ਜੈਪੁਰ, 8 ਜੁਲਾਈ 2024 : ਜੈਪੁਰ-ਦਿੱਲੀ ਹਾਈਵੇਅ 'ਤੇ ਰੋਡਵੇਜ਼ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ ਜਿਸ ਵਿਚ ਬੱਸ 'ਚ ਸਵਾਰ ਪਤੀ-ਪਤਨੀ ਅਤੇ ਪੁੱਤਰ ਦੀ ਮੌਤ ਹੋ ਗਈ, ਜਦਕਿ 20 ਸਵਾਰੀਆਂ ਜ਼ਖਮੀ ਹੋ ਗਈਆਂ। ਇਨ੍ਹਾਂ ਵਿੱਚੋਂ 11 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਹਾਦਸਾ ਸੋਮਵਾਰ ਸਵੇਰੇ ਕਰੀਬ 4 ਵਜੇ ਜੈਪੁਰ ਦੇ ਸ਼ਾਹਪੁਰਾ 'ਚ ਅਲਵਰ ਕੱਟ ਨੇੜੇ ਵਾਪਰਿਆ। ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ 'ਤੇ ਸ਼ਾਹਪੁਰਾ ਥਾਣੇ ਦਾ ਹੈੱਡ ਕਾਂਸਟੇਬਲ ਸੁਭਾਸ਼ ਚੰਦ ਚਾਹ ਪੀ ਰਿਹਾ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪਹੁੰਚ ਗਏ। ਕਾਂਸਟੇਬਲ ਸੁਭਾਸ਼ ਨੇ ਦੱਸਿਆ- ਰੋਡਵੇਜ਼ ਦੀ ਬੱਸ ਅੱਗੇ ਚੱਲ ਰਹੇ ਸੀਮਿੰਟ ਨਾਲ ਭਰੇ ਟਰੱਕ ਨਾਲ ਟਕਰਾ ਗਈ। ਆਸ-ਪਾਸ ਦੇ ਲੋਕਾਂ ਨੂੰ ਨਾਲ ਲੈ ਕੇ ਜ਼ਖਮੀਆਂ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਗਏ ਪਰ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਕਰੇਨ ਬੁਲਾਈ ਗਈ ਅਤੇ ਉਦੋਂ ਹੀ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਜ਼ਖਮੀਆਂ ਨੂੰ ਸ਼ਾਹਪੁਰਾ ਹਸਪਤਾਲ ਲਿਜਾਇਆ ਗਿਆ, ਜਿੱਥੋਂ 11 ਲੋਕਾਂ ਨੂੰ ਐੱਸਐੱਮਐੱਸ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਵਿੱਚ ਦਿੱਲੀ ਵਾਸੀ ਵਿਜੇ ਅਗਰਵਾਲ (40), ਟੀਨਾ ਅਗਰਵਾਲ (35) ਪੁੱਤਰ ਪ੍ਰੀਤਮ ਅਗਰਵਾਲ (16) ਦੀ ਮੌਤ ਹੋ ਗਈ। ਡਰਾਈਵਰ ਕੈਲਾਸ਼ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਸਾਈਡ ਦਾ ਹਿੱਸਾ ਅੱਗੇ ਤੋਂ ਪਿੱਛੇ ਤੱਕ ਨੁਕਸਾਨਿਆ ਗਿਆ। ਅਜਿਹਾ ਲੱਗਦਾ ਹੈ ਕਿ ਹਾਦਸਾ ਡਰਾਈਵਰ ਦੇ ਸੌਣ ਕਾਰਨ ਵਾਪਰਿਆ ਹੈ। ਸ਼ਾਹਪੁਰਾ ਥਾਣੇ ਦੇ ਐਸਐਚਓ ਰਾਮਲਾਲ ਮੀਨਾ ਨੇ ਦੱਸਿਆ ਕਿ ਹਾਦਸਾ ਓਵਰਟੇਕ ਕਰਨ ਕਾਰਨ ਵਾਪਰਿਆ ਹੈ। ਜ਼ਖਮੀਆਂ ਨੂੰ ਸ਼ਾਹਪੁਰਾ ਦੇ ਉਪਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪ੍ਰੀਤਮ ਦਾ ਪੈਰ ਕੱਟ ਕੇ ਅਲੱਗ ਹੋ ਗਿਆ ਸੀ। ਸੜਕ ਹਾਦਸੇ ਵਿੱਚ ਜੈਪੁਰ ਵਾਸੀ ਵਿਹਾਨ (3), ਅਨੀਸ਼ (24), ਲਾਡੋ ਰਾਣੀ (55), ਮਮਤਾ (30), ਦਿੱਲੀ ਵਾਸੀ ਸਲਮਾ (35), ਇਮਰਾਨ (30), ਨਸਰੂਦੀਨ (50), ਰਮਜ਼ਾਨ (89), ਟੋਡੀ ਵਾਸੀ ਬਿਮਲਾ (40), ਮੰਗਲਚੰਦ (46), ਨੰਗਲ ਚੌਧਰੀ (ਹਰਿਆਣਾ) ਵਾਸੀ ਧਨਰਾਜ (35), ਮਹੂਆ (ਦੌਸਾ) ਵਾਸੀ ਅਨੀਸ਼ਾ (32), ਅਨੂੰ (35), ਦੀਪਕ (28), ਨਗਰ (ਭਰਤਪੁਰ) ਨਿਵਾਸੀ ਲੋਕੇਸ਼ (31) , ਜੋਧਪੁਰ ਨਿਵਾਸੀ ਭੂਪੇਂਦਰ (23), ਕੁੰਭਵਾੜਾ ਨਿਵਾਸੀ ਨਿਖਿਲ (21), ਪਵਨ (43) ਜ਼ਖਮੀ ਹੋ ਗਏ।