- ਸ਼ਹੀਦ ਈਸ਼ਰ ਸਿੰਘ ਦੇ ਜੱਦੀ ਪਿੰਡ ਝੋਰੜਾਂ ਵਿਖੇ 15 ਸਤੰਬਰ ਨੂੰ ਕਰਵਾਇਆ ਜਾਵੇਗਾ ਸਮਾਗਮ
ਰਾਏਕੋਟ, 11 ਸਤੰਬਰ (ਰਘਵੀਰ ਸਿੰਘ ਜੱਗਾ) : ਨੇੜਲੇ ਪਿੰਡ ਝੋਰੜਾਂ ਦੇ ਹੌਲਦਾਰ ਈਸ਼ਰ ਸਿੰਘ ਦੀ ਕਮਾਂਡ ਹੇਠ 12 ਸਤੰਬਰ 1897 ਨੂੰ ਲੜੀ ਗਈ ਸਾਰਾਗੜ੍ਹੀ ਦੀ ਜੰਗ ਪੂਰੇ ਵਿਸ਼ਵ ’ਚ ਪ੍ਰਸਿੱਧ ਹੈ। ਇਹ ਜੰਗ 21 ਸਿੱਖ ਬਹਾਦਰ ਸਿਪਾਹੀਆਂ ਦੀ ਬਹਾਦਰੀ ਦੀ ਅਦੁੱਤੀ ਮਿਸਾਲ ਪੇਸ਼ ਕਰਦੀ ਹੈ, ਜਿੰਨ੍ਹਾਂ 21 ਜਵਾਨਾਂ ਨੇ 12000 ਅਫਗਾਨੀਆਂ ਦਾ ਡਟ ਕੇ ਮੁਕਾਬਲਾ ਹੀ ਨਹੀਂ ਕੀਤਾ ਸਗੋਂ ਦੁਸ਼ਮਣ ਦਾ ਭਾਰੀ ਨੁਕਸ਼ਾਨ ਕਰਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਹ ਲੜਾਈ ਬ੍ਰਿਟਿਸ਼-ਭਾਰਤੀ ਫੌਜ 36 ਸਿੱਖ ਰੈਜਮੈਂਟ’ ਜੋ ਹੁਣ 4 ਸਿੱਖ ਰੈਜਮੈਂਟ ਅਖਵਾਉਂਦੀ ਹੈ, ਦੇ 21 ਜਾਂਬਾਜ ਜਵਾਨਾਂ ਤੇ ਅਫ਼ਗ਼ਾਨੀ ਪਠਾਣਾਂ ਅਤੇ ਅਫ਼ਰੀਦੀ ਕਬਾਇਲੀਆਂ ਵਿਚਕਾਰ ਸਾਰਾਗੜ੍ਹੀ ਵਿਖੇ ਲੜੀ ਗਈ ਸੀ। ਸਾਰਾਗੜ੍ਹੀ ਸਮਾਨਾ ਘਾਟੀ ’ਚ ਕੋਹਾਟ ਜ਼ਿਲ੍ਹੇ ਦਾ ਪਿੰਡ ਹੈ, ਜਿੱਥੋਂ ਕੁਹਾਟ 35 ਮੀਲ ਅਤੇ ਪਿਸ਼ਾਵਰ 50 ਕੁ ਮੀਲ ਦੀ ਦੂਰੀ ’ਤੇ ਪੈਂਦਾ ਹੈ। ਇਸ ਚੌਕੀ ਦੀ ਅਹਿਮੀਅਤ ਇਸ ਕਰਕੇ ਵੀ ਜ਼ਿਆਦਾ ਹੈ ਕਿ ਲੋਕਹਾਰਟ ਕਿਲ੍ਹਾ ਤੇ ਗੁਲਸਤਾਨ ਕਿਲ੍ਹੇ ਵਿਚਕਾਰ 6 ਕਿਲੋਮੀਟਰ ਦਾ ਫਾਸਲਾ ਹੈ। ਇਨ੍ਹਾਂ ਦੋਵਾਂ ਕਿਲਿ੍ਹਆਂ ਦੇ ਵਿਚਕਾਰ ਨੀਵੇਂ ਇਲਾਕੇ ਵਿੱਚ ਸਾਰਾਗੜ੍ਹੀ ਸਥਿਤ ਹੈ। ਨਿਰੋਲ ਪਹਾੜੀ ਇਲਾਕਾ ਹੈ। ਇਨ੍ਹਾਂ ਦੋਵਾਂ ਕਿਲਿ੍ਹਆਂ ਨੂੰ ਝੰਡੀ ਦਿਖਾਉਣ ਲਈ ਇਸ ਚੌਕੀ ਦੀ ਸਥਾਪਨਾ ਕੀਤੀ ਗਈ ਸੀ।12 ਸਤੰਬਰ ਨੂੰ 12000 ਅਫਗਾਨੀਆਂ ਨੇ ਸਾਰਾਗੜ੍ਹੀ ’ਤੇ ਹਮਲਾ ਕਰ ਦਿੱਤਾ। ਹਵਲਦਾਰ ਈਸ਼ਰ ਸਿੰਘ ਗਿੱਲ ਦੀ ਅਗਵਾਈ ਵਿੱਚ ਇਹਨਾਂ ਸੂਰਬੀਰ 21 ਸਿੱਖਾਂ ਜਵਾਨਾਂ ਨੇ ਗ਼ੈਰ ਮੁਕਾਬਲਤਨ ਲੜਾਈ ਵਿੱਚ 12000 ਹਜ਼ਾਰ ਅਫਗਾਨਾਂ ਦਾ ਮੁਕਾਬਲਾ ਕਰਨ ਦਾ ਫ਼ੈਸਲਾ ਕੀਤਾ। ਦੁਸ਼ਮਣਾਂ ਨੇ ਹਵਲਦਾਰ ਈਸ਼ਰ ਸਿੰਘ ਗਿੱਲ ਨੂੰ ਚੌਕੀ ਖਾਲੀ ਕਰਨ ਲਈ ਬਹੁਤ ਲਾਲਚ ਦਿੱਤੇ ਪਰ ਅਣਖੀਲੇ ਸਿਪਾਹੀਆਂ ਨੇ ਸਾਰੇ ਲਾਲਚ ਠੁਕਰਾ ਦਿੱਤੇ। ਅੰਗਰੇਜ਼ ਅਫਸਰ ਕਰਨਲ ਹਾਰਟਨ ਲੋਕਹਾਰਟ ਦੇ ਕਿਲੇ ਤੋਂ ਸਭ ਕੁਝ ਦੇਖ ਰਿਹਾ ਸੀ। ਉਸ ਨੇ ਸਹਾਇਤਾ ਭੇਜਣ ਦਾ ਯਤਨ ਕੀਤਾ ਪਰ ਕੋਸ਼ਿਸ਼ ਅਸਫਲ ਰਹੀ, ਕਿਉਂਕਿ ਸਾਰਾ ਇਲਾਕਾ ਦੁਸ਼ਮਣਾਂ ਦੇ ਘੇਰੇ ਵਿੱਚ ਸੀ। ਸੈਂਕੜੇ ਅਫਗਾਨਾਂ ਨੂੰ ਮੌਤ ਦੀ ਨੀਂਦ ਸੁਲਾਉਣ ਤੋਂ ਬਾਅਦ ਹਵਲਦਾਰ ਈਸ਼ਰ ਸਿੰਘ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਹੋਏ ਬਿਨਾਂ ਹਥਿਆਰ ਹੀ ਦੁਸ਼ਮਣਾਂ ’ਤੇ ਟੁੱਟ ਪਏ ਅਤੇ 20 ਤੋਂ ਵੱਧ ਨੂੰ ਮਾਰ ਸੁੱਟਿਆ। ਦੁਸ਼ਮਣਾਂ ਦੇ ਕੰਧ ਵਿੱਚ ਪਾੜ ਪਾ ਲੈਣ ਦੇ ਬਾਵਜੂਦ ਸਿੱਖਾਂ ਨੇ ਉਹਨਾਂ ਨੂੰ ਚੌਂਕੀ ‘ਤੇ ਕਬਜ਼ਾ ਨਹੀਂ ਕਰਨ ਦਿੱਤਾ। 12000 ਦੀ ਫੌਜ ਦੇ ਮੁਕਾਬਲੇ 21 ਸਿਪਾਹੀ, ਪਰ ਇਹਨਾਂ ਬਹਾਦਰ ਸਿਪਾਹੀਆਂ ਨੇ ਜਿਉਂਦੇ ਜੀ ਚੌਂਕੀ ‘ਤੇ ਕਬਜ਼ਾ ਨਹੀਂ ਹੋਣ ਦਿੱਤਾ। ਇਸ ਅਦੁੱਤੀ ਬਹਾਦਰੀ ਦੀ ਖ਼ਬਰ ਨਾਲ ਪੂਰੀ ਦੁਨੀਆ ਦੰਗ ਰਹਿ ਗਈ। ਬ੍ਰਿਟਿਸ਼ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਮੈਂਬਰਾਂ ਨੇ ਖੜ੍ਹੇ ਹੋ ਕੇ ਇਹਨਾਂ ਸੂਰਬੀਰ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਿੱਖ ਰੈਜੀਮੈਂਟ ਦੇ ਇਹਨਾਂ 21 ਸਿਪਾਹੀਆਂ ਨੂੰ ਮਰਨ ਉਪਰੰਤ ‘ਇੰਡੀਅਨ ਆਰਡਰ ਆਫ ਮੈਰਿਟ’ ਨਾਲ ਸਨਮਾਨਿਆ ਗਿਆ ਜੋ ਅੱਜ ਦੇ ਪਰਮਵੀਰ ਚੱਕਰ ਦੇ ਬਰਾਬਰ ਦਾ ਸਨਮਾਨ ਸੀ। ਇਸ ਯੁੱਧ ਤੋਂ ਪਹਿਲਾਂ ‘ਤੇ ਬਾਅਦ ਵਿੱਚ ਹੁਣ ਤੱਕ ਇੰਨਾ ਵੱਡਾ ਇਕੱਠਾ ਸਨਮਾਨ ਕਿਸੇ ਵੀ ਫੌਜੀ ਰੈਜੀਮੈਂਟ ਨੂੰ ਅੱਜ ਤੱਕ ਨਹੀਂ ਮਿਲਿਆ। ਇੰਗਲੈਂਡ ਅਤੇ ਕੈਨੇਡਾ ਵਿੱਚ ਅੱਜ ਵੀ ਸਾਰਾਗੜ੍ਹੀ ਦਿਵਸ ਕਾਫੀ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ, ਜਿਥੇ ਕਿ ਸਰਕਾਰੀ ਨੁਮਾਇੰਦੇ, ਸ਼ਹੀਦ ਫੌਜੀਆਂ ਦੇ ਪਰਿਵਾਰ ਅਤੇ ਸਿੱਖ ਸਾਬਕਾ ਫੌਜੀ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚਦੇ ਹਨ।ਇਹਨਾਂ 21 ਬਹਾਦਰ ਸਿਪਾਹੀਆਂ ਦੀ ਜਿਹੜੀ ਪ੍ਰੇਰਣਾਦਾਇਕ ਦਾਸਤਾਨ ਫਰਾਂਸ ਦੇ ਸਕੂਲਾਂ ਦੇ ਸਿਲੇਬਸ ਵਿੱਚ ਪੜ੍ਹਾਈ ਜਾ ਰਹੀ ਹੈ।
ਜੱਦੀ ਪਿੰਡ ਝੋਰੜਾਂ ਵਿਖੇ 15 ਸਤੰਬਰ ਨੂੰ ਕਰਵਾਇਆ ਜਾਵੇਗਾ ਸਮਾਗਮ
ਸਾਰਾਗੜ੍ਹੀ ਦੇ ਸ਼ਹੀਦ ਹਵਲਦਾਰ ਈਸ਼ਰ ਸਿੰਘ ਦੇ ਪੜਪੋਤਰੇ ਜਗਦੇਵ ਸਿੰਘ ਝੋਰੜਾਂ ਨੇ ਦੱਸਿਆ ਕਿ ਜੱਦੀ ਪਿੰਡ ਝੋਰੜਾਂ ਵਿਖੇ ਸਲਾਨਾ ਬਰਸੀ ਸਮਾਗਮ ਨੂੰ ਲੈ ਕੇ 13 ਸਤੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਅਤੇ 15 ਸਤੰਬਰ ਨੂੰ ਭੋਗ ਪਾਏ ਜਾਣਗੇ, ਇਸ ਮੌਕੇ ਸਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ ਅਤੇ 4 ਸਿੱਖ ਰੈਜੀਂਮੈਂਟ ਵਿੱਚੋਂ ਵਿਸ਼ੇਸ਼ ਤੌਰ ਤੇ ਪੁੱਜ ਕੇ ਸਲਾਮੀ ਦਿੱਤੀ ਜਾਵੇਗੀ।
ਸ਼ਹੀਦ ਈਸ਼ਰ ਸਿੰਘ ਦੀ ਯਾਦ ਵਿੱਚ ਜੱਦੀ ਪਿੰਡ ਝੋਰੜਾਂ ਵਿਖੇ ਬਣਿਆ ਹਸਪਤਾਲ ਡਾਕਟਰਾਂ ਦੀ ਉਡੀਕ ‘ਚ
ਸਾਰਾਗੜ੍ਹੀ ਦੇ ਸ਼ਹੀਦ ਹਵਲਦਾਰ ਈਸ਼ਰ ਸਿੰਘ ਦੇ ਪੜਪੋਤਰੇ ਸੰਤੋਖ ਸਿੰਘ ਝੋਰੜਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਸਾਰਾਗੜ੍ਹੀ ਦੀ ਲੜਾਈ ਬਾਰੇ ਸਾਰੀ ਦੁਨੀਆਂ ਜਾਣਦੀ ਹੈ, ਪਰ ਇੱਥੇ ਦੀਆਂ ਸਰਕਾਰਾਂ ਨੇ ਜੰਗ ਦੇ ਹੀਰੋ ਹਵਲਦਾਰ ਈਸ਼ਰ ਸਿੰਘ ਦੀ ਕੁਰਬਾਨੀ ਨੂੰ ਵਿਸਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਰਕਾਰਾਂ ਵੱਲੋਂ ਅੱਜ ਤੱਕ ਉਨ੍ਹਾਂ ਦੇ ਪਰਿਵਾਰ ਨੂੰ ਨਾ ਕੋਈ ਸਨਮਾਨ ਦਿੱਤਾ ਅਤੇ ਨਾ ਕੋਈ ਸਹੂਲਤ ਦਿੱਤੀ ਗਈ ਹੈ। ਸੰਤੋਖ ਸਿੰਘ ਝੋਰੜਾਂ ਨੇ ਦੱਸਿਆ ਕਿ ਸਾਰਾਗੜ੍ਹੀ ਦੇ ਨਾਇਕ ਸ਼ਹੀਦ ਈਸ਼ਰ ਸਿੰਘ ਦੀ ਯਾਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਉਸ ਸਮੇਂ ਦੇ ਕੈਬਨਿਟ ਮੰਤਰੀ ਕੰਵਲਜੀਤ ਸਿੰਘ ਵੱਲੋਂ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਜੋ ਇੱਕ ਐਲਾਨ ਤੱਕ ਹੀ ਸੀਮਿਤ ਰਹਿ ਗਿਆ ਸੀ। ਉਨ੍ਹਾਂ ਦੱਸਿਆ ਕਿ ਪਿਛਲੀ ਕਾਂਗਰਸ ਦੀ ਸਰਕਾਰ ਸਮੇਂ ਪਾਰਲੀਮੈਂਟ ਮੈਂਬਰ ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਸ਼ਹੀਦ ਈਸ਼ਰ ਸਿੰਘ ਜੀ ਦੀ ਯਾਦ ਵਿੱਚ ਇੱਕ 10 ਬੈਂਡ ਦਾ ਹਸਪਤਾਲ ਪਾਸ ਕਰਵਾ ਕੇ ਬਿਲਡਿੰਗ ਬਣਵਾਈ ਗਈ ਸੀ, ਜਿਸ ਨੂੰ ਤਿਆਰ ਹੋਈ ਨੂੰ ਵੀ 2 ਸਾਲ ਤੋਂ ਜਿਆਦਾ ਦਾ ਸਮਾਂ ਹੋ ਗਿਆ ਹੈ। ਪਰ ਡਾਕਟਰਾਂ ਦੀ ਤੈਨਾਤੀ ਅੱਜ ਤੱਕ ਨਹੀਂ ਹੋ ਸਕੀ। ਸੰਤੋਖ ਸਿੰਘ ਨੇ ਦੱਸਿਆ ਕਿ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਫਿਰੋਜ਼ਪੁਰ ਵਿਖੇ ਬਣੀ ਯਾਦਗਾਰ ਤੇ ਸਰਕਾਰ ਵੱਲੋਂ ਕਰਵਾਏ ਜਾਂਦੇ ਰਾਜ ਪੱਧਰੀ ਸਮਾਗਮ ਵਿੱਚ ਉਨ੍ਹਾਂ ਵੱਲੋਂ ਸਿਹਤ ਵਿਭਾਗ ਦੇ ਅਫਸਰਾਂ ਨੂੰ ਹਸਪਤਾਲ ਨੂੰ ਚਾਲੂ ਕਰਨ ਲਈ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਸ ਮੰਗ ਪੱਤਰ ਦਾ ਵਿਭਾਗ ਵੱਲੋਂ ਹਸਪਤਾਲ ਨੂੰ ਚਲਾਉਣ ਲਈ ਜਵਾਬ ਵੀ ਆਇਆ ਸੀ, ਪਰ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਹਸਪਤਾਲ ਵਿੱਚ ਡਾਕਟਰਾਂ ਦੀ ਤੈਨਾਤੀ ਨਹੀਂ ਹੋ ਸਕੀ।
ਸ਼ਹੀਦ ਈਸ਼ਰ ਸਿੰਘ ਦੇ ਪੜਪੋਤਰੇ ਦਾ ਅੱਜ ਹੋਵੇਗਾ ਇੰਗਲੈਂਡ ਪਾਰਲੀਮੈਂਟ ਵਿੱਚ ਸਨਮਾਨ
ਇੰਗਲੈਂਡ ਦੇ ਵੁਲਵਰਹੈਪਟਨ ਦੇ ਗੁਰਦੁਆਰਾ ਗੁਰੁ ਨਾਨਕ ਸਾਹਿਬ ਵਿਖੇ ਸਾਰਾਗੜ੍ਹੀ ਦੇ ਨਾਇਕ ਹਵਲਦਾਰ ਈਸ਼ਰ ਸਿੰਘ ਦੇ ਪੜਪੋਤਰੇ ਸੰਤੋਖ ਸਿੰਘ ਦਾ ਗੁਰਦੁਆਰਾ ਕਮੇਟੀ ਅਤੇ ਸੰਗਤਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਬ੍ਰਿਗੇਡੀਅਰ ਜਿਊਲ ਕੈਂਡਲ, ਸਾਰਾਗੜ੍ਹੀ ਫਾਉਂਡੇਸ਼ਨ ਦੇ ਚੇਅਰਮੈਨ ਡਾ. ਗੁਰਿੰਦਰਪਾਲ ਸਿੰਘ ਜੋਸ਼ਨ, ਪੇਜਾਦਾ ਮਾਗਵੀ ਵੀ ਹਾਜ਼ਰ ਸਨ। ਸੰਤੋਖ ਸਿੰਘ ਨੇ ਦੱਸਿਆ ਕਿ ਸਾਰਾਗੜ੍ਹੀ ਦੇ ਸ਼ਹੀਦ ਈਸ਼ਰ ਸਿੰਘ ਦੀ ਲਾਸਾਨੀ ਸ਼ਹੀਦੀ ‘ਤੇ 12 ਸਤੰਬਰ ਨੂੰ ਇੰਗਲੈਂਡ ਦੀ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਕਰਵਾਏ ਜਾ ਰਹੇ ਇੱਕ ਸਮਾਗਮ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ ਜਾਣਾ ਹੈ। ਜਿਸ ਲਈ ਉਨ੍ਹਾਂ ਨੂੰ ਇੰਗਲੈਂਡ ਤੋਂ ਸੱਦਾ ਆਇਆ ਸੀ।