ਜੀਂਦ, 8 ਜੁਲਾਈ : ਹਰਿਆਣਾ ਦੇ ਜੀਂਦ ਦੇ ਭਿਵਾਨੀ ਰੋਡ 'ਤੇ ਵੱਡਾ ਹਾਦਸਾ ਵਾਪਰ ਗਿਆ। ਰੋਡਵੇਜ਼ ਬੱਸ ਅਤੇ ਕਰੂਜ਼ਰ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ। ਜਦਕਿ 25 ਦੇ ਕਰੀਬ ਲੋਕ ਜ਼ਖਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਅਜੇ ਵੀ ਕਰੂਜ਼ਰ ਦੇ ਅੰਦਰ ਹੀ ਫਸੀਆਂ ਹੋਈਆਂ ਹਨ। ਆਸਪਾਸ ਦੇ ਲੋਕ ਕਰੂਜ਼ਰ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢਣ ਵਿੱਚ ਲੱਗੇ ਹੋਏ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਤੇ ਜ਼ਖਮੀਆਂ ਨੂੰ ਜੀਂਦ ਦੇ ਜਨਰਲ ਹਸਪਤਾਲ ਲਿਆਂਦਾ ਗਿਆ ਹੈ। ਗੰਭੀਰ ਜ਼ਖਮੀਆਂ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਭਿਵਾਨੀ ਡਿਪੂ ਦੀ ਇੱਕ ਬੱਸ ਜੀਂਦ ਬੱਸ ਸਟੈਂਡ ਤੋਂ ਸਾਢੇ 9 ਵਜੇ ਰਵਾਨਾ ਹੋਈ। ਜਿਉਂ ਹੀ ਇਹ ਬੱਸ ਪਿੰਡ ਬੀਬੀਪੁਰ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਕਰੂਜ਼ਰ ਜੀਪ ਨਾਲ ਉਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਰੂਜ਼ਰ ਦੇ ਪਰਖੱਚੇ ਉੱਡ ਗਏ। ਕਈ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ। ਮੌਕੇ 'ਤੇ ਹਾਹਾਕਾਰ ਮੱਚ ਗਈ। ਲੋਕਾਂ ਨੇ ਕਰੂਜ਼ਰ ਦੇ ਅੰਦਰ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਬਹੁਤ ਸਾਰੇ ਲੋਕ ਇਸ ਵਿੱਚ ਬੁਰੀ ਤਰ੍ਹਾਂ ਨਾਲ ਅੰਦਰ ਫਸ ਗਏ ਸਨ। ਜਿਨ੍ਹਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਹਾਦਸੇ 'ਚ ਜ਼ਖਮੀ ਹੋਏ 7 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਤੇ 25 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।