ਸੋਨੀਪਤ, 08 ਜੁਲਾਈ : ਕਾਂਗਰਸ ਨੇਤਾ ਰਾਹੁਲ ਗਾਂਧੀ ਅਚਾਨਕ ਦਿੱਲੀ ਦੇ ਨਾਲ ਲੱਗਦੇ ਸੋਨੀਪਤ ਪਹੁੰਚ ਗਏ, ਜਿੱਥੇ ਉਨ੍ਹਾਂ ਨੇ ਖੇਤਾਂ 'ਚ ਕੰਮ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਖੇਤ ਵਿੱਚ ਖੜ੍ਹੇ ਇਕ ਟਰੈਕਟਰ ਨੂੰ ਵੀ ਚਲਾਇਆ। ਉਨ੍ਹਾਂ ਖੇਤਾਂ 'ਚ ਕੰਮ ਕਰ ਰਹੀਆਂ ਮਜ਼ਦੂਰ ਔਰਤਾਂ ਨਾਲ ਖਾਣਾ ਵੀ ਖਾਧਾ। ਗੋਹਾਣਾ ਦੇ ਬੜੌਦਾ ਇਲਾਕੇ 'ਚ ਪੁੱਜੇ ਰਾਹੁਲ ਗਾਂਧੀ ਨੇ ਖੇਤਾਂ 'ਚ ਝੋਨਾ ਲਾਉਣ ਵਾਲੇ ਕਿਸਾਨਾਂ ਨਾਲ ਮਿਲ ਕੇ ਝੋਨੇ ਦੇ ਬੂਟੇ ਲਾਏ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪੁਲਿਸ ਨੇ ਕਿਸਾਨਾਂ ਨੂੰ ਉਨ੍ਹਾਂ ਤਕ ਪਹੁੰਚਣ ਤੋਂ ਰੋਕ ਦਿੱਤਾ ਹੈ। ਰਾਹੁਲ ਦੇ ਸੋਨੀਪਤ ਖੇਤ ਵਿਚ ਰੁਕਣ ਦਾ ਪਤਾ ਚੱਲਦੇ ਹੀ ਬਰੋਦਾ ਤੋਂ ਕਾਂਗਰਸ ਵਿਧਾਇਕ ਇੰਦੂਰਾਜ ਨਰਵਾਨ ਤੇ ਗੋਹਾਣਾ ਦੇ ਵਿਧਾਇਕ ਜਗਬੀਰ ਮਲਿਕ ਵੀ ਉਥੇ ਪਹੁੰਚੇ। ਨਰਵਾਲ ਨੇ ਕਿਹਾ ਕਿ ਉਨ੍ਹਾਂ ਕੋਲ ਰਾਹੁਲ ਦੇ ਆਉਣ ਦੀ ਸੂਚਨਾ ਨਹੀਂ ਸੀ ਪਰ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਉਹ ਮਿਲਣ ਪਹੁੰਚ ਗਏ।