ਕਿੰਨਾ ਕੁ ਮਾਣ-ਮਤਾ ਕੰਮ ਹੈ ਬਲਾਤਕਾਰੀਆ ਨੂੰ ਵਡਿਆਉਣਾ

ਵਿਕਸਤ ਮਨੁੱਖ ਦੇ ਜਿਸ ਪੜਾਅ ’ਤੇ ਅੱਜ ਅਸੀਂ ਪਹੁੰਚੇ ਹੋਏ ਹਾਂ, ਉਸ ਸਮੇਂ ਵਿੱਚ ਵਿਸ਼ੇਸ਼ ਕਰਕੇ ਸਾਡੇ ਵਰਗੇ ਮੁਲਕ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਪੂਰੇ ਵਿਕਾਸ ’ਤੇ ਪ੍ਰਸ਼ਨ ਚਿੰਨ ਲਗਾਉਂਦੀਆਂ ਹਨ।
ਬਲਾਤਕਾਰ ਸਿਰਫ ਔਰਤ-ਮਰਦ ਦੇ ਕੁਦਰਤੀ ਮਿਲੇ ਸੈਕਸ ਕਾਰਜ ਨਾਲ ਜੁੜਿਆ ਹੋਇਆ ਨਹੀਂ ਹੈ। ਇਸ ਨਾਲ ਸੰਬੰਧਤ ਖਬਰਾਂ ਦਿਲ-ਕੰਬਾਉ ਹਨ। ਇਸ ਤਰ੍ਹਾਂ ਦੇ ਕਾਰਿਆ ਨੂੰ ਲੈ ਕੇ ਆਮ ਲੋਕ ਗੁੱਸੇ ਵਿੱਚ ਆ ਕੇ ਇਹਨਾਂ ਲੋਕਾਂ ਨੂੰ ਜੰਗਲੀ, ਜਾਨਵਰ, ਦਰਿੰਦੇ ਆਦਿ ਕਹਿ ਦਿੰਦੇ ਹਨ ਤੇ ਫਾਂਸੀ ਦੀ ਮੰਗ ਕਰਦੇ ਹਨ ਜਾਂ ਸਰੇਆਮ ਕਿਸੇ ਚੌਰਾਹੇ ਵਿੱਚ ਖੜਾ ਕਰਕੇ ਮਾਰ ਦੇਣ ਦੀ ਇੱਛਾ ਜ਼ਾਹਰ ਕਰਦੇ ਹਨ।
ਜੇਕਰ ਇਸ ਪ੍ਰਗਟਾਵੇ ਨੂੰ ਸਮਝਿਆ ਜਾਵੇ ਤਾਂ ਨਿਸ਼ਚਿਤ ਹੀ ਇਹ ਇੱਕ ਘਿਨਾਉਣਾ ਕਾਰਜ ਹੈ, ਪਰ ਨਾਲ ਇਹ ਵੀ ਹਕੀਕਤ ਹੈ ਕਿ ਜੀਵ-ਜਗਤ ਵਿੱਚ ਕੋਈ ਵੀ ਜਾਨਵਰ ਕਿਸੇ ਆਪਣੀ ਜਾਤ-ਜਿਣਸ ਦੇ ਪ੍ਰਾਣੀ ਨਾਲ ਜ਼ਬਰਦਸਤੀ ਨਹੀਂ ਕਰਦਾ, ਜਿਸ ਨੂੰ ਬਲਾਤਕਾਰ ਦਾ ਨਾਂਅ ਦਿੱਤਾ ਜਾ ਸਕੇ। ਜਾਨਵਰਾਂ ਵਿੱਚ ਆਪਣਾ ਸਾਥੀ ਤਲਾਸ਼ਣ ਵੇਲੇ ਦੂਸਰੇ ਸੈਕਸ ਦੀ ਚਾਹ ਵੇਲੇ ਹੋਰ ਜਾਨਵਰਾਂ ਨਾਲ ਮੁਕਾਬਲਾ ਤਾਂ ਹੋ ਸਕਦਾ ਹੈ ਤੇ ਇਸ ਵਿੱਚ ਜਿੱਤ ਕਿਸੇ ਇੱਕ ਦੀ ਹੋ ਸਕਦੀ ਹੈ, ਪਰ ਜੋ ਵਾਰਦਾਤਾਂ ਅਸੀਂ ਸੁਰਖੀਆਂ ਬਣਦੇ ਦੇਖਦੇ ਹਾਂ, ਇਸ ਤਰ੍ਹਾਂ ਬਿਲਕੁੱਲ ਨਹੀਂ ਹੁੰਦਾ।
ਅਜੋਕੇ ਪਰਿਪੇਖ ਵਿਚ ਬਿਲਕਿਸ ਬਾਨੋ ਵਰਗੇ ਕੇਸ ਜਿੱਥੇ ਇਹ ਇਕ ਆਮ ਘਟਨਾ ਨਹੀਂ ਹੈ, ਸਮੂਹਿਕ ਬਲਾਤਕਾਰ ਦੀ ਘਟਨਾ ਹੈ। ਇਸੇ ਤਰ੍ਹਾਂ ਦੀ ਘਟਨਾ ਕੁਝ ਸਾਲ ਪਹਿਲਾਂ ਜੰਮੂ ਵਿੱਚ ਵੀ ਵਾਪਰਦੀ ਹੈ। ਇਹ ਘਟਨਾਵਾਂ ਆਮ ਇੱਕ ਨਾਲਾਇਕ ਔਰਤ ਮਰਦ ਦੀ ਜ਼ਬਰਦਸਤੀ ਵਾਲੀ ਸਥਿਤੀ ਤੋਂ ਬਿਲਕੁੱਲ ਵੱਖਰੀਆਂ ਹਨ, ਭਾਵੇਂ ਕਿ ਦੋਹਾਂ ਸਥਿਤੀਆਂ ਵਿੱਚ ਬਲਾਤਕਾਰ ਹੀ ਹੋਇਆ ਹੈ। ਕੋਈ ਵਿਅਕਤੀ ਨਸ਼ੇ ਵਿੱਚ ਹੋਸ਼ ਗਵਾ ਕੇ, ਬੱਸ ਵਿੱਚ ਇਕੱਲੀ ਔਰਤ ਸਵਾਰੀ ਨਾਲ ਜ਼ਬਰਦਸਤੀ ਕਰਦਾ ਹੈ, ਜੋ ਕਿ ਉਸ ਮੌਕੇ ਮੁਤਾਬਕ ਉਕਸਾਇਆ ਗਿਆ ਤੇ ਦੂਸਰੇ ਪਾਸੇ ਅੱਠ-ਦੱਸ ਲੋਕ, ਇੱਕ ਟੀਚਾ ਬਣਾ ਕੇ, ਮਿਥ ਕੇ, ਕਿਸੇ ਨੂੰ ਸਬਕ ਸਿਖਾਉਣ ਲਈ ਬਲਾਤਕਾਰ ਜਿਹਾ ਕਾਰਾ ਕਰਦੇ ਹਨ।
ਸੈਕਸ ਔਰਤ-ਮਰਦ ਦਾ ਮਹਿਜ਼ ਕੁਦਰਤੀ ਕਾਰਜ ਹੈ। ਇਹ ਕੁਦਰਤ ਦਾ ਇੱਕ ਮਹੱਤਵਪੂਰਨ ਕਾਰਜ ਹੈ, ਜੋ ਕਿ ਕੁਦਰਤ ਆਪਣੇ ਹਰ ਇੱਕ ਜੀਵ ਨੂੰ ਉਸ ਲਈ ਉਲੀਕੇ ਕਾਰਜਾਂ ਵਿੱਚ ਸ਼ਾਮਲ ਕਰਦੀ ਹੈ। ਇਸ ਜੀਵਨ ਦੀ ਬੁਨਿਆਦ ਹੈ ਨਰ-ਨਾਰੀ ਦਾ ਮਿਲਣਾ, ਮੇਲ-ਫੀਮੇਲ ਦਾ ਮਿਲਣਾ ਅਤੇ ਕਿਸੇ ਨਵੇਂ ਜੀਵ ਦੀ ਪੈਦਾਵਾਰ। ਇਹ ਪੈਦਾਵਾਰ ਹੀ ਰਚਨਾ ਹੈ, ਜਿਸ ਨਾਲ ਸ੍ਰਿ‌ਸ਼ਟੀ ਅੱਗੇ ਤੁਰਦੀ ਹੈ। ਇਸੇ ਲਈ ਬਲਾਤਕਾਰ ਕਿਸੇ ਵੀ ਤਰ੍ਹਾਂ ਕੁਦਰਤੀ ਕਾਰਜ ਨਹੀਂ ਹੈ ਤੇ ਨਾਂ ਕਿਸੇ ਹੋਰ ਜੀਵ ਵਿੱਚ ਇਹ ਦੇਖਣ ਨੂੰ ਮਿਲਦਾ ਹੈ।
ਬਲਾਤਕਾਰ ਨਿਰੋਲ ਸਮਾਜਿਕ ਵਰਤਾਰਾ ਹੈ, ਜੋ ਹੌਲੀ-ਹੌਲੀ ਇਸ ਅਵਸਥਾ ਵਿਚ ਪਹੁੰਚ ਗਿਆ ਹੈ। ਇਹ ਵਰਤਾਰਾ ਮਨੁੱਖੀ ਵਿਕਾਸ ਨਾਲ ਕਿਸੇ ਵੀ ਤਰ੍ਹਾਂ ਮੇਲ ਨਹੀਂ ਖਾਂਦਾ। ਜੇ ਕੋਈ ਕਹੇ ਕਿ ਇਹ ਮਨੁੱਖੀ ਵਿਕਾਰ ਦਾ ਪੁੱਠਾ ਗੇੜ ਹੈ। ਇਹ ਸਥਿਤੀ ਵੀ ਨਹੀਂ ਹੈ। ਪਠਾ ਗੇੜ ਤਾਂ ਫਿਰ ਆਦਿ-ਮਾਨਵ, ਜੰਗਲ ਵਿੱਚ ਵਸਦੇ ਮਾਨਵ ਵਲ ਸੰਕੇਤ ਕਰਦਾ ਹੈ।
ਬਲਾਤਕਾਰ ਦਾ ਸਮਾਜਿਕ ਪਰਿਪੇਖ ਦੇਖੀਏ ਕਿ ਬਲਾਤਕਾਰ ਹੁੰਦਾ ਹੈ, ਔਰਤ ਨਾਲ, ਮਰਦ ਨਾਲ ਨਹੀਂ ਅਤੇ ਔਰਤ ਆਪਣਾ ਮੂੰਹ ਲੁਕਾਉਂਦੀ ਫਿਰਦੀ ਹੈ। ਬਲਾਤਕਾਰ ਦਾ ਮੁੱਖ ਦੋਸ਼ੀ ਆਦਮੀ ਹੁੰਦਾ ਹੈ ਮਰਦ ਜੋ ਕਿ ਪੂਰੀ ਟੌਹਰ ਨਾਲ ਛਾਤੀ ਤਾਣ ਕੇ ਤੁਰਦਾ ਹੈ ਤੇ ਉਸੇ ਮਾਣ-ਤਾਣ ਨਾਲ ਵਿਚਰਦਾ ਹੈ। ਬਿਲਕਿਸ ਬਾਨੋ ਦੇ ਕੇਸ ਵਿੱਚ ਜਿੱਥੇ ਗਿਆਰਾਂ ਲੋਕਾਂ ਨੇ ਮਿਲ ਕੇ ਸਮੂਹਿਕ ਬਲਾਤਕਾਰ ਕੀਤਾ, ਉਹਨਾਂ ਨੂੰ ਜੋ ਇੱਜ਼ਤ ਦਿੱਤੀ ਗਈ, ਪਰੇਸ਼ਾਨ ਕਰਨ ਵਾਲੀ ਸੀ। ਇਸੇ ਤਰ੍ਹਾਂ ਜੰਮੂ ਵਿੱਚ ਨਾਬਾਲਗ ਲੜਕੀ ਦੇ ਬਲਾਤਬਾਰ ਦੇ ਕੇਸ ਵਿੱਚ ਬਲਾਤਕਾਰ ਕਰਨ ਵਾਲੇ ਸ਼ਖਸ ਦੀ ਜਾਤ-ਧਰਮ ਨਾਲ ਜੁੜੇ ਲੋਕਾਂ ਨੇ ਬਲਾਤਕਾਰੀ ਦੇ ਹੱਕ ਵਿਚ ਰੈਲੀ ਕੱਢੀ। ਇਹ ਘਟਨਾ ਵੀ ਮਨੁੱਖੀ ਸਮਝ ਅਤੇ ਵਿਕਾਸ ’ਤੇ ਸਵਾਲ ਖੜੇ ਕਰਨ ਵਾਲੀ ਹੈ।
ਬਲਾਤਕਾਰ ਦੀ ਘਟਨਾ ਦਾ ਮਨੋ-ਵਿਗਿਆਨਕ ਪੱਖ ਵਿਚਾਰਨ ਤੋਂ ਪਹਿਲਾਂ ਇਸ ਅਹਿਮ ਪੱਖ ਜੋ ਕਿ ਇਸ ਦੀ ਜੜ੍ਹ ਵਜੋਂ ਸਾਡੇ ਸਮਾਜ ਵਿੱਚ ਪਿਆ ਹੈ, ਉਹ ਹੈ ਸਾਡੇ ਸਮਾਜਿਕ ਰਿਸ਼ਤਿਆਂ ਦਾ ਸੱਚ। ਉਸ ਵਿੱਚ ਵੀ ਖਾਸ ਤੌਰ ’ਤੇ ਔਰਤ-ਮਰਦ ਦਾ ਰਿਸ਼ਤਾ ਅਤੇ ਇਸ ਰਿਸ਼ਤੇ ਵਿੱਚ ਔਰਤ ਦੀ ਕੀ ਥਾਂ ਹੈ, ਉਸ ਦੀ ਸਮਾਜ ਵਿੱਚ ਕੀ ਸਥਿਤੀ ਹੈ। ਜਿਵੇਂ ਕਿ ਪਹਿਲਾਂ ਵੀ ਗੱਲ ਹੋਈ ਹੈ ਕਿ ਬਲਾਤਕਾਰ ਔਰਤ ਨਾਲ ਹੁੰਦਾ ਹੈ, ਤਸੱਦਦ ਉਸ ਨਾਲ ਹੁੰਦਾ ਹੈ, ਜੋ ਕਿ ਸਰੀਰਕ ਅਤੇ ਮਾਨਸਿਕ ਹੈ, ਪਰ ਮੂੰਹ ਉਹ ਛੁਪਾਉਂਦੀ ਹੈ। ਇਹ ਕਿਸ ਤਰ੍ਹਾਂ ਦੀ ਔਰਤ ਦੀ ਸਮਾਜਿਕ ਤਿਆਰੀ ਹੈ?
ਇਸ ਸਥਿਤੀ ਨਾਲ ਜੁੜੇ ਪਰਵਾਰ ਦੀ ਬਣਤਰ ਬਾਰੇ, ਸਮਾਜ ਵਿਗਿਆਨ ਦੇ ਇਤਿਹਾਸ ਵਿੱਚ ਨਾ ਜਾਂਦੇ ਹੋਏ ਇੱਕ ਗੱਲ ਜੋ ਵੱਡੀ ਪੱਧਰ ’ਤੇ ਪ੍ਰਚਲਿਤ ਹੈ ਕਿ ਕੁੜੀ ਘਰ ਦੀ ਇੱਜ਼ਤ ਹੁੰਦੀ ਹੈ, ਪਿਉ ਦੀ ਪੱਗ ਹੁੰਦੀ ਹੈ, ਪਰਵਾਰ ਦਾ ਨੱਕ ਹੁੰਦੀ ਹੈ। ਉਹ ਇਜ਼ਤ, ਇਹ ਪੱਗ, ਇਹ ਨੱਕ (ਮਾਣ-ਸਨਮਾਨ) ਉਸ ਦੇ ਸੈਕਸ ਨਾਲ ਜੋੜ ਕੇ ਦੇਖਿਆ ਗਿਆ ਹੈ ਜਾਂ ਕਹੀਏ ਮਰਦ ਵੱਲੋਂ ਪ੍ਰਚਾਰਿਆ ਗਿਆ ਹੈ। ਇਸ ਦਾ ਆਪਣਾ ਇੱਕ ਪਿਛੋਕੜ ਹੈ, ਜਿਸ ਵਿੱਚ ਜਾਣ ਦੀ ਲੋੜ ਹੈ। ਪਰ ਇੱਥੇ ਏਨੀ ਕੁ ਗੱਲ ਕਹੀ ਜਾ ਸਕਦੀ ਹੈ ਕਿ ਕਿਸੇ ਵੇਲੇ ਪਰਵਾਰ- ਕਬੀਲੇ ਦੀ ਮੁਖੀ ਔਰਤ ਹੁੰਦੀ ਸੀ, ਜੋ ਮਰਦ ਨੇ ਆਪਣੇ ਹੱਥ ਵਿੱਚ ਲੈਣੀ ਚਾਹੀ, ਕਿਉਂ ਜੋ ਉਸ ਨੂੰ ਆਪਣੇ ਡੌਲਿਆਂ ’ਤੇ ਮਾਣ ਸੀ, ਆਪਣੀ ਸਰੀਰਕ ਤਾਕਤ ਦਾ ਹੰਕਾਰ ਸੀ। ਔਰਤ ਕੋਲ ਸਦੀਵੀਂ ਪੈਦਾਵਾਰੀ ਤਾਕਤ ਮਾਂ ਬਣਨ ਦੀ ਸਮਰੱਥਾ ਹੈ। ਇਸ ਨੂੰ ਪਿੱਛੇ ਸੁੱਟਿਆ ਗਿਆ ਜਾਂ ਕਹੀਏ ਉਸ ਦਾ ਇਹੀ ਕਾਰਜ ਹੀ ਉਸ ਦੀ ਸਮਾਜ ਵਿਚ ਦੁਰਗਤੀ ਦਾ ਜ਼ਰੀਆ ਬਣਿਆ। ਬੱਚੇ ਦੀ ਪਛਾਣ ਵਿੱਚ ਇੱਕ ਗੱਲ ਜੋ ਸੌ ਫੀਸਦੀ ਪੱਕੀ ਹੈ ਕਿ ਉਸ ਦੀ ਮਾਂ ਬਾਰੇ ਸਭ ਨੂੰ ਪਤਾ ਹੁੰਦਾ ਹੈ। ਮਰਦ ਨੇ ਆਪਣੀ ਪਛਾਣ ਕਾਇਮ ਕਰਨ ਲਈ, ਔਰਤ ’ਤੇ ਕਬਜ਼ੇ ਕਰਨ ਦਾ ਨੇਮ ਬਣਾਇਆ।
ਔਰਤ ਦੀ ਸਥਿਤੀ ਨੂੰ ਸਮਝਣ ਲਈ ਇਹ ਇੱਕ ਵਾਕਿਆ ਹੀ ਕਾਫੀ ਹੈ। ਬਲਾਤਕਾਰ ਨੂੰ ਲੈ ਕੇ ਅੰਤਰ-ਰਾਸ਼ਟਰੀ ਪੱਧਰ ’ਤੇ ਹੋਈਆਂ ਵਿਚਾਰਾਂ ਵਿੱਚ ਪਤੀ ਵੱਲੋਂ ਕੀਤੀ ਜਾਂਦੀ ਜ਼ਬਰਦਸਤੀ, ਔਰਤ ਤੋਂ ਪ੍ਰਵਾਨਗੀ ਲਏ ਬਿਨਾਂ ਕੀਤਾ ਗਿਆ ਸੈਕਸ ਵੀ ਬਲਾਤਕਾਰ ਮੰਨੇ ਜਾਣ ਦੀਆਂ ਸਿਫਾਰਸ਼ਾਂ ਹੋਈਆਂ। ਸਾਡੇ ਦੇਸ਼ ਦੇ ਕਾਨੂੰਨ ਵਿੱਚ ਵੀ ਇਹ ਮੱਦ ਜੋੜੀ ਹੋਈ ਹੈ, ਪਰ ਅਸੀਂ ਪਰਵਾਰਾਂ ਵਿੱਚ ਔਰਤਾਂ ਦੀ ਹਾਲਤ ਸਮਝ ਸਕਦੇ ਹਾਂ। ਇੱਕ ਸਰਵੇਖਣ ਵਿੱਚ ਪਤੀ ਨੇ ਕਿਹਾ ਕਿ ਅਸੀਂ ਆਪਣੇ ਫੇਰਿਆਂ ਦੌਰਾਨ ਹੀ ਔਰਤ ਤੋਂ ਪ੍ਰਵਾਨਗੀ ਲੈ ਲੈਂਦੇ ਹਾਂ, ਰੋਜ਼-ਰੋਜ਼ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਹੈ। ਇਹ ਸਾਡੇ ਸੱਭਿਆਚਾਰ ਦਾ ਹਿੱਸਾ ਹੈ, ਜੋ ਔਰਤਾਂ ਨੂੰ ਆਪਣੀ ਸਮਾਜਿਕ ਸਥਿਤੀ ਬਾਰੇ ਰੂਬਰੂ ਕਰਵਾਉਂਦਾ ਹੈ।
ਗੱਲ ਕਰ ਰਹੇ ਸੀ ਸਮਾਜ ਵਿੱਚ ਹੋਣ ਵਾਲੇ ਬਲਾਤਕਾਰ ਬਾਰੇ। ਔਰਤ ਦੀ ਹੋ ਰਹੀ ਨਿਰਾਦਰੀ ਬਾਰੇ। ਦਰਅਸਲ ਬਲਾਤਕਾਰ ਦਾ ਇੱਕ ਬਹੁਤ ਵੱਡਾ ਅਤੇ ਖਾਸ ਵਜ੍ਹਾ ਨਾਲ ਕੀਤਾ ਜਾਣ ਵਾਲਾ, ਸਿਰੇ ਚੜ੍ਹਾਉਣ ਵਾਲਾ ਕਾਰਜ ਹੈ, ਪਰ ਰੋਜ਼ਮਰ੍ਹਾ ਦੀਆਂ ਛੋਟੀਆਂ- ਛੋਟੀਆਂ ਘਟਨਾਵਾਂ ਬੱਸਾਂ, ਪਬਲਿਕ ਥਾਵਾਂ ਅਤੇ ਇੱਥੋ ਤੱਕ ਕਿ ਦਫਤਰਾਂ ਵਿਚ ਕੰਮ ਕਰਦੀਆਂ ਕੰਮਕਾਜੀ ਔਰਤਾਂ ਨਾਲ ਛੇੜਡਾੜ ਦੀਆਂ ਘਟਨਾਵਾਂ ਗਿਣਨ ਲੱਗੀਏ ਜਾਂ ਅਖਬਾਰ ਛਾਪਣਾ ਸ਼ੁਰੂ ਕਰ ਦੇਣ ਤਾਂ ਅਖਬਾਰਾਂ ਨੂੰ ਕਿਸੇ ਹੋਰ ਖਬਰ ਲਈ ਥਾਂ ਹੀ ਨਾਂ ਮਿਲੇ। ਇਸ ਦਾ ਇਕ ਹੋਰ ਕਾਰਨ ਵੀ ਹੈ ਕਿ ਔਰਤਾਂ ਅਜਿਹੀਆਂ ਰੋਜ਼ਮਰ੍ਹਾ ਦੀਆਂ ਘਟਨਾਵਾਂ ਨੂੰ ਅਣਗੋਲਿਆਂ ਕਰਨ ਵਿਚ ਹੀ ਭਲਾਈ ਸਮਝਦੀਆਂ ਹਨ।
ਆਪਣੇ ਨਾਲ ਹੋਣ ਵਾਲੀ ਛੇੜਖਾਨੀ ਨੂੰ ਜੇਕਰ ਕਿਤੇ ਉਭਾਰਿਆ ਵੀ ਜਾਂਦਾ ਹੈ, ਕੋਈ ਹਿੰਮਤੀ ਔਰਤ ਪਹਿਲ ਵੀ ਕਰਦੀ ਹੈ ਤਾਂ ਫਿਰ ਉਹੀ ਔਰਤ ਹੀ ਨਿਸ਼ਾਨੇ ’ਤੇ ਲਿਆਂਦੀ ਜਾਂਦੀ ਹੈ। ਉਸ ਦੇ ਕਿਰਦਾਰ ਨੂੰ ਹੀ ਉਲਟੇ ਇਸੇ ਤਰ੍ਹਾਂ ਦਾ ਦੱਸ ਕੇ, ਸਥਿਤੀ ਨੂੰ ਪੁੱਠਾ ਗੇੜਾ ਦੇ ਦਿੱਤਾ ਜਾਂਦਾ ਹੈ। ਬਹੁਤੀ ਵਾਰ ਇਸ ਤਰ੍ਹਾਂ ਦੀ ਹਾਲਤ ਨੂੰ ਔਰਤ ਦੇ ਕੱਪੜਿਆਂ ਨਾਲ ਜੋੜ ਕੇ ਉਸ ਦੇ ਹਰ ਇੱਕ ਨਾਲ ਹੱਸ ਕੇ ਗੱਲਬਾਤ ਕਰਨ ਖੁੱਲ੍ਹ ਕੇ ਬੋਲਣ ਨੂੰ ਵੀ ਜੋੜ ਲਿਆ ਜਾਂਦਾ ਹੈ।
ਕਹਿਣ ਤੋਂ ਭਾਵ ਹੈ ਕਿ ਔਰਤਾਂ ਪ੍ਰਤੀ ਸਮਾਜ ਦਾ ਇਹ ਦ੍ਰਿਸ਼ ਜਦੋਂ ਅਸੀਂ ਰੋਜ਼ ਦੇਖਦੇ, ਸੁਣਦੇ, ਹਿੱਸੇ ਬਣਦੇ ਹੋਏ ਚੁੱਪ ਹਾਂ ਤੇ ਸਾਨੂੰ ਇਸ ਦੀ ਆਦਤ ਪੈ ਗਈ ਹੈ ਤਾਂ ਹੀ ਬਲਾਤਕਾਰ ਵਰਗੀ ਘਟਨਾ ਦੀ ਅਣਹੋਣੀ ਨਹੀਂ ਜਾਪਦੀ।
ਹੁਣ ਪਿਛਲੇ ਕੁਝ ਸਾਲਾਂ ਤੋਂ ਇੱਕ ਵਰਗ ਵਿਸ਼ੇਸ਼ ਜੋ ਕਈ ਤਰਫੋਂ ਨਿਸ਼ਾਨੇ ’ਤੇ ਹੈ, ਉਸ ਨੂੰ ਨੀਵਾਂ ਦਿਖਾਉਣ ਲਈ, ਉਸ ਨੂੰ ਦਬਾ ਕੇ ਰੱਖਣ ਲਈ, ਉਸ ਨੂੰ ਸਬਕ ਸਿਖਾਉਣ ਲਈ ਅਜਿਹੀਆਂ ਘਟਨਾਵਾਂ ਦਾ ਚਲਣ ਕਾਫੀ ਵਧ ਗਿਆ ਹੈ। ਅਸੀਂ ਅਕਸਰ ਸੁਣਦੇ ਹਾਂ ਜਾਂ ਪੜ੍ਹਦੇ ਹਾਂ ਕਿ ਇਕ ਕਬੀਲਾ ਜਾਂ ਇੱਕ ਦੇਸ਼ ਜਦੋਂ ਦੂਸਰੇ ਕਬੀਲੇ ਅਤੇ ਦੇਸ਼ ’ਤੇ ਹਮਲਾ ਕਰਦਾ ਹੈ ਤਾਂ ਕਬਜ਼ੇ ਵਿੱਚ ਸਿਰਫ਼ ਜ਼ਮੀਨ ਹੀ ਨਹੀਂ ਲੈਂਦਾ, ਉਸ ਦਾ ਨਿਸ਼ਾਨਾ ਔਰਤਾਂ ਵੀ ਹੁੰਦੀਆਂ ਹਨ ਦੇਸ਼ ਵੰਡ ਵੇਲੇ, 1947 ਵਿੱਚ ਹਿੰਦੂ-ਮੁਸਲਮਾਨਾਂ ਨੂੰ ਲੈ ਕੇ ਹਜ਼ਾਰਾ ਹੀ ਘਟਨਾਵਾਂ ਹਨ ਅਤੇ ਇਹੀ ਕੁਝ 2002 ਵਿੱਚ ਗੁਜਰਾਤ ਵਿਚ ਹੋਇਆ, ਜਿਸ ਦੀ ਬਿਲਗਿਸ ਬਾਨੋ ਉਦਾਹਰਣ ਹੈ।
ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਇੱਕ ਗੈਰ-ਸਮਾਜੀ ਜਾਂ ਗੈਰ ਕੁਦਰਤੀ, ਸਹੀ ਅਰਥਾਂ ਵਿੱਚ ਜੇ ਕਹੀਏ ਤਾਂ ਗੈਰ ਮਨੁੱਖੀ ਕਾਰੇ ਨੂੰ ਸਨਮਾਨਤ ਕਰਨਾ, ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨਾ, ਕਿਸ ਦਿਸ਼ਾ ਦੀ ਸੂਚਕ ਹੈ। ਮਨੁੱਖੀ ਵਿਤਿਹਾਸ ਲੜਾਈਆਂ, ਜੰਗਾਂ ਨਾਲ ਭਰਿਆ ਹੈ। ਸਾਰੀ ਦੁਨੀਆਂ ’ਤੇ ਰਾਜ ਕਰਨ ਦੀ ਲਾਲਸਾ ਸਿਰਫ ਸਿਕੰਦਰ ਵਿੱਚ ਨਹੀਂ ਸੀ, ਪੁਤਿਨ ਵਰਗੇ ਲੀਡਰਾਂ ਵਿੱਚ ਵੀ ਦੇਖੀ ਜਾ ਸਕਦੀ ਹੈ, ਪਰ ਸਵਾਲ ਹੈ ਸਮਾਜ ਵਿੱਚ ਔਰਤ ਦੀ ਸਥਿਤੀ ਦਾ। ਸਾਡੇ ਆਪਣੇ ਮੁਲਕ ਵਿੱਚ ਸਥਿਤੀ ਹੋਰ ਪਰੇਸ਼ਾਨ ਕਰਨ ਵਾਲੀ ਹੈ ਕਿ ਸਾਡ ਸਾਰੇ ਗ੍ਰੰਥ ਔਰਤ ਨੂੰ ਦੇਵੀ ਦਾ ਦਰਜਾ ਦਿੰਦੇ ਹਨ। ਪੂਜਣਯੋਗ ਮੰਨਦੇ ਹਨ। ਸੈਂਕੜੇ ਹੀ ਤਿਉਹਾਰ, ਵਰਤ ਔਰਤ ਦੀ ਪੂਜਾ ਨਾਲ ਜੁੜੇ ਹਨ। ਵੈਸ਼ਨੋ ਦੇਵੀ, ਕਾਲੀ ਮਾਤਾ, ਸਰਸਵਤੀ, ਲੱਛਮੀ ਆਦਿ ਕੁਝ ਨਾਂਅ ਹਨ, ਜੋ ਕਿ ਭਾਰਤੀ ਮਾਨਸਿਕਤਾ ਵਿੱਚ ਮਕਬੂਲ ਹਨ, ਪਰ ਅਸੀਂ ਆਪਣੇ ਘਰ ਦੀ ਔਰਤ ਨੂੰ ਹੀ ਮਾਂ-ਭੈਣ, ਚਾਹੇ ਧੀ ਨੂੰ ਉਸ ਦਾ ਬਣਦਾ ਮਾਣ ਨਹੀਂ ਦਿੰਦੇ।
ਜਦੋਂ ਪੂਰੀ ਦੁਨੀਆਂ ਵਿੱਚ ਔਰਤ ਦੀ ਸਥਿਤੀ ਨੂੰ ਲੈ ਕੇ ਸਰਵੇਖਣ ਹੁੰਦੇ ਹਨ ਤਾਂ ਅਸੀਂ ਇਹ ਵੀ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿ ਸਾਡਾ ਦੇਸ਼ ਔਰਤਾਂ ਦੇ ਰਹਿਣ ਲਈ ਸਭ ਤੋਂ ਅਸੁਰੱਖਿਅਤ ਦੇਸ਼ ਹੈ। ਅਰਬ ਵਰਗੇ ਦੇਸ਼ਾਂ ਤੋਂ ਵੀ ਅਸੁਰੱਖਿਅਤ, ਜਿੱਥੇ ਔਰਤ ਦੀ ਸਮਾਜਿਕ-ਮਾਨਸਿਕ ਪੀੜਾ ਹੋਰ ਤਰ੍ਹਾਂ ਦੀ ਹੈ ਭਾਵੇਂ। ਮੰਨਾਂਗੇ ਨਹੀਂ ਤਾਂ ਸੁਧਰਾਂਗੇ ਕਿਵੇਂ?

Add new comment