ਹੁਸ਼ਿਆਰਪੁਰ, 11 ਅਗਸਤ 2024 : ਹੁਸ਼ਿਆਰਪੁਰ ਦੇ ਪਿੰਡ ਜੇਜੋ ਵਿੱਚ ਵੱਡਾ ਹਾਦਸਾ ਵਾਪਰਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਮੁਤਾਬਿਕ, ਭਾਰੀ ਮੀਂਹ ਦੇ ਕਾਰਨ ਚੋਅ ਦੇ ਵਿਚ ਇੱਕੋ ਪਰਿਵਾਰ ਦੇ 11 ਮੈਂਬਰਾਂ ਨਾਲ ਭਰੀ ਇਨੋਵਾ ਕਾਰ ਦੇ ਰੁੜ੍ਹ ਜਾਣ ਦੀ ਖਬਰ ਹੈ। ਹਾਦਸੇ ਵਿੱਚ ਪਰਿਵਾਰ ਦੇ 11 ਮੈਂਬਰਾਂ ਵਿਚੋਂ ਇੱਕ ਨੂੰ ਬਚਾਅ ਲਿਆ ਗਿਆ ਹੈ, ਜਦਕਿ ਲਾਪਤਾ 10 ਮੈਂਬਰਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਸਾਰੇ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਜਾਣਕਾਰੀ ਅਨੁਸਾਰ ਚੋਅ 'ਚ ਭਾਰੀ ਮੀਂਹ ਕਾਰਨ ਹੜ੍ਹ ਆਇਆ ਹੋਣ ਕਾਰਨ ਇਨੋਵਾ ਗੱਡੀ ਰੁੜ੍ਹ ਗਈ, ਜਿਸ ਤੋਂ ਬਾਅਦ ਕੁਝ ਦੂਰ ਜਾ ਕੇ ਝਾੜੀਆਂ ਨੇੜੇ ਫਸ ਗਈ ਵਿਖਾਈ ਦੇ ਰਹੀ ਹੈ। ਇਸ ਖੌਫਨਾਕ ਮੰਜਰ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿਵੇਂ ਹੜ੍ਹ ਦਾ ਪਾਣੀ ਇਨੋਵਾ ਕਾਰ 'ਤੇ ਮਾਰ ਕਰ ਰਿਹਾ ਹੈ। ਕਾਰ ਦੀਆਂ ਤਾਕੀਆਂ ਖੁੱਲ੍ਹੀਆਂ ਹੋਈਆਂ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿੱਚ ਸਵਾਰ ਪਰਿਵਾਰਕ ਮੈਂਬਰ ਰੁੜ੍ਹ ਗਏ ਹਨ। ਇਹ ਪਰਿਵਾਰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਪਿੰਡ ਦੇਹਰਾ ਦੇ ਰਹਿਣ ਦੱਸਿਆ ਜਾ ਰਿਹਾ ਹੈ, ਜੋ ਕਿ ਕਿਰਾਏ ਦੀ ਗੱਡੀ ਕਰਕੇ ਨਵਾਂਸ਼ਹਿਰ ਵਿਆਹ ਲਈ ਆ ਰਹੇ ਸਨ। ਪ੍ਰਤੱਖਦਰਸ਼ੀਆਂ ਅਨੁਸਾਰ ਇਸ ਦੌਰਾਨ ਜਦੋਂ ਇਹ ਗੱਡੀ ਸਵੇਰੇ ਸਾਢੇ ਕੁ 10 ਵਜੇ ਦੇ ਨੇੜੇ ਚੋਅ ਨੇੜਿਓਂ ਲੰਘਣ ਲੱਗੀ ਤਾਂ ਖੱਡ ਦੇ ਪਾਣੀ ਦੇ ਤੇਜ਼ ਵਹਾਅ 'ਚ ਵਹਿ ਗਈ। ਜਾਣਕਾਰੀ ਅਨੁਸਾਰ ਬਹੁਤ ਹੀ ਮੰਦਭਾਗੀ ਇਸ ਘਟਨਾ 'ਚ 10 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮੌਕੇ 'ਤੇ ਪਤਾ ਲੱਗਣ 'ਤੇ ਪਿੰਡ ਦੇ ਲੋਕਾਂ ਵੱਲੋਂ ਦੀਪਕ ਭਾਟੀਆ ਨਾਮ ਦੇ ਇੱਕ ਵਿਅਕਤੀ ਨੂੰ ਮੁਸ਼ਕਿਲ ਨਾਲ ਬਚਾ ਲਿਆ ਗਿਆ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ ਸਵਾਰ ਵਿਅਕਤੀ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ ਅਤੇ ਇਹ ਸਾਰੇ ਹਿਮਾਚਲ ਪ੍ਰਦੇਸ਼ ਦੇ ਪਿੰਡ ਦੇਹਰਾ ਮਹਿਤਪੁਰ ਤੋਂ ਨਵਾਂ ਸ਼ਹਿਰ ਵਿਆਹ ਲਈ ਜਾ ਰਹੇ ਸਨ। ਪੁਲਿਸ ਅਤੇ ਪਿੰਡ ਵਾਸੀਆਂ ਰੁੜ੍ਹ ਗਏ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।