ਫਰੀਦਕੋਟ, 17 ਨਵੰਬਰ : ਜਿਲ੍ਹਾ ਸੰਗਰੂਰ ਦੇ ਇੱਕ ਲੜਕੇ ਅਤੇ ਬਰਨਾਲਾ ਦੀ ਇੱਕ ਲੜਕੀ ਨੇ ਫਰੀਦਕੋਟ ਦੇ ਅਧੀਨ ਆਉਂਦੇ ਪਿੰਡ ਕਲੇਰ ਦੇ ਸਰਕਾਰੀ ਮਿਡਲ ਸਕੂਲ ਵਿੱਚ ਕੋਈ ਜ਼ਹਿਰੀਲੀ ਦਵਾਈ ਪੀ ਕੇ ਖੁਦਕਸ਼ੀ ਕਰ ਲੈਣ ਦੀ ਖਬਰ ਹੈ। ਇਸ ਘਟਨਾਂ ਦਾ ਉਸ ਸਮੇਂ ਪਤਾ ਲੱਗਾ ਜਦੋਂ ਇੱਕ ਕਰਮਚਾਰੀ ਸਕੂਲ ਵਿੱਚ ਸਫਾਈ ਕਰ ਲਈ ਪਹੁੰਚਿਆ। ਜਿਸ ਤੋਂ ਬਾਅਦ ਉਸਨੇ ਪਿੰਡ ਦੀ ਪੰਚਾਇਤ ਨੂੰ ਸੂਚਿਤ ਕੀਤਾ ਅਤੇ ਪੰਚਾਇਤ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਦੋਂ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਗਈ ਤਾਂ ਲੜਕੇ ਦੀ ਮੌਤ ਹੋ ਚੁੱਕੀ ਸੀ ਅਤੇ ਲੜਕੀ ਦੇ ਸ਼ਾਹ ਚੱਲ ਰਹੇ ਸਨ। ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਫਰੀਦਕੋਟ ਵਿਖੇ ਲਿਜਾਇਆ ਗਿਆ, ਪਰ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕਾਂ ਦੀ ਪਛਾਣ ਸੰਗਰੂਰ ਦੇ ਪਿੰਡ ਕਾਂਝਲਾ ਦੇ ਰਹਿਣ ਵਾਲੇ ਬਿੰਦਰ ਸਿੰਘ ਅਤੇ ਬਰਨਾਲਾ ਦੇ ਪਿੰਡ ਕਾਲੇਕੇ ਦੀ ਰਹਿਣ ਵਾਲੀ ਹਰਮਨਦੀਪ ਕੌਰ ਵਜੋਂ ਹੋਈ ਹੈ। ਜ਼ਹਿਰੀਲੀ ਦਵਾਈ ਪੀਣ ਤੋਂ ਪਹਿਲਾਂ ਉਨ੍ਹਾਂ ਨੇ ਸਕੂਲ ਦੇ ਬਾਥਰੂਮ ਦੀ ਕੰਧ 'ਤੇ ਆਪਣੇ ਪਿੰਡ ਦਾ ਨਾਂ ਅਤੇ ਮੋਬਾਈਲ ਨੰਬਰ ਲਿਖ ਦਿੱਤਾ। ਉਨ੍ਹਾਂ ਦੇ ਆਧਾਰ ਕਾਰਡ ਵੀ ਬਰਾਮਦ ਕਰ ਲਏ ਗਏ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਦੋਵੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ ਅਤੇ ਸਕੂਲ ਆਉਣ ਤੋਂ ਬਾਅਦ ਉਨ੍ਹਾਂ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਆਈ ਜੋਗਿੰਦਰ ਕੌਰ ਨੇ ਦੱਸਿਆ ਕਿ ਇਸ ਘਟਨਾਂ ਬਾਰੇ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।