ ਨੂੰ ਅੱਗ ਲੱਗਣ ਕਾਰਨ ਕਾਰ ਚਾਲਕ ਦੀ ਮੌਤ ਹੋ ਗਈ। ਕਾਰ ਨੂੰ ਅੱਗ ਲੱਗਣ ਕਾਰਨ ਕਾਰ ਦੀਆਂ ਤਾਕੀਆਂ ਬੰਦ ਹੋ ਗਈਆਂ। ਜਿਸ ਕਾਰਨ ਕਾਰ ਚਾਲਕ ਕਾਰ ਦੇ ਅੰਦਰ ਹੀ ਝੁਲਸ ਗਿਆ। ਘਟਨਾ ਬਰਨਾਲਾ ਸ਼ਹਿਰ ਦੇ ਓਵਰਬ੍ਰਿਜ਼ ਜੋ ਕਿ ਮੋਗਾ ਵਾਲੀ ਸਾਈਡ ਨੂੰ ਜਾਂਦਾ ਹੈ, ਉੱਥੇ ਵਾਪਰੀ। ਮ੍ਰਿਤਕ ਦੀ ਪਹਿਚਾਣ ਜਗਤਾਰ ਸਿੰਘ ਵਾਸੀ ਦਰਾਜ ਜ਼ਿਲ੍ਹਾ ਬਰਨਾਲਾ ਦੇ ਤੌਰ ’ਤੇ ਹੋਈ। ਜਦੋਂ ਕਾਰ ਨੂੰ ਅੱਗ ਲੱਗੀ ਤਾਂ ਆਸੇ ਪਾਸੇ ਦੇ ਖੇਤਾਂ ਵਿਚ ਕੰਮ ਕਰਨ ਵਾਲੇ ਲੋਕ ਕਾਰ ਦੇ ਨਜਦੀਕੀ ਪੁੱਜੇ ਅਤੇ ਕਾਰ ਚਾਲਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਅੱਗ ਐਨੀ ਭਿਆਨਕ ਸੀ ਕਿ ਕਾਰ ਚਾਲਕ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਫਾਇਰ ਬ੍ਰਿਗੇਡ ਦੀ ਗੱਡੀ ਜਦੋਂ ਉੱਥੇ ਪੁੱਜੀ ਤਾਂ ਕਾਰ ਪੂਰੀ ਤਰ੍ਹਾਂ ਜਲ ਕੇ ਰਾਖ਼ ਹੋ ਚੁੱਕੀ ਸੀ ਅਤੇ ਮ੍ਰਿਤਕ ਵਿਅਕਤੀ ਕਾਰ ਵਿਚ ਹੀ ਮੱਚ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਦੇ ਮਾਮੇ ਦੇ ਲੜਕੇ ਜਸਵੀਰ ਸਿੰਘ ਨੇ ਦਸਿਆ ਕਿ ਮ੍ਰਿਤਕ ਮੇਰੀ ਭੂਆ ਦਾ ਲੜਕਾ ਸੀ, ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਦੇ ਇੱਕ ਲੜਕਾ ਅਤੇ ਇੱਕ ਲੜਕੀ ਹਨ। ਇਸ ਸਬੰਧੀ ਥਾਣਾ ਸਿਟੀ 2 ਦੇ ਐਸਐਚਓ ਨਿਰਮਲ ਸਿੰਘ ਨੇ ਦੱਸਿਆ ਕਿ ਬਰਨਾਲਾ ਦੇ ਮੋਗਾ ਬਾਈਪਾਸ ’ਤੇ ਇੱਕ ਆਲਟੋ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਆਮ ਲੋਕਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਗੱਡੀ ਵਿੱਚ ਇੱਕ ਵਿਅਕਤੀ ਸਵਾਰ ਸੀ, ਜੋ ਪੂਰੀ ਤਰ੍ਹਾਂ ਸੜ ਗਿਆ। ਮ੍ਰਿਤਕ ਦੀ ਪਛਾਣ ਹਰਚਰਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਦਰਾਜ ਵਜੋਂ ਹੋਈ ਹੈ। ਮ੍ਰਿਤਕ ਦੀ ਪਛਾਣ ਗੱਡੀ ਦੇ ਨੰਬਰ ਤੋਂ ਹੋ ਗਈ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।