ਜੋੜੇਪੁਲ ਨਹਿਰ ਵਿੱਚੋਂ ਕਾਰ ਅਤੇ 4 ਨੌਜਵਾਨਾਂ ਦੀਆਂ ਮਿਲੀਆਂ ਲਾਸਾਂ, 10 ਮਈ ਤੋਂ ਸਨ ਲਾਪਤਾ

ਜੋੜੇਪੁਲ, 14 ਮਈ 2025 : ਖੰਨਾ ਨੇੜੇ ਵਾਪਰੇ ਇੱਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਤਈ ਖਬਰ ਸਾਹਮਣੇ ਆਈ ਹੈ। ਜਾਕਣਾਰੀ ਅਨੁਸਾਰ ਜੋੜੇਪੁਲ ਨੇੜਲੇ ਇਲਾਕੇ ਵਿੱਚ ਸੋਮਵਾਰ ਦੀ ਸਵੇਰੇ ਭਿਆਨਕ ਹਾਦਸੇ ‘ਚ ਜੋੜੇਪੁਲ ਨਹਿਰ ਵਿੱਚੋਂ ਇਕ ਕਾਰ ਨੂੰ ਗੋਤਾਖੋਰਾਂ ਨੇ ਬਾਹਰ ਕੱਢਿਆ। ਇਹ ਉਹੀ ਕਾਰ ਸੀ ਜਿਸ ਸਮੇਤ ਚਾਰ ਨੌਜਵਾਨ 10 ਮਈ ਦੀ ਰਾਤ ਤੋਂ ਲਾਪਤਾ ਹੋ ਗਏ ਸਨ। ਕਾਰ ਦੇ ਮਿਲਣ ਨਾਲ ਹੀ ਇਹ ਗੁੱਥੀ ਹੱਲ ਹੋ ਗਈ ਕਿ ਉਹ ਨੌਜਵਾਨ ਕਿੱਥੇ ਗਾਇਬ ਹੋਏ ਸਨ। ਦੁਖਦਾਈ ਗੱਲ ਇਹ ਰਹੀ ਕਿ ਚਾਰਾਂ ਦੀ ਲਾਸ਼ਾਂ ਵੀ ਕਾਰ ’ਚੋਂ ਮਿਲੀਆਂ। ਮ੍ਰਿਤਕਾਂ ਦੀ ਪਛਾਣ ਜਤਿੰਦਰ ਕੁਮਾਰ (50)  ਜੈਪੁਰ, ਗੋਪਾਲ ਕ੍ਰਿਸ਼ਨ (28) ਜੈਪੁਰ, ਸੁਜਾਨ ਮਲਿਕ (22) ਹਿਮਾਚਲ ਪ੍ਰਦੇਸ਼ ਅਤੇ ਗਗਨ ਭਵਾਨੀਗੜ੍ਹ ਵਜੋਂ ਹੋਈ ਹੈ। ਇਹ ਸਾਰੇ ਨੌਜਵਾਨ ਧੂਰੀ ਰੋਡ ਨੇੜਲੇ ਪਿੰਡ ਸਾਂਗਲਾ ਵਿਚ ਸਥਿਤ ਭਾਰਤ ਆਟੋ ਕਾਰ ਏਜੰਸੀ ਵਿੱਚ ਕੰਮ ਕਰਦੇ ਸਨ। ਮ੍ਰਿਤਕਾਂ ਵਿੱਚ ਇੱਕ ਮੈਨੇਜਰ, ਇੱਕ ਸਟੋਰਕੀਪਰ ਅਤੇ ਦੋ ਹੋਰ ਕਰਮਚਾਰੀ ਸ਼ਾਮਲ ਸਨ। ਇਹ ਨੌਜਵਾਨ ਬਲੈਕਆਊਟ ਦੌਰਾਨ ਬਿਨਾਂ ਕਿਸੇ ਨੂੰ ਦੱਸੇ ਹਰਿਦੁਆਰ ਜਾਣ ਲਈ ਨਿਕਲੇ ਸਨ। ਜਿਵੇਂ ਹੀ ਪਰਿਵਾਰਾਂ ਨੇ ਸੰਪਰਕ ਨਾ ਹੋਣ ਦੀ ਜਾਣਕਾਰੀ ਦਿੱਤੀ, ਉਨ੍ਹਾਂ ਨੇ ਪੁਲਿਸ ਨਾਲ ਸੰਪਰਕ ਕੀਤਾ। ਮੋਬਾਈਲ ਦੀ ਆਖਰੀ ਲੋਕੇਸ਼ਨ ਜੋੜੇਪੁਲ ਨਹਿਰ ਦੇ ਨੇੜੇ ਮਿਲੀ, ਜਿਸ ਦੇ ਆਧਾਰ ’ਤੇ ਨਹਿਰ ਵਿੱਚ ਤਲਾਸ਼ੀ ਸ਼ੁਰੂ ਕੀਤੀ ਗਈ। ਗੋਤਾਖੋਰਾਂ ਨੇ ਕਈ ਦਿਨਾਂ ਦੀ ਜਦੋ-ਜਹਦ ਤੋਂ ਬਾਅਦ ਅੱਜ ਨਹਿਰ ਵਿੱਚੋਂ ਕਾਰ ਨੂੰ ਬਾਹਰ ਕੱਢਿਆ। ਭਾਰਤ ਆਟੋ ਏਜੰਸੀ ਦੇ ਮਾਲਕ ਨੇ ਦੱਸਿਆ ਕਿ ਇਹ ਚਾਰੇ ਕਰਮਚਾਰੀ ਇਕੱਠੇ ਬਿਨਾਂ ਕਿਸੇ ਨੋਟਿਸ ਦੇ ਰਾਤ ਨੂੰ ਗਏ, ਅਤੇ ਗੇਟਕੀਪਰ ਨੇ ਇਸ ਬਾਰੇ ਦੱਸਿਆ। ਕਈ ਕੋਸ਼ਿਸ਼ਾਂ ਬਾਵਜੂਦ ਸੰਪਰਕ ਨਹੀਂ ਬਣ ਸਕਿਆ, ਜਿਸ ਤੋਂ ਬਾਅਦ ਗੰਭੀਰਤਾ ਨਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਜਿਵੇਂ ਹੀ ਕਾਰ ਮਿਲਣ ਦੀ ਖ਼ਬਰ ਆਈ, ਸਾਰੇ ਕਰਮਚਾਰੀ ਅਤੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚ ਗਏ।  ਪੁਲਿਸ ਚੌਕੀ ਇੰਚਾਰਜ ਹਰਜਿੰਦਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਲੇਰਕੋਟਲਾ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰਕ ਬਿਆਨਾਂ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ ‘ਤੇ ਹੀ ਅਗਲੀ ਕਾਨੂੰਨੀ ਕਾਰਵਾਈ ਹੋਵੇਗੀ।