ਆਨੰਦਪੁਰ ਸਾਹਿਬ, 28 ਜੁਲਾਈ : ਨੇੜਲੇ ਪਿੰਡ ਭਲਾਣ ਮਜਾਰਾ ਕੋਲ ਬੱਸ ਦੀ ਟੱਕਰ ਨਾਲ ਤਿੰਨ ਮੋਟਰ ਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। ਤਿੰਨੇ ਨੌਜਵਾਨਾਂ ਦੀ ਉਮਰ 20- 25 ਸਾਲ ਵਿਚਕਾਰ ਦੱਸੀ ਜਾ ਰਹੀ ਹੈ। ਤਿੰਨਾਂ ਦੀਆਂ ਲਾਸ਼ਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੁਰਦਾਘਰ ’ਚ ਰੱਖਿਆ ਗਿਆ ਹੈ। ਮ੍ਰਿਤਕ ਨੌਜਵਾਨਾਂ ਦੀ ਪੂਰੀ ਤਰ੍ਹਾਂ ਸ਼ਨਾਖ਼ਤ ਨਹੀਂ ਹੋ ਸਕੀ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਇੱਕ ਤੇਜ਼ ਰਫ਼ਤਾਰ ਬੱਸ ਊਨਾ ਹਿਮਾਚਲ ਪ੍ਰਦੇਸ਼ ਤੋਂ ਰੋਪੜ ਚੰਡੀਗੜ੍ਹ ਵੱਲ ਨੂੰ ਜਾ ਰਹੀ ਸੀ। ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਨੰਗਲ ਵੱਲ ਨੂੰ ਜਾ ਰਹੇ ਸੀ। ਲੋਕਾਂ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਨਯਾ ਨੰਗਲ ਪੁਲਿਸ ਨੂੰ ਮੌਕੇ ’ਤੇ ਦਿੱਤੀ ਪਰ ਜਦੋਂ ਤੱਕ ਪੁਲਿਸ ਪਹੁੰਚੀ ਨੌਜਵਾਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਭੇਜ ਦਿੱਤਾ ਗਿਆ ਸੀ। ਦੋ ਨੌਜਵਾਨਾਂ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ ਪਰ ਸ੍ਰੀ ਅਨੰਦਪੁਰ ਸਾਹਿਬ ਹਸਤਪਾਲ ‘ਚ ਭੇਜਣ ਸਮੇਂ ਇੱਕ ਨੌਜਵਾਨ ਦੇ ਸਾਹ ਚੱਲ ਰਹੇ ਸੀ। ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ।ਮ੍ਰਿਤਕ ਨੌਜਵਾਨਾਂ ਕੋਲ਼ੋਂ ਇੱਕ ਅਧਾਰ ਕਾਰਡ ਬਰਾਮਦ ਹੋਇਆ ਹੈ, ਜਿਸ ਵਿੱਚ ਇੱਕ ਨੌਜਵਾਨ ਦਾ ਨਾਮ ਚੰਦਨ ਪੁੱਤਰ ਯੋਗਿੰਦਰ ਕਮਹਰੀਆ, ਵਾਸੀ ਮਹਾਂਰਾਜਗੰਜ ਰਾਮਪੁਰਕਲਾ ਉੁਤਰ ਪ੍ਰਦੇਸ਼ ਲਿਖਿਆ ਹੋਇਆ ਹੈ। ਮੋਟਰ ਸਾਈਕਲ ਦੇ ਦਸਤਾਵੇਜ ਤੋਂ ਪਤਾ ਲੱਗਦਾ ਹੈ ਕਿ ਮੋਟਰ ਸਾਈਕਲ ਨੰਬਰ ਪੀਬੀ 32 ਐਕਸ 7664 ਜੋ ਕਿ 2017 ਮਾਡਲ ਹੈ। ਉਸ ’ਤੇ ਨੌਜਵਾਨ ਦਾ ਨਾਮ ਆਲੋਕ ਪੁੱਤਰ ਲਵਕੇਸ਼ ਲਿਖਿਆ ਹੋਇਆ ਹੈ।