ਚੰਡੀਗੜ੍ਹ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ 7 ਮਹੀਨਿਆਂ ਦੀ ਕਾਰਗੁਜ਼ਾਰੀ ਦੀ ਪਿਛਲੇ 70 ਸਾਲਾਂ ਨਾਲ ਤੁਲਨਾ ਕਰਨ 'ਤੇ ਵਿਅੰਗ ਕਸਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਜਿਹੇ ਵੱਡੇ ਫ਼ਰਜ਼ੀ ਦਾਅਵੇ ਲਈ ਅਤਿਕਥਨੀ ਵੀ ਇੱਕ ਛੋਟਾ ਜਿਹਾ ਸ਼ਬਦ ਹੈ। ਉਨ੍ਹਾਂ ਕਿਹਾ ਕਿ ਇਹ ਦਾਅਵੇ ਪੂਰੀ ਤਰ੍ਹਾਂ ਹਾਸੋਹੀਣੇ ਹਨ ਅਤੇ ਇਸ ਤੋਂ ਵੀ ਵੱਧ ਸਰਕਾਰ ਨੇ ਅਜਿਹੇ ਫ਼ਰਜ਼ੀ ਦਾਅਵਿਆਂ 'ਤੇ ਕਰੋੜਾਂ ਰੁਪਏ ਖਰਚ ਕੀਤੇ ਹਨ, ਜਿੰਨੀ ਰਾਸ਼ੀ ਪੇਂਡੂ ਖੇਤਰ ਦੇ ਹਸਪਤਾਲਾਂ ਲਈ ਦਵਾਈਆਂ ਖਰੀਦਣ ਵਾਸਤੇ ਖਰਚ ਕੀਤੀ ਜਾ ਸਕਦੀ ਸੀ। ਇਸ਼ਤਿਹਾਰਾਂ ਵਿੱਚ ਕੀਤੇ ਗਏ ਦਾਅਵਿਆਂ ਦਾ ਹਵਾਲਾ ਦਿੰਦਿਆਂ, ਸੂਬਾ ਕਾਂਗਰਸ ਪ੍ਰਧਾਨ ਨੇ ਸਰਕਾਰ ਨੂੰ ਇਨ੍ਹਾਂ ਵਿੱਚੋਂ ਕਿਸੇ ਇੱਕ ਦਾਅਵੇ ਨੂੰ ਸੱਚ ਸਾਬਤ ਕਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੂੰਗੀ 'ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਪਹਿਲਾ ਦਾਅਵਾ ਸਰਾਸਰ ਝੂਠ ਹੈ, ਕਿਉਂਕਿ ਸਰਕਾਰ ਵੱਲੋਂ ਸਿਰਫ਼ 11 ਫ਼ੀਸਦੀ ਫ਼ਸਲ ਹੀ ਖ਼ਰੀਦੀ ਗਈ, ਜਦਕਿ ਕਿਸਾਨਾਂ ਨੂੰ 89 ਫ਼ੀਸਦੀ ਫ਼ਸਲ ਪ੍ਰਾਈਵੇਟ ਖ਼ਰੀਦਦਾਰਾਂ ਨੂੰ ਐੱਮਐੱਸਪੀ ਤੋਂ ਬਹੁਤ ਹੀ ਘੱਟ ਰੇਟਾਂ ਤੇ ਵੇਚਣ ਲਈ ਮਜਬੂਰ ਹੋਣਾ ਪਿਆ। ਇਸੇ ਤਰ੍ਹਾਂ ਝੋਨੇ ਦੀ ਸਿੱਧੀ ਬਿਜਾਈ ’ਤੇ 1500 ਰੁਪਏ ਪ੍ਰਤੀ ਏਕੜ ਸਬਸਿਡੀ ਦੇਣ ਦਾ ਦਾਅਵਾ ਸੱਚਾਈ ਤੋਂ ਕੋਹਾਂ ਦੂਰ ਹੈ, ਜਦੋਂ ਕਿ 10 ਫ਼ੀਸਦੀ ਕਿਸਾਨਾਂ ਨੂੰ ਵੀ ਅਜਿਹੀ ਸਬਸਿਡੀ ਨਹੀਂ ਮਿਲੀ। 'ਮੁਹੱਲਾ ਕਲੀਨਿਕਾਂ' ਬਾਰੇ ਵੜਿੰਗ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਐਕਸਟੈਨਸ਼ਨ ਕਾਊਂਟਰ ਹਨ, ਜਿੱਥੇ ਡਾਕਟਰੀ ਸਹੂਲਤਾਂ ਮੁਸ਼ਕਿਲ ਨਾਲ ਮਿਲਦੀਆਂ ਹਨ। ਸਰਕਾਰ ਨੇ ਪੇਂਡੂ ਖੇਤਰਾਂ ਵਿੱਚ ਮੌਜੂਦ ਡਿਸਪੈਂਸਰੀਆਂ ਦੇ ਨੈੱਟਵਰਕ ਨੂੰ ਮਜ਼ਬੂਤ ਕਰਨ ਦੀ ਬਜਾਏ ਸ਼ੋਅ ਪੀਸ ਖੋਲ੍ਹ ਦਿੱਤੇ ਹਨ, ਜਿੱਥੇ ਡਾਕਟਰੀ ਸੇਵਾਵਾਂ ਮੁਸ਼ਕਿਲ ਨਾਲ ਹੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਆਪ ਲਈ ਸਿਰਫ਼ ਡਾਟਾ ਕੁਲੈਕਸ਼ਨ ਸੈਂਟਰ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਪਿਛਲੇ 4 ਮਹੀਨਿਆਂ ਤੋਂ ਦਵਾਈਆਂ ਉਪਲਬਧ ਨਹੀਂ ਹਨ। ਪ੍ਰਧਾਨ ਨੇ ਪਠਾਨਕੋਟ ਦੇ ਹਸਪਤਾਲ ਵਿੱਚ ਵਾਪਰੀ ਘਟਨਾ ਦਾ ਵੀ ਜ਼ਿਕਰ ਕੀਤਾ, ਜਿੱਥੇ ਇੱਕ ਗਰਭਵਤੀ ਔਰਤ ਦੀ ਹਸਪਤਾਲ ਦੇ ਫਰਸ਼ 'ਤੇ ਡਿਲੀਵਰੀ ਹੋ ਗਈ। ਮੁਫ਼ਤ ਬਿਜਲੀ ਬਾਰੇ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ 400 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਸੀ। ਇਸ ਦੇ ਉਲਟ ਤੁਸੀਂ ਸਕੀਮ ਬਦਲ ਕੇ ਵੱਡੀ ਗਿਣਤੀ ਲੋਕਾਂ ਤੋਂ ਸਬਸਿਡੀ ਖੋਹ ਲਈ। ਜੇਕਰ ਲੋਕ 600 ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਕਰਦੇ ਹਨ ਤਾਂ ਉਨ੍ਹਾਂ ਨੂੰ ਪੂਰਾ ਬਿੱਲ ਅਦਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਦੋ ਸਾਲ ਪਹਿਲਾਂ ਟਿਊਬਲਾਂ ਦਾ ਲੋਡ ਵਧਾਉਣ ਲਈ ਫੀਸਾਂ ਘਟਾਈਆਂ ਗਈਆਂ ਸਨ ਅਤੇ ‘ਆਪ’ ਇਸ ’ਤੇ ਦਾਅਵੇ ਕਰ ਰਹੀ ਹੈ।