ਫ਼ਰੀਦਕੋਟ-ਕੋਟਕਪੂਰਾ ਰੋਡ ਤੇ ਬੱਸ ਤੇ ਟਰੱਕ ਦੀ ਟੱਕਰ ਵਿੱਚ 5 ਸਵਾਰੀਆਂ ਦੀ ਮੌਤ, 30 ਜ਼ਖ਼ਮੀ 

ਫ਼ਰੀਦਕੋਟ, 18 ਫ਼ਰਵਰੀ 2025 : ਕੋਟਕਪੂਰਾ-ਫਰੀਦਕੋਟ ਰੋਡ 'ਤੇ ਮੰਗਲਵਾਰ ਸਵੇਰੇ ਕਰੀਬ 8 ਵਜੇ ਇਕ ਤੇਜ਼ ਰਫਤਾਰ ਪ੍ਰਾਈਵੇਟ ਬੱਸ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਜ਼ਖਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੀ ਰੇਲਿੰਗ ਟੁੱਟ ਕੇ ਡਿੱਗ ਗਈ। ਜਦਕਿ ਟਰੱਕ ਖੇਤ ਵਿੱਚ ਪਲਟ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੀ ਪ੍ਰਾਈਵੇਟ ਬੱਸ ਕੋਟਕਪੂਰਾ ਤੋਂ ਫਰੀਦਕੋਟ ਵੱਲ ਜਾ ਰਹੀ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਬੱਸ ਦੀ ਟੱਕਰ ਹੋ ਗਈ। ਟੱਕਰ ਦਾ ਮੁੱਖ ਕਾਰਨ ਤੇਜ਼ ਰਫਤਾਰ ਮੰਨਿਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਬੱਸ 'ਚ ਸਵਾਰ ਲੋਕ ਮਦਦ ਲਈ ਰੌਲਾ ਪਾਉਂਦੇ ਹੋਏ ਬਾਹਰ ਆ ਗਏ। ਆਸ-ਪਾਸ ਦੇ ਲੋਕ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਬਾਹਰ ਕੱਢਣ 'ਚ ਮਦਦ ਕੀਤੀ। ਸੂਚਨਾ ਮਿਲਦੇ ਹੀ ਜ਼ਿਲ੍ਹਾ ਮੈਜਿਸਟਰੇਟ (ਡੀਸੀ) ਵਿਨੀਤ ਕੁਮਾਰ, ਏਡੀਸੀ ਓਜਸਵੀ ਅਲੰਕਾਰ, ਐਸਡੀਐਮ ਵਰੁਣ ਕੁਮਾਰ ਅਤੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਅਤੇ ਹੋਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਜ਼ਖਮੀਆਂ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡੀਸੀ ਵਿਨੀਤ ਕੁਮਾਰ ਨੇ ਦੱਸਿਆ ਕਿ ਬੱਸ 'ਚ ਕਰੀਬ 35 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 5 ਸਵਾਰੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਔਰਤ ਸਿਮਰਨ ਅਧਿਆਪਕ ਕੇਂਦਰੀ ਵਿਦਿਆਲਿਆਂ, ਬੱਸ ਦਾ ਚੈਕਰ ਆਤਮ ਸਿੰਘ ਹੈ ਜਦਕਿ ਤਿੰਨ ਦੀ ਅਜੇ ਤੱਕ ਪਹਿਚਾਣ ਨਹੀਂ ਹੋਈ। ਜਖ਼ਮੀਆਂ ਦੀ ਪਹਿਚਾਣ ਕੁਲਵੰਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਰਿਸ਼ੀ ਨਗਰ ਕੋਟਕਪੂਰਾ, ਸੁਰਿੰਦਰ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਮੁਕਤਸਰ, ਕੁਵਰਪ੍ਰੀਤ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਆਨੰਦ ਨਗਰ ਕੋਟਕਪੂਰਾ, ਗੁਰਮੇਲ ਕੌਰ ਪਤਨੀ ਕੋਰ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ, ਸਰਵਿੰਦਰ ਸਿੰਘ ਪੁੱਤਰ ਚੂਹੜ ਸਿੰਘ ਵਾਸੀ ਗੋਇੰਦਵਾਲ ਬਾਈਪਾਸ ਤਰਨਤਾਰਨ, ਗੁਰਦੀਪ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਆਲਮਗੜ੍ਹ ਅਬੋਹਰ, ਜਗਸੀਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਕਾਲਜ ਰੋਡ ਸ੍ਰੀ ਮੁਕਤਸਰ ਸਾਹਿਬ, ਇਕਬਾਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ, ਸਤੀਸ਼ ਕੁਮਾਰ ਪੁੱਤਰ ਸਾਧੂ ਰਾਮ ਵਾਸੀ ਚੋਪੜਾ ਗਲੀ ਕੋਟਕਪੂਰਾ, ਰਾਮ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ, ਗੋਪੀ ਰਾਮ ਪੁੱਤਰ ਕੇਸੂ ਰਾਮ ਵਾਸੀ ਨਾਈਵਾਲਾ ਗੰਗਾਨਗਰ, ਸੁਮਨ ਪਤਨੀ ਵਿਜੇ ਸਿੰਘ ਵਾਸੀ ਨਾਈਵਾਲਾ ਗੰਗਾਨਗਰ, ਨਵੀ ਗੰਗਾਨਗਰ ਦੇ ਰਹਿਣ ਵਾਲੇ ਵਿਜੇ ਸਿੰਘ, ਪੂਰਨ ਚੰਦ ਪੁੱਤਰ ਨਰਾਇਣ ਦਾਸ ਵਾਸੀ ਗਾਂਧੀ ਚੌਕ, ਸ੍ਰੀ ਮੁਕਤਸਰ ਸਾਹਿਬ, ਰਮਨਦੀਪ ਸਿੰਘ ਪੁੱਤਰ ਸਿਕੰਦਰ ਸਿੰਘ ਜੀ.ਟੀ.ਬੀ. ਨਗਰ ਕਟਕਪੁਰਾ, ਕੁਲਦੀਪ ਕੁਮਾਰ ਪੁੱਤਰ ਤਰਸੇਮ ਚੰਦ ਵਾਸੀ ਸੁਰਗਾਪੁਰੀ ਕੋਟਕਪੂਰਾ,ਹਰਜੋਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਖਾਰਾ ਫਰੀਦਕੋਟ, ਨਾਇਬ ਸਿੰਘ ਪੁੱਤਰ ਪ੍ਰੀਤਮ ਸਿੰਘ ਬਹਾਵਾਲਾ ਫਾਜ਼ਿਲਕਾ, ਮੋਹਿਤ ਪੁੱਤਰ ਮੇਜਰ ਚੰਦ ਵਾਸੀ ਮਾਡਲ ਟਾਊਨ ਸ੍ਰੀ ਮੁਕਤਸਰ ਸਾਹਿਬ, ਅਰਸ਼ਦੀਪ ਕੌਰ, ਗਿਤਿਕਾ ਸ਼ਰਮਾ ਪੁੱਤਰੀ ਬਲਜੀਤ ਕੁਮਾਰ ਵਾਸੀ ਕੋਟਕਪੂਰਾ, ਮੋਹਿਤ, ਸਾਕਸ਼ੀ, ਹਿਮਾਂਸ਼ੂ, ਮੁਸਕਰਾਹਟ, ਜਸਪ੍ਰੀਤ ਸਿੰਘ 27. ਅਕਾਸ਼ਦੀਪ ਸਿੰਘ, ਸੰਜੇ ਕੁਮਾਰ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ ਵਜੋਂ ਹੋਈ ਹੈ। ਐਸਐਸਪੀ ਡਾ: ਪ੍ਰਗਿਆ ਜੈਨ ਨੇ ਦੱਸਿਆ ਕਿ ਫਿਲਹਾਲ ਪ੍ਰਸ਼ਾਸਨ ਦਾ ਧਿਆਨ ਜ਼ਖ਼ਮੀਆਂ ਦੇ ਇਲਾਜ 'ਤੇ ਹੈ। ਇਸ ਤੋਂ ਬਾਅਦ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਘਟਨਾ ਦਾ ਪਤਾ ਲੱਗਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਜ਼ਖਮੀਆਂ ਨੂੰ ਬਚਾਉਣ ਲਈ ਰਾਹਤ ਕਾਰਜ ਵਿੱਚ ਜੁੱਟ ਗਿਆ। ਉਨ੍ਹਾਂ ਦੱਸਿਆ ਕਿ ਪੁੱਲ ਤੇ ਓਵਰ ਟੇਕ ਕਰਦਿਆਂ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰਾ ਕੇਸ ਤਿਆਰ ਕਰਕੇ ਮੁੱਖ ਮੰਤਰੀ ਪੰਜਾਬ ਜੀ ਨੂੰ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਜਗ੍ਹਾਂ ਤੇ ਬੈਰੀਗੇਟ ਲਗਾਏ ਜਾਣਗੇ ਤਾਂ ਜੋ ਦੁਬਾਰਾ ਅਜਿਹੀ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਓਵਰ ਸਪੀਡ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣਗੇ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅਜਿਹੀਆਂ ਮੰਦਭਾਗੀ ਘਟਨਾਵਾਂ ਨੂੰ ਰੋਕਿਆ ਜਾ ਸਕੇ। 

ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਗਟਾਇਆ ਦੁੱਖ 
ਮੁੱਖ ਮੰਤਰੀ ਭਗਵੰਤ ਮਾਨ ਨੇ ਫਰੀਦਕੋਟ ਬੱਸ ਹਾਦਸੇ ਵਿਚ ਮੌਤਾਂ ਹੋਣ ’ਤੇ ਦੁੱਖ ਪ੍ਰਗਟਾਇਆ ਹੈ। ਉਹਨਾਂ ਇਕ ਟਵੀਟ ਵਿਚ ਕਿਹਾ ਕਿ ਅੱਜ ਸਵੇਰੇ ਫਰੀਦਕੋਟ 'ਚ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਸਵਾਰੀਆਂ ਨਾਲ ਭਰੀ ਬੱਸ ਟਰੱਕ ਨਾਲ ਟਕਰਾਉਣ ਤੋਂ ਬਾਅਦ ਨਾਲੇ 'ਚ ਜਾ ਡਿੱਗੀ। ਜਿਸ ਕਾਰਨ ਕਈ ਲੋਕ ਜ਼ਖ਼ਮੀ ਅਤੇ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮੈਂ ਪ੍ਰਸ਼ਾਸਨ ਨੂੰ ਤੁਰੰਤ ਜ਼ਖ਼ਮੀਆਂ ਦੀ ਮਦਦ ਕਰਨ ਨੂੰ ਕਿਹਾ ਹੈ ਤੇ ਮੈਂ ਲਗਾਤਾਰ ਪ੍ਰਸ਼ਾਸਨ ਨਾਲ ਰਾਬਤੇ 'ਚ ਹਾਂ। ਇਸ ਹਾਦਸੇ 'ਚ ਜਾਨ ਗਵਾਉਣ ਵਾਲੇ ਯਾਤਰੀਆਂ ਦੀ ਆਤਮਿਕ ਸ਼ਾਂਤੀ ਦੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅਤੇ ਜ਼ਖ਼ਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ।

ਜੋ ਘਟਨਾ ਵਾਪਰੀ ਹੈ ਬਹੁਤ ਮੰਦਭਾਗੀ ਹੈ : ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ 
ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਅੱਜ ਜੋ ਘਟਨਾ ਵਾਪਰੀ ਹੈ ਜੋ ਕਿ ਬਹੁਤ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਕੋਸ਼ਿਸ਼ ਇਹ ਹੀ ਹੈ ਕਿ ਜੋ ਵੀ ਲੋਕ ਫੱਟੜ ਹੋਏ ਹਨ ਉਨ੍ਹਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਸਾਰਾ ਪ੍ਰਸ਼ਾਸਨ ਤੇ ਡਾਕਟਰੀ ਅਮਲਾ ਜ਼ਖਮੀਆਂ ਨੂੰ ਬਚਾਉਣ ਲਈ ਕੰਮ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਦਵਾਈਆਂ ਜੋ ਵੀ ਲੋੜੀਂਦੀ ਹੈ ਉਹ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 2 ਜਖਮੀਆਂ ਨੂੰ ਅਮ੍ਰਿੰਤਸਰ ਰੈਫਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।