ਕਿਸੇ ਵੀ ਸਮਾਜ, ਸੰਸਥਾ, ਸਰਕਾਰ, ਖਿੱਤੇ ਅਤੇ ਮੁਲਕ ਦੇ ਨੁਮਾਇੰਦੇ ਦੀਆਂ ਉਸ ਸਮਾਜ, ਸੰਸਥਾ, ਸਰਕਾਰ, ਖਿੱਤੇ ਅਤੇ ਮੁਲਕ ਪ੍ਰਤੀ ਜਿੰਮੇਵਾਰੀਆਂ ਅਤੇ ਜਵਾਬਦੇਹੀਆਂ ਹੁੰਦੀਆਂ ਹਨ ਅਤੇ ਉਹ ਇਹਨਾਂ ਜਿੰਮੇਵਾਰੀਆਂ ਅਤੇ ਜਵਾਬ-ਦੇਹੀਆਂ ਦਾ ਸਾਹਮਣਾ ਕਰਨ ਤੋਂ ਮੁਨਕਰ ਨਹੀਂ ਹੋ ਸਕਦਾ। ਉਹ ਇਹਨਾਂ ਜਿੰਮੇਵਾਰੀਆਂ ਅਤੇ ਜਵਾਬਦੇਹੀਆਂ ਤੋਂ ਪਾਸਾ ਵੱਟਕੇ ਭੱਜ ਨਹੀਂ ਸਕਦਾ। ਉਸ ਅਧੀਨ ਕਾਰਜ ਪ੍ਰਣਾਲੀ ਵਿੱਚ ਆਈਆਂ ਕਮੀਆਂ-ਪੇਸ਼ੀਆਂ ਪ੍ਰਤੀ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਆਪੇ ਤੋਂ ਬਾਹਰ ਹੋਣਾ ਉਸ ਅਧੀਨ ਪ੍ਰਬੰਧਨ ਵਿੱਚ ਉਸਦੀ ਯੋਗ ਅਗਵਾਈ ਨਾ ਹੋਣ ਦੇ ਸ਼ੰਕੇ ਪੈਦਾ ਕਰਦਾ ਹੈ। ਅਜਿਹਾ ਵਰਤਾਰਾ ਉਸ ਪ੍ਰਬੰਧਕ ਜਾਂ ਅਗਵਾਈਕਰਤਾ ਦੇ ਵਿਅਕਤੀਤਵ ਉੱਤੇ ਪ੍ਰਸ਼ਨ-ਚਿੰਨ੍ਹ ਲਗਾਉਂਦਾ ਹੈ ਅਤੇ ਉਸਦੇ ਤਾਨਾਸ਼ਾਹੀ ਰੱਵਈਏ ਦਾ ਪ੍ਰਗਟਾਵਾ ਵੀ ਕਰਦਾ ਹੈ। ਮੇਰੇ ਇਸ ਉਪਰੋਕਤ ਵਿਚਾਰ ਤੋਂ ਪਾਠਕ-ਜਨ ਮੇਰਾ ਇਸ਼ਾਰਾ ਭਲੀ-ਭਾਂਤ ਸਮਝ ਹੀ ਗਏ ਹੋਣਗੇ। ਅਜਿਹਾ ਵਰਤਾਰਾ ਇੱਨ੍ਹੀਂ ਦਿਨੀਂ ਪੰਜਾਬ ਵਿਧਾਨ ਸਭਾ ’ਚ ਚੱਲ ਰਹੇ ਬੱਜਟ ਸੈਸ਼ਨ ਦੌਰਾਨ ਵੱਖ-ਵੱਖ ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ ’ਤੇ ਹਰ ਕਿਸੇ ਨੂੰ ਦੇਖਣ ਅਤੇ ਸੁਣਨ ਨੂੰ ਮਿਲਿਆ ਹੈ।
ਦੁਨੀਆਂ ਦੇ ਹਰ ਦੇਸ਼ ਦੀ ਤਰ੍ਹਾਂ ਭਾਰਤ ਦੀ ਕੇਂਦਰੀ ਸੰਸਦ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਸਮੇਂ-ਸਮੇਂ ਸਿਰ ਹੁੰਦੀਆਂ ਬੈਠਕਾਂ ਸਮੇਂ ਸਰਕਾਰਾਂ ਵੱਲੋਂ ਕੀਤੇ ਜਾਂਦੇ ਕੰਮਾਂ ਪ੍ਰਤੀ ਵਿਰੋਧੀ ਧਿਰਾਂ ਵੱਲੋਂ ਵੱਖ-ਵੱਖ ਸੁਆਲ ਕੀਤੇ ਜਾਂਦੇ ਹਨ ਅਤੇ ਇਹਨਾਂ ਦਾ ਤਸੱਲੀਬਖ਼ਸ਼ ਜਵਾਬ ਦੇਣਾ ਸਰਕਾਰ ਦੇ ਨੁਮਾਇੰਦਿਆਂ ਦੀ ਡਿਊਟੀ ਅਤੇ ਫਰਜ਼ ਮੰਨਿਆ ਜਾਂਦਾ ਹੈ। ਸਰਕਾਰ ਵਿੱਚ ਵਿਰੋਧੀ ਧਿਰ ਵੱਲੋਂ ਪੁੱਛੇ ਜਾਂਦੇ ਸਵਾਲਾਂ ਦੇ ਸਹੀ ਢੰਗ-ਤਰੀਕੇ ਅਤੇ ਸਲੀਕੇ ਨਾਲ ਤਸੱਲੀਬਖ਼ਸ਼ ਜਵਾਬ ਦੇਣਾ ਸਰਕਾਰਾਂ ਦੇ ਨੁਮਾਇੰਦਿਆਂ ਦੀ ਕਾਬਲੀਅਤ ਅਤੇ ਸੁਲਝੀ ਹੋਈ ਮਾਨਸਿਕਤਾ ਨੂੰ ਦਰਸਾਉਂਦਾ ਹੈ। ਪਰ ਇਸਦੇ ਉਲਟ ਆਪਣਾ ਆਪਾ ਖੋ ਕੇ ਜਵਾਬ ਦੇਣ ਸਮੇਂ ਉੱਚੀ ਅਵਾਜ਼ ਵਿੱਚ ਲੜਾਕੂ ਪ੍ਰਵਿਰਤੀ ਅਪਣਾ ਕੇ ਧਮਕੀ ਭਰੀਆਂ ਸ਼ਬਦਾਵਲੀਆਂ ਨਾਲ ਆਪਣੇ ਹਾਵ-ਭਾਵ ਪ੍ਰਗਟਾਉਣੇ ਇੱਕ ਸੂਝਵਾਨ ਅਤੇ ਕਾਬਿਲ ਰਾਜਨੀਤਕ ਨੁਮਾਇੰਦੇ ਦੀ ਚੰਗੀ ਨਿਸ਼ਾਨੀ ਅਤੇ ਗੁਣ ਨਹੀਂ ਹਨ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਾਡੇ ਚੜ੍ਹਦੇ ਪੰਜਾਬ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਅੱਜ ਤੱਕ ਅਨੇਕਾਂ ਹੀ ਮੁੱਖ ਮੰਤਰੀ ਆਏ ਹਨ ਅਤੇ ਅਨੇਕਾਂ ਹੀ ਮੁੱਖ ਮੰਤਰੀ ਗਏ ਹਨ। ਪਰ ਸਾਡੇ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵਿਰੋਧੀ ਧਿਰ ਦੇ ਨੇਤਾ ਵੱਲੋਂ ਪੁੱਛੇ ਸਵਾਲ ਦੇ ਮੰਗੇ ਜਵਾਬ ਸਮੇਂ ਜੋ ‘ਆਪਾ ਖੋਊ’ ਰਵੱਈਆ ਦੇਖਣ ਨੂੰ ਮਿਲਿਆ ਉਸਨੂੰ ਸੁਲਾਹੁਣਯੋਗ ਨਹੀਂ ਕਿਹਾ ਜਾ ਸਕਦਾ। ਇਸਨੂੰ ਬਹੁਤ ਹੀ ਗ਼ੈਰ-ਜਿੰਮੇਦਾਰਾਨਾ ਅਤੇ ਨੈਤਿਕਤਾ ਤੋਂ ਕੋਹਾਂ ਦੂਰ ਦਾ ਰਵੱਈਆ ਕਹਿ ਲਿਆ ਜਾਵੇ ਤਾਂ ਇਸ ਵਿੱਚ ਕੋਈ ਅੱਤ ਕਥਨੀ ਨਹੀਂ ਹੋਵੇਗੀ। ਇੱਥੇ ਇਸ ਵਰਤਾਰੇ ਨੂੰ ਹੋਰ ਵੀ ਮੰਦਭਾਗਾ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਮੌਕੇ ਸੱਤਾ ਧਿਰ ਦੇ ਮੰਤਰੀਆਂ ਸਮੇਤ ਸਾਰੇ ਐੱਮ ਐੱਲ ਏ ਇਸਨੂੰ ਆਪਣੇ ਆਕਾ ਮਾਨ ਸਾਹਿਬ ਦਾ ਵਿਰੋਧੀਆਂ ਉੱਤੇ ਹਮਲਾਵਰ ਰੁੱਖ ਮੰਨਦਿਆਂ ਤੰਜ਼ ਕਸਦੇ ਹੋਏ ਮਾਹੌਲ ਨੂੰ ਹਾਸੋਹੀਣਾ ਬਣਾ ਰਹੇ ਸਨ। ਪਰ ਉਨ੍ਹਾਂ ਸਭਨਾਂ ਨੂੰ ਇਸ ਗੱਲ ’ਤੇ ਗ਼ੌਰ ਕਰਨੀ ਅਤੇ ਸਮਝਣੀ ਬਣਦੀ ਹੈ ਕਿ ਇਸ ਹਾਲ ਨੂੰ ਸਾਰਾ ਸੰਸਾਰ ਤੱਕ ਰਿਹਾ ਸੀ। ਤੁਹਾਡੇ ਆਕਾ ਦੇ ‘ਆਪਾ ਖੋਊ’ ਰਵੱਈਏ ’ਤੇ ਸਮਾਜ ਦਾ ਵੱਡਾ ਹਿੱਸਾ ਖਮੋਸ਼, ਚਿੰਤਾਵਾਨ ਅਤੇ ਸ਼ਰਮਸ਼ਾਰ ਵੀ ਸੀ। ਕਿਉਂਕਿ ਪੰਜਾਬ ਜਿਹੇ ਇੱਕ ਸੰਵੇਦਨਸ਼ੀਲ ਸਰਹੱਦੀ ਸੂਬੇ ਦੇ ਮੁੱਖ ਮੰਤਰੀ ਦਾ ਆਪੇ ਤੋਂ ਬਾਹਰ ਹੋ ਵਿਰੋਧੀ ਧਿਰ ਨਾਲ ਇਸ ਤਰ੍ਹਾਂ ਪੇਸ਼ ਆਉਣਾ ਪੰਜਾਬੀਆਂ ਦੇ ਨਾਲ-ਨਾਲ ਸਿੱਖ ਭਾਈਚਾਰੇ ਦੀ ਸ਼ੋਭਾ ਨੂੰ ਢਾਅ ਲਾਉਣ ਤੋਂ ਘੱਟ ਨਹੀਂ ਹੈ। ਸੋ ਮਾਨ ਸਾਹਿਬ ਨੂੰ ਆਪਣਾ ਆਪਾ-ਖੋਊ ਰਵੱਈਆ ਛੱਡਕੇ ਇੱਕ ਸੰਜਮੀ ਅਤੇ ਸੂਝਵਾਨ ਲੀਡਰ ਬਣਕੇ ਦਿਖਾਉਣ ਦੀ ਲੋੜ ਹੈ, ਨਾ ਕਿ ਅਸੱਭਿਅਕ ਤਰੀਕੇ ਵਿਰੋਧੀਆਂ ਨਾਲ ਪੇਸ਼ ਆ ਕੇ ਅਜਿਹਾ ਵਿਵਹਾਰ ਕਰਨ ਦੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰਾਜਨੀਤਕ ਜੀਵਨ ਪੰਧ ਭਾਵੇਂ ਉਹਨਾਂ ਦੇ ਕਮੇਡੀ ਕਲਾਕਾਰ ਜੀਵਨ ਪੰਧ ਦੇ ਮੁਕਾਬਲੇ ਛੋਟਾ ਹੈ ਅਤੇ ਭਾਵੇਂ ਉਹਨਾਂ ਨੇ ਰਾਜਨੀਤਕ ਸੰਸਾਰ ਵਿੱਚ ਜਨਮ ਲੈ ਕੇ ਆਪਣੇ ਕਲਾਕਾਰੀ ਜਿੰਦਗੀ ਨੂੰ ਇੱਕ ਤਰ੍ਹਾਂ ਨਾਲ ਸਦਾ ਦੀ ਨੀਂਦ ਸੁਆ ਦਿੱਤਾ ਹੈ, ਪਰ ਅਜੇ ਇੰਝ ਪ੍ਰਤੀਤ ਹੁੰਦਾ ਹੈ ਉਹਨਾਂ ਨੇ ਆਪਣੇ ਵਿਅਕਤੀਤਵ ਉੱਤੇ ਅੱਜ ਵੀ ਕਮੇਡੀ ਕਲਾਕਾਰੀ ਦਾ ਹਲਕਾ ਜਿਹਾ ਲਿਬਾਸ ਪਹਿਨਿਆ ਹੋਇਆ ਹੈ। ਉਹਨਾਂ ਦੇ ਭਾਸ਼ਣ ਦਾ ਇੱਕ-ਇੱਕ ਬੋਲ ਅੱਜ ਵੀ ਤੰਜ ਅਤੇ ਚੋਭ ਦੇਣ ਵਾਲਾ ਦੇਖਣ ਅਤੇ ਮਹਿਸੂਸ ਕਰਨ ਨੂੰ ਮਿਲ ਰਿਹਾ ਹੈ। ਉਹ ਆਪਣੇ ਹਰ ਭਾਸ਼ਣ ਸਮੇਂ ਆਪਣੇ ਵਿਰੋਧੀਆਂ ਦੀ ਉਮਰ ਅਤੇ ਉਹਨਾਂ ਦੇ ਰਾਜਨੀਤਕ ਰੁਤਬੇ ਨੂੰ ਛਿੱਕੇ ਟੰਗਕੇ ਕੁਝ ਵੀ ਬੋਲਣ ਤੋਂ ਪਹਿਲਾਂ ਸ਼ਾਇਦ ਨਾ ਹੀ ਕੁਝ ਸੋਚਣਾ ਮੁਨਾਸਿਬ ਸਮਝਦੇ ਲੱਗਦੇ ਹਨ ਅਤੇ ਨਾ ਹੀ ਕੁਝ ਵਿਚਾਰਨਾ। ਅਜਿਹਾ ਕਰਕੇ ਉਹ ਸਾਹਮਣੇ ਬੈਠੇ ਲੋਕਾਂ ਦੀਆਂ ਤਾੜੀਆਂ ਅਤੇ ਵਾਹ-ਵਾਹ ਬਟੋਰਨ ਵਿੱਚ ਤਾਂ ਕੁਝ ਸਮੇਂ ਲਈ ਸਫਲ ਤਾਂ ਜਰੂਰ ਹੋ ਜਾਂਦੇ ਹਨ। ਪਰ ਇਹ ਸਭ ਵਰਤਾਰਾ ਸਿੱਖੀ ਵਿੱਚ ਮਰਿਯਾਦਾ ਦੇ ਵਿਪਰੀਤ ਹੈ, ਭਾਵੇਂ ਇਹ ਗੱਲਾਂ ਰਾਜਨੀਤਕ ਵਿਸ਼ਿਆਂ ਨਾਲ ਸਬੰਧਤ ਹੀ ਕਿਉਂ ਨਾ ਹੋਣ। ਸਾਨੂੰ ਸਾਡੇ ਪੁਰਖਿਆਂ ਨੇ ਵੱਡਿਆਂ ਦਾ ਅਦਬ ਕਰਨਾ ਸਿਖਾਇਆ ਹੈ, ਨਾ ਕਿ ਆਪ ਤੋਂ ਵੱਡਿਆਂ ਦਾ ਨਿਰਾਦਰ ਕਰਨਾ। ਮੁੱਖ ਮੰਤਰੀ ਦਾ ਰੁਤਬਾ ਇੱਕ ਬਹੁਤ ਹੀ ਵੱਡਾ ਰੁਤਬਾ ਹੁੰਦਾ ਹੈ। ਘਰ ਦੇ ਮੁੱਖੀ ਨੂੰ ਵੀ ਸਾਰੇ ਟੱਬਰ ਦੇ ਦੁੱਖ ਸੁਣਨੇ ਪੈਂਦੇ ਹਨ, ਉਹ ਤਾਂ ਫਿਰ ਇੱਕ ਸੂਬੇ ਦੇ ਮੁੱਖੀ ਹਨ। ਸਿਰ ’ਤੇ ਸਜਿਆ ਤਾਜ਼ ਜਿੱਡਾ ਵੱਡਾ ਹੋਵੇਗਾ, ਉੱਨਾ ਹੀ ਦਰਦ ਅਤੇ ਚੋਭ ਦੇਵੇਗਾ। ਮੁੱਖ ਮੰਤਰੀ ਸਾਹਿਬ ਨੂੰ ਕਮੇਡੀ ਕਲਾਕਾਰੀ ਦਾ ਲਿਬਾਸ ਉਤਾਰਕੇ ਲੋਕਾਂ ਵੱਲੋਂ ਚੁਣੇ ਵਿਰੋਧੀਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਕਿਉਂਕਿ ਵਿਰੋਧੀ ਵੀ ਲੋਕਾਂ ਵੱਲੋਂ ਚੁਣਕੇ ਵਿਧਾਨ ਸਭਾ ਵਿੱਚ ਭੇਜੇ ਗਏ ਹਨ। ਵਿਧਾਨ ਸਭਾ ਅੰਦਰ ਸਪੀਕਰ ਵੱਡਾ ਹੁੰਦਾ ਹੈ, ਨਾ ਕਿ ਮੁੱਖ ਮੰਤਰੀ। ਮੁੱਖ ਮੰਤਰੀ ਵੱਲੋਂ ਸਪੀਕਰ ਸਾਹਿਬ ਨੂੰ ਵਿਰੋਧੀ ਧਿਰ ਵਾਰੇ ਇਹ ਕਹਿਣਾ ਕਿ ਸਰ ਇਹਨੂੰ ਬਿਠਾਉ। ਇਹਨੂੰ ਕਹੋ ਤੇਰਾ ਟਾਇਮ ਪੂਰਾ ਹੋ ਗਿਆ, ਮੁੱਖ ਮੰਤਰੀ ਵੱਲੋਂ ਸਪੀਕਰ ਸਾਹਿਬ ਨੂੰ ਹੁਕਮ ਝਾੜਨੇ ਪਵਿੱਤਰ ਸਦਨ ਦੀ ਤੌਹੀਨ ਹੈ ਅਤੇ ਮਰਿਯਾਦਾ ਦੇ ਉਲਟ ਹੈ। ਸਦਨ ਦੀ ਬੈਠਕ ਵਿੱਚ ਮੁੱਖ ਮੰਤਰੀ ਵੱਲੋਂ ਪੁੱਛੇ ਸੁਆਲ ਦੇ ਜਵਾਬ ਦੇਣ ਦੀ ਬਜਾਏ ਇਹ ਕਹਿਣਾ ਕਿ ਮੈਂ ਤਾਂ ਇਹਦੇ ਸਵਾਲ ਦਾ ਕੋਈ ਜਵਾਬ ਨਹੀਂ ਦੇਣਾ, ਵੀ ਸਦਨ ਦੀ ਮਰਿਯਾਦਾ ਪ੍ਰਤੀ ਬਦਸਲੂਕੀ ਤੋਂ ਘੱਟ ਨਹੀਂ ਹੈ। ਇੱਥੇ ਹੀ ਬੱਸ ਨਹੀਂ, ਸਦਨ ਵਿੱਚ ਵਿਰੋਧੀਆਂ ਨੂੰ ਸ਼ਰੇਆਮ ਇਸ਼ਾਰਾ ਕਰਕੇ ਜੇਲ੍ਹਾਂ ’ਚ ਡੱਕਣ ਲਈ ਧਮਕਾਉਣਾ ਮੁੱਖ ਮੰਤਰੀ ਸਾਹਿਬ ਦੀ ਰਾਜਨੀਤਕ ਸੂਝ-ਬੂਝ ਅਤੇ ਤਜ਼ਰਬੇ ਦੀ ਘਾਟ ਨੂੰ ਦਰਸਾਉਂਦਾ ਨਜ਼ਰ ਆਉਂਦਾ ਹੈ। ਮੁੱਖ ਮੰਤਰੀ ਸਾਹਿਬ ਦਾ ਅਜਿਹਾ ਵਰਤਾਰਾ ਸਿੱਖਾਂ ਦੇ ਸਨਮਾਨ ਅਤੇ ਗੌਰਵ ਨੂੰ ਵਿਸ਼ਵ ਪੱਧਰ ’ਤੇ ਠੇਸ ਪਹੁੰਚਾਉਣ ਅਤੇ ਢਾਅ ਲਾਉਣ ਵਾਲਾ ਹੈ। ਕਿਉਂਕਿ ਭਗਵੰਤ ਸਿੰਘ ਮਾਨ ਗੁਰੂਆਂ-ਪੀਰਾਂ ਅਤੇ ਰਹਿਬਰਾਂ ਦੀ ਉਸ ਪਵਿੱਤਰ ਧਰਤੀ ਤੋਂ ਹੋਰ ਇਨਸਾਨਾਂ ਵਾਂਗ ਜਨਮੇ ਉਹ ਇਨਸਾਨ ਹਨ, ਜਿਹਨਾਂ ਨੂੰ ਸਾਡੇ ਪੰਜਾਬੀ ਵਿਰਸੇ ਅਤੇ ਪੰਜਾਬੀ ਸੱਭਿਆਚਾਰ ਦੀ ਉਹ ਗੁੜ੍ਹਤੀ ਮਿਲੀ ਹੋਈ ਹੈ ਜੋ ਹਰ ਪੰਜਾਬੀ ਅਤੇ ਖਾਸਕਰ ਹਰ ਸਿੱਖ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦਾ ਤਿਆਗ ਕਰਕੇ ਗੁਰੂ ਨਾਨਕ ਸਾਹਿਬ ਵੱਲੋਂ ਸਾਨੂੰ ਬਖ਼ਸ਼ੀ ਗੁਰਬਾਣੀ “ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ॥” ਦੇ ਰਾਹਾਂ ਉੱਤੇ ਚੱਲਦਿਆਂ ਜੀਵਣ ਜਾਚ ਸਿਖਾਉਂਦੀ ਹੋਈ ਇੱਕ ਸੱਭਿਅਕ ਇਨਸਾਨ ਦੀ ਜਿੰਦਗੀ ਜਿਉਣ ਅਤੇ ਸੇਵਾ-ਸਿਮਰਨ ਦੀ ਭਾਵਨਾ ਰੱਖਣ ਲਈ ਪ੍ਰੇਰਿਤ ਕਰਦੀ ਹੈ।
ਇਸ ਲਈ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਨੂੰ ਅਪੀਲ ਹੈ ਕਿ ਜਿਸ ਤਰ੍ਹਾਂ ਪੰਜਾਬੀਆਂ ਨੇ ਉਹਨਾਂ ਨੂੰ ਆਸਾਂ ਅਤੇ ਉਮੰਗਾਂ ਦੀ ਪੂਰਤੀ ਲਈ ਅਤੇ ਰੰਗਲੇ ਪੰਜਾਬ ਦੀ ਖੁਸ਼ਹਾਲੀ ਲਈ ਮੁੱਖ ਮੰਤਰੀ ਦਾ ਤਾਜ਼ ਪਹਿਨਾ ਕੇ ਸੱਤਾ ਦੇ ਸਿੰਘਾਸਨ ’ਤੇ ਬਿਠਾਇਆ ਹੈ, ਉਹ ਗੁਰੂਆਂ-ਪੀਰਾਂ ਅਤੇ ਰਹਿਬਰਾਂ ਵੱਲੋਂ ਸਾਨੂੰ ਮਿਲੀਆਂ ਦਾਤਾਂ ਅਤੇ ਸੰਸਕਾਰਾਂ ਦੇ ਧਾਰਨੀ ਬਣਕੇ ਆਪਣੇ ਪੰਜਾਬ ਦੀ ਸਭਨਾਂ ਨੂੰ ਸਹਿਯੋਗੀ ਬਣਾਕੇ ਸੇਵਾ ਕਰਨ ਅਤੇ ਆਪਣੇ ਚਹੇਤੇ ਪੰਜਾਬੀਆਂ ਦੇ ਦਿਲਾਂ ਨੂੰ ਜਿੱਤਣ ਅਤੇ ਜੋੜਨ, ਨਾ ਕਿ ਤੋੜਨ।