ਕਾਂਗਰਸ ਪਾਰਟੀ ਵਿੱਚ ਨਵਾਂ-ਨਵਾਂ ਸ਼ਾਮਲ ਹੋਇਆ ਸਿੱਧੂ ਮੂਸੇਵਾਲਾ ਕਾਂਗਰਸ ਨੂੰ ਬਾਗ਼ੀ ਸੁਰਾਂ ਦੇ ਤੇਵਰ ਦਿਖਾਉਣ ਵੀ ਲੱਗ ਗਿਆ ਹੈ । ਆਪਣੇ ਹਲਕੇ ਮਾਨਸਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੂਸੇਵਾਲੇ ਨੇ ਸਪਸ਼ਟ ਕਰ ਦਿੱਤਾ ਕਿ ਉਹ ਆਪਣਾ ਹਲਕਾ ਛੱਡਕੇ ਕਿਤੇ ਵੀ ਨਹੀਂ ਜਾਵੇਗਾ । ਉਸਨੇ ਐਲਾਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਉਸਨੂੰ ਟਿਕਟ ਦੇਵੇ ਭਾਵੇਂ ਨਾ ਦੇਵੇ, ਪਰ ਉਹ ਚੋਣ ਮਾਨਸਾ ਤੋਂ ਹੀ ਲੜੇਗਾ । ਮੂਸੇਵਾਲੇ ਦੇ ਇਹਨਾਂ ਬਿਆਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਲੈ ਕਿ ਦਾਲ਼ ਵਿੱਚ ਜਰੂਰ ਕੁਝ ਕਾਲ਼ਾ ਹੈ । ਸ਼ਾਇਦ ਹੁਣ ਮੂਸੇਵਾਲਾ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਵੀ ਚੋਣ ਲੜ ਸਕਦੇ ਹਨ।
ਜਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਮਾਨਸਾ ਦੇ ਕੁਝ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਮੂਸੇਵਾਲਾ ਨੂੰ ਮਾਨਸਾ ਹਲਕੇ ਤੋਂ ਟਿਕਟ ਦੇਣ ਦਾ ਸਖ਼ਤ ਵਿਰੋਧ ਕਰ ਰਹੇ ਹਨ । ਜੇਕਰ ਕਾਂਗਰਸ ਪਾਰਟੀ ਟਕਸਾਲੀ ਕਾਂਗਰਸੀ ਲੀਡਰਾਂ ਦੇ ਵਿਰੋਧ ਅੱਗੇ ਝੁਕਦੀ ਹੈ ਤਾਂ ਉਸਨੂੰ ਮੂਸੇਵਾਲੇ ਦੇ ਗ਼ੁੱਸੇ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ ਅਤੇ ਉਹ ਆਜ਼ਾਦ ਉਮੀਦਵਾਰ ਵਜੋਂ ਮਾਨਸਾ ਤੋਂ ਚੋਣ ਲੜ ਸਕਦੇ ਹਨ । ਇਸ ਨਾਲ ਮੂਸੇਵਾਲੇ ਨੂੰ ਚੋਣਾਂ ਵਿੱਚ ਸਟਾਰ ਪ੍ਰਚਾਰਕ ਵਜੋਂ ਵਰਤਣ ਦਾ ਕਾਂਗਰਸ ਦਾ ਸੁਪਨਾ ਵੀ ਚਕਨਾਚੂਰ ਹੋ ਜਾਵੇਗਾ ਅਤੇ ਮਾਨਸਾ ਹਲਕੇ ਤੋਂ ਵੱਡਾ ਨੁਕਸਾਨ ਵੀ ਉਠਾਉਣਾ ਪੈ ਸਕਦਾ ਹੈ ।