ਮਾਂ ਬੋਲੀ ਦੇ ਕਤਲ ਦੀ ਸਾਜਿਸ਼

ਪੰਜਾਬੀਆਂ ਦੀ ਮਾਂ-ਬੋਲੀ ਜੁਬਾਨ ਪੰਜਾਬੀ ਨੇ ਪੂਰੇ ਸੰਸਾਰ ਵਿੱਚ ਵਸਦੇ ਪੰਜਾਬੀਆਂ ਨੂੰ ਸਮੁੱਚੇ ਸੰਸਾਰ ਵਿੱਚ ਇੰਨਾ ਮਾਣ ਦਿਵਾਇਆ ਹੋਇਆ ਹੈ, ਕਿ ਉਹ ਅੱਜ ਪੰਜਾਬੀ ਬੋਲੀ-ਬੋਲ ਕੇ ਪੰਜਾਬੀ ਹੋਣ ਵਿੱਚ ਫਖ਼ਰ ਮਹਿਸੂਸ ਕਰਦੇ ਹਨ, ਕਿਉਂਕਿ ਅੱਜ ਸਾਰਾ ਸੰਸਾਰ ਇਹ ਮਹਿਸੂਸ ਕਰ ਗਿਆ ਹੈ ਕਿ ਪੰਜਾਬੀ ਜੁਬਾਨ ਸੰਸਾਰ ਕੁੱਲ ਜੁਬਾਨਾਂ ਵਿੱਚੋਂ ਆਪਣਾ ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ। ਬਾਲੀਵੁੱਡ ਵਿੱਚ ਪੰਜਾਬੀ ਬੋਲੀ, ਪੰਜਾਬੀ ਧੁਨਾਂ ਅਤੇ ਪੰਜਾਬੀ ਲੋਕ ਨਾਚਾਂ ਦਾ ਦਬਦਬਾ ਆਮ ਦੇਖਣ ਨੂੰ ਮਿਲ ਰਿਹਾ ਹੈ।
ਅੱਜ ਪੂਰੀ ਮੁੰਬਈ ਫ਼ਿਲਮ ਇੰਡਸਟਰੀ ਦਾ ਹਰ ਨਿਰਮਾਤਾ ਪੰਜਾਬੀ ਰੰਗਾਂ ਬਿਨਾਂ ਬਣਾਈ ਜਾਣ ਵਾਲੀ ਫਿਲਮ ਨੂੰ ਬੇਜਾਨ ਅਤੇ ਅਧੂਰੀ ਮਹਿਸੂਸ ਕਰਦਾ ਹੈ। ਪੰਜਾਬੀ ਭਾਸ਼ਾ ਆਪਣੀ ਬੁੱਕਲ ਵਿੱਚ ਬੇ-ਅਥਾਹ ਸੱਭਿਆਚਾਰਕ ਵੰਨਗੀਆਂ ਸਮੋਈ ਬੈਠੀ ਹੈ। ਪੰਜਾਬੀ ਮਾਂ ਬੋਲੀ ਨੇ ਆਪਣੇ ਬਹੁਮੁੱਲੇ ਅਮੀਰ ਵਿਰਸੇ ਰਾਹੀਂ ਸੰਸਾਰ ਵਿੱਚ ਆਪਣੀ ਨਿਵੇਕਲੀ ਪਹਿਚਾਣ ਬਣਾਈ ਹੋਈ ਹੈ।
ਪੰਜਾਬੀ ਭਾਸ਼ਾ ਦੇ ਆਪਣੇ ਵੱਖ-ਵੱਖ ਲੋਕ ਰੰਗ, ਲੋਕ- ਨਾਚ, ਲੋਕ-ਗੀਤ ਅਤੇ ਲੋਕ-ਬੋਲੀਆਂ ਆਦਿ ਪੰਜਾਬੀ ਭਾਸ਼ਾ ਦੀ ਅਮੀਰ ਵਿਰਾਸਤ ਹਨ, ਜਿਸ ਨੂੰ ਪੁਰਾਤਨ ਸਮਿਆਂ ਤੋਂ ਪੰਜਾਬੀ ਮਾਂ ਬੋਲੀ ਪ੍ਰੇਮੀਆਂ ਨੇ ਆਪਣਾ ਪੁਰਾਤਨ ਵਿਰਸਾ ਮੰਨ ਕੇ ਸੰਭਾਲਿਆ ਹੋਇਆ ਹੈ।
ਪਰ ਅੱਜ ਜਦੋਂ ਅਸੀਂ ਆਪਣੀ ਮਾਂ ਬੋਲੀ ਨੂੰ ਅਗਾਂਹ ਆਪਣੀ ਅਯੋਕੀ ਨਵੀਂ ਪੀੜ੍ਹੀ ਲਈ ਇਹ ਅਨਮੋਲ ਖਜ਼ਾਨਾ ਸਾਂਭਣ ਲਈ ਸਪੁਰਦ ਕਰਨ ਬਾਰੇ ਸੋਚਦੇ ਹਾਂ, ਤਾਂ ਮਨ ’ਤੇ ਡਾਹਢੀ ਸੱਟ ਵੱਜਦੀ ਹੈ। ਅੱਜ ਪੰਜਾਬੀਆਂ ਦਾ ਜਿਵੇਂ ਸੱਚ-ਮੁੱਚ ਹੀ ਖੂਨ ਸਫੈਦ ਹੋ ਗਿਆ ਹੋਵੇ। ਜਿਵੇਂ ਉਹ ਸਾਨੂੰ ਸਾਡੇ ਪੁਰਖਿਆਂ ਤੋਂ ਮਿਲੇ ਇਸ ਬਹੁਮੁੱਲੇ ਖਜ਼ਾਨੇ ਨੂੰ ਰੂਹ ਤੋ ਸਾਂਭਣ ਦੀ ਜਾਚ ਭੁੱਲ ਗਏ ਹੋਣ। ਕਿਉਂ ਨਹੀਂ ਰਹੀ ਸਮੱਤ ਪੰਜਾਬੀ ਮਾਂ ਬੋਲੀ ਦੇ ਪ੍ਰੇਮੀਆਂ?
ਬੜੇ ਦੁਖੀ ਹਿਰਦੇ ਨਾਲ ਲਿਖਣਾ ਪੈ ਰਿਹਾ ਹੈ ਕਿ ਸਾਡੇ ਕੁੱਝ ਪੰਜਾਬੀ ਭਰਾਵਾਂ ਨੇ ਸਾਡੇ ਪੰਜਾਬ ਦੇ ਇਸ ਅਮੀਰ ਵਿਰਸੇ ਦਾ ਵਪਾਰੀਕਰਨ ਕਰਕੇ ਰੱਖ ਦਿੱਤਾ ਹੈ। ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੰਜਾਬ ਦਾ ਵਿਰਸਾ ਬਹੁਤ ਅਮੀਰ ਹੈ। ਉਹਨਾਂ ਦੀ ਇਹ ਕੋਝੀ ਸਾਜਿਸ ਮਹਿਜ ਆਟੇ ’ਚ ਲੂਣ ਦੇ ਬਰਾਬਰ ਹੈ। ਮਾਂ-ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਇਸ ਗੱਲ ਨੂੰ ਭਲੀਭਾਂਤ ਸਮਝਦੇ ਹਨ ਕਿ ਉਹ ਸੁਆਰਥੀ ਵਪਾਰੀਆਂ ਦੀ ਕਿਸੇ ਵੀ ਸਾਜਿਸ਼ ਨੂੰ ਪੰਜਾਬੀ ਮਾਂ ਬੋਲੀ ਦੇ ਨੇੜੇ ਵੀ ਨਹੀਂ ਫੜਕਣ ਦੇਣਗੇ।
ਜਿੰਨ੍ਹਾਂ ਕੁੱਝ ਧਨਾਢਾਂ ਵੱਲੋਂ ਪੰਜਾਬੀ ਮਾਂ-ਬੋਲੀ ਦਾ ਵਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਵੱਲੋਂ ਵਪਾਰ ਦੀ ਇਸ ਗੰਦੀ ਖੇਡ ਰਾਹੀਂ ਮਾਂ ਬੋਲੀ ਦੀ ਧਾਰ ਦਾ ਮੂੰਹ ਹੋਰ ਪਾਸੇ ਮੋੜਨ ਦਾ ਨਾਪਾਕ ਯਤਨ ਕੀਤਾ ਜਾ ਰਿਹਾ ਹੈ। ਉਹ ਆਪਣੀ ਇਸ ਸਾਜਿਸ਼ ਨਾਲ ਪੰਜਾਬੀ ਮਾਂ-ਬੋਲੀ ਨੂੰ ਕਮਜ਼ੋਰ, ਬੁੱਢੀ ਕਰਨ ਦਾ ਭਰਮ ਪਾਲ਼ੀ ਬੈਠੇ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਆਪਣੇ ਇਸ ਮਕਸਦ ਵਿੱਚ ਸਾਡੇ ਅਵੇਸਲੇਪਣ ਕਾਰਨ ਕੁੱਝ ਹੱਦ ਤੱਕ ਸਫਲ ਵੀ ਹੋਏ ਹਨ। ਪਰ ਸਾਡੀ ਪੰਜਾਬੀ ਮਾਂ-ਬੋਲੀ ਇਨੀ ਛੇਤੀ ਮਰਨ ਵਾਲੀ ਨਹੀਂ। ਪੰਜਾਬੀ ਮਾਂ ਬੋਲੀ ਅਮਰ ਹੈ ਅਤੇ ਹਮੇਸ਼ਾਂ ਰਹਿੰਦੀ ਦੁਨੀਆਂ ਤੱਕ ਅਮਰ ਰਹੇਗੀ। ਕੁੱਝ ਪੂੰਜੀਪਤੀਆਂ ਨੇ ਸਾਡੇ ਅਤਿ ਅਮੀਰ ਪੰਜਾਬੀ ਵਿਰਸੇ ਵਿੱਚ ਪੰਜਾਬੀ ਗਾਇਕੀ ਰਾਹੀਂ ਘੁੱਸਪੈਠ ਕਰਕੇ ਸਾਡੀ ਮਾਂ-ਬੋਲੀ ਪੈਸੇ ਦਾ ਮੋਹ ਪਾਲਦੇ ਹੋਏ ਕਲੰਕਿਤ ਕਰਕੇ ਰੱਖ ਦਿੱਤਾ ਹੈ।
ਇਹਨਾਂ ਵੱਲੋਂ ਸਾਡੀਆਂ ਲੋਕ-ਵੰਨਗੀਆਂ ਜਿਵੇਂ ਕਿ ਪੰਜਾਬੀ ਲੋਕ-ਨਾਚ, ਪੰਜਾਬੀ ਲੋਕ-ਗੀਤ, ਪੰਜਾਬੀ ਲੋਕ- ਧੁੰਨਾਂ ਆਦਿ ਦੀਆਂ ਜੜਾਂ ਨੂੰ ਆਰੀ ਫੇਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਕਾਰਨ ਇਹਨਾਂ ਲੋਕ-ਕਲਾਵਾਂ ਦੀਆਂ ਕਰੂੰਬਲਾਂ ਮੁਰਝਾ ਰਹੀਆਂ ਅਤੇ ਟੁੱਟ ਕੇ ਡਿੱਗਣ ਨੂੰ ਤਿਆਰ ਹਨ। ਇਹਨਾਂ ਪੂੰਜੀਪਤੀਆਂ ਨੇ ਦੋਹਰੇ ਅਰਥਾਂ ਵਾਲੀ ਬੇਸੁਰੀ ਗਾਇਕੀ ਰਾਹੀਂ ਸਾਡੀ ਪੰਜਾਬੀ ਮਾਂ-ਬੋਲੀ ਨੂੰ ਬਦਨਾਮ ਅਤੇ ਕਲੰਕਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਭਾਵੇਂ ਅਸੀਂ ਅਨੇਕਾਂ ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਸਭਾਵਾਂ ਜਾਂ ਪੰਜਾਬੀ ਲੇਖਕ ਸਭਾਵਾਂ ਰਾਹੀਂ ਪੰਜਾਬੀ ਮਾਂ-ਬੋਲੀ
ਦੇ ਚਿੱਟੇ ਦਾਮਨ ਨੂੰ ਬੇਦਾਗ ਰੱਖਣ ਲਈ ਸਦਾ ਹੀ ਪਹਿਰੇਦਾਰੀ ਕਰਦੇ ਆ ਰਹੇ ਹਾਂ, ਪਰ ਅਸੀਂ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਪੰਜਾਬੀ ਮਾਂ-ਬੋਲੀ ਨੂੰ ਬੇਸੂਰੀ ਅਤੇ ਦੋਹਰੇ ਅਰਥਾਂ ਵਾਲੀ ਗਾਇਕੀ ਪ੍ਰਫੂਲਿਤ ਕਰਨ ਦਾ ਯਤਨ ਕਰ ਰਹੇ ਵਪਾਰੀਆਂ ਤੋਂ ਬਚਾਉਣ ਲਈ ਕੁੰਭਕਰਨੀ ਨੀਂਦ ਸੁੱਤੇ ਪਏ ਹਾਂ। ਅੱਜ ਪੰਜਾਬੀ ਸੰਗੀਤ ਦੀਆਂ ਧੁੰਨਾਂ ਰਾਹੀਂ ਆਤਮਿਕ ਸਕੂਨ ਦੇਣ ਦੀ ਬਜਾਏ ਪੂੰਜੀਪਤੀ ਵਪਾਰੀਆਂ ਵੱਲੋਂ ਪੰਜਾਬੀ ਮਾਂ-ਬੋਲੀ ਰਾਹੀਂ ਸ਼ੋਰ-ਸ਼ਰਾਬਾ ਜਾਂ ਹੁੱਲੜਬਾਜੀ ਪਰੋਸਣ ਦਾ ਭਰਪੂਰ ਉਪਰਾਲਾ ਕੀਤਾ ਜਾ ਰਿਹਾ ਹੈ, ਜੋ ਕਿ ਸਾਡੀ ਮਾਂ-ਬੋਲੀ ਨੂੰ ਇੱਕ ਦਿਨ ਸੱਚਮੁੱਚ ਬੁੱਢੜੀ ਕਰ ਦੇਵੇਗਾ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਿਸੇ ਵੀ ਦੇਸ਼ ਜਾਂ ਕੌਮ ਦੀਆਂ ਸੱਭਿਆਚਾਰਕ ਵੰਨਗੀਆਂ ਸਮਾਜਿਕ ਕਦਰਾਂ ਕੀਮਤਾਂ ਜਾਂ ਲੋਕ ਬੋਲੀਆਂ ਕਦੇ ਵੀ ਨਹੀਂ ਮਰਦੀਆਂ। ਅੱਜ ਸਾਡੀ ਪੰਜਾਬੀ ਮਾਂ-ਬੋਲੀ, ਸਾਡੇ ਪੰਜਾਬੀ ਲੋਕ-ਨਾਚ, ਸਾਡੇ ਲੋਕ-ਰੰਗ, ਸਾਡੀਆਂ ਲੋਕ-ਧੁੰਨਾਂ ਦੇ ਜਿਉਂਦੇ ਰਹਿਣਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ।
ਕੁੱਝ ਚੰਦ ਕੁ ਪੰਜਾਬੀ ਗਾਇਕਾਂ ਸਾਡੇ ਪੰਜਾਬੀ ਅਮੀਰ ਵਿਰਸੇ ਦੀ ਪੂਰੇ ਸੰਸਾਰ ਵਿੱਚ ਅਹਿਮੀਅਤ ਅਤੇ ਮਿਲਦੇ ਮਾਣ ਨੂੰ ਅੱਖੋਂ ਉਹਲੇ ਕਰਕੇ ਕੁੱਝ ਕੁ ਪੂੰਜੀਪਤੀਆਂ ਦੀਆਂ ਵਪਾਰਿਕ ਬੇੜੀਆਂ ਪਹਿਨ ਕੇ ਆਪਣੀ ਪੰਜਾਬੀ ਮਾਂ-ਬੋਲੀ ਦੀ ਮਮਤਾ ਤੋਂ ਅੱਖਾਂ ਮੀਟ ਕੇ ਉਸ ਦੇ ਦਾਮਨ ਨੂੰ ਆਪਣੀ ਜਬਾਨੋਂ ਖੁਦ ਹੀ ਲੀਰੋ ਲੀਰ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਭਾਵੇਂ ਇਹਨਾਂ ਪੂੰਜੀਪਤੀ ਵਪਾਰੀਆਂ ਦੀਆਂ ਵਪਾਰਿਕ ਬੇੜੀਆਂ ਵਿੱਚ ਕੈਦ ਕੁੱਝ ਪੰਜਾਬੀ ਗਾਇਕ ਜਕੜੇ ਹੋਏ ਮਜਬੂਰ ਮਹਿਸੂਸ ਕਰ ਰਹੇ ਹਨ, ਪਰ ਉਹ ਆਪਣੇ ਦੂਸਰੇ ਗਾਇਕ ਸਾਥੀਆਂ ਨੂੰ ਮਾਂ-ਬੋਲੀ ਦੇ ਇਹਨਾਂ ਦੁਸ਼ਮਣ ਪੂੰਜੀਪਤੀ ਵਪਾਰੀਆਂ ਦੀਆਂ ਵਪਾਰਕ ਬੇੜੀਆਂ ਤੋਂ ਦੂਰ ਰਹਿਣ ਲਈ ਸੁਚੇਤ ਕਰਨਾ ਜਰੂਰ ਆਪਣਾ ਫਰਜ਼ ਸਮਝਣ। ਮੌਜੂਦਾ ਪ੍ਰਸਥਿਤੀਆਂ ਵਿੱਚ ਲੋੜ ਹੈ ਸਾਨੂੰ ਸਭ ਨੂੰ ਆਪਣੀ ਸੋਚ ਨੂੰ ਸ਼ੁੱਧ ਕਰਕੇ ਆਪਣੀ ਪੰਜਾਬੀ ਮਾਂ ਬੋਲੀ ਦੇ ਦਾਮਨ ਨੂੰ ਚਿੱਟਾ ਬੇਦਾਗ਼ ਬਣਾਈ ਰੱਖਣ ਦੀ। ਸਾਡਾ ਸਭ ਦਾ ਇਹ ਹੰਭਲਾ ਪੰਜਾਬੀ ਮਾਂ ਬੋਲੀ ਲਈ ਸੱਚੀ ਅਤੇ ਸੁੱਚੀ ਸ਼ਰਧਾ ਹੋਵੇਗੀ।

Add new comment