ਸਾਡਾ ਸੰਵਿਧਾਨ ਇੱਕ ਜਿਉਂਦਾ ਜਾਗਦਾ ਦਸਤਾਵੇਜ਼ ਹੈ : ਰਾਸ਼ਟਰਪਤੀ ਦ੍ਰੋਪਦੀ ਮੁਰਮੂ

  • ਰਾਸ਼ਟਰਪਤੀ ਮੁਰਮੂ ਨੇ 76ਵੇਂ ਗਣਤੰਤਰ ਦਿਵਸ ਮੌਕੇ 'ਤੇ ਰਾਸ਼ਟਰ ਨੂੰ ਕੀਤਾ ਸੰਬੋਧਨ 

ਨਵੀਂ ਦਿੱਲੀ, 25 ਜਨਵਰੀ 2025 : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 76ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਮੌਕੇ 'ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਆਪਣੇ ਭਾਸ਼ਣ ਦੀ ਸ਼ੁਰੂਆਤ ਦੇਸ਼ ਨੂੰ ਵਧਾਈ ਦੇ ਕੇ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਇੱਕ ਜਿਉਂਦਾ ਜਾਗਦਾ ਦਸਤਾਵੇਜ਼ ਹੈ, ਜੋ ਸਾਡੀ ਸਮਾਜਿਕ ਪਛਾਣ ਦਾ ਮੂਲ ਆਧਾਰ ਹੈ।ਕਿਸੇ ਕੌਮ ਦੇ ਇਤਿਹਾਸ ਵਿੱਚ 75 ਸਾਲ ਦਾ ਇਤਿਹਾਸ ਅੱਖ ਝਪਕਣ ਵਾਂਗ ਹੁੰਦਾ ਹੈ। ਇਹ ਭਾਰਤ ਬਾਰੇ ਨਹੀਂ ਕਿਹਾ ਜਾ ਸਕਦਾ। ਇਸ ਦੌਰਾਨ ਭਾਰਤ ਦੀ ਚੇਤਨਾ ਜਾਗ ਪਈ। ਇਸ ਇਤਿਹਾਸਕ ਮੌਕੇ 'ਤੇ ਤੁਹਾਨੂੰ ਸਾਰਿਆਂ ਨੂੰ ਸੰਬੋਧਨ ਕਰਦਿਆਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।  ਰਾਸ਼ਟਰਪਤੀ ਮੁਰਮੂ ਨੇ ਅਪਣੇ ਸੰਬੋਧਨ ’ਚ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਵਿਗਿਆਨੀਆਂ ਦੇ ਨਾਲ ਹੀ ਨੌਜਵਾਨਾਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਕਾਰਨ ਹੀ ਦੇਸ਼ ਠੋਸ ਤਰੱਕੀ ਪ੍ਰਾਪਤ ਕਰ ਸਕਿਆ, ਜਿਸ ਨੇ ਹੁਣ ਆਲਮੀ ਆਰਥਿਕਤਾ ਰੁਝਾਨਾਂ ਨੂੰ ਪ੍ਰਭਾਵਤ ਕਰਨਾ ਸ਼ੁਰੂ ਕਰ ਦਿਤਾ ਹੈ। ਮੁਰਮੂ ਨੇ ਕਿਹਾ ਕਿ ਕਿਸਾਨਾਂ ਨੇ ਦੇਸ਼ ਨੂੰ ਭੋਜਨ ਦੇ ਮਾਮਲੇ ’ਚ ਆਤਮਨਿਰਭਰ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਅਣਥੱਕ ਮਿਹਨਤ ਕਾਰਨ ਹੀ ਦੇਸ਼ ਦਾ ਮੁਢਲਾ ਢਾਂਚਾ ਅਤੇ ਨਿਰਮਾਣ ਖੇਤਰ ’ਚ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਦੀ ਆਰਥਕ ਤਰੱਕੀ ਨਿਰੰਤਰ ਰਹੀ ਹੈ ਜਿਸ ਨਾਲ ਨੌਜੁਆਨਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਹੋਏ ਹਨ, ਅਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਥਾਂ ’ਚ ਵੱਧ ਪੈਸੇ ਆਏ ਹਨ। ਉਨ੍ਹਾਂ ਕਿਹਾ ਕਿ ਆਰਥਕ ਤਰੱਕੀ ਕਾਰਨ ਵੱਧ ਲੋਕ ਗ਼ਰੀਬੀ ਤੋਂ ਬਾਹਰ ਆ ਸਕੇ ਹਨ। ਰਾਸ਼ਟਰਪਤੀ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੋ ਸਮੇਂ ਕਰਵਾਉਣ ਦੇ ਸਰਕਾਰ ਦੇ ਕਦਮ ਨੂੰ ‘ਦਲੇਰੀ ਭਰੀ ਦੂਰਦਰਸ਼ੀ’ ਕੋਸ਼ਿਸ਼ ਕਰਾਰ ਦਿਤਾ ਅਤੇ ਕਿਹਾ ਕਿ ‘ਇਕ ਦੇਸ਼ ਇਕ ਚੋਣ’ ਚੰਗੇ ਸ਼ਾਸਨ ਨੂੰ ਨਵੇਂ ਆਯਾਮ ਦੇ ਸਕਦੀ ਹੈ। ਮੁਰਮੂ ਨੇ ਕਿਹਾ, ਅਜਿਹੀਆਂ ਕੋਸ਼ਿਸ਼ਾਂ ਵਿਚੋਂ ਭਾਰਤੀ ਦੰਡ ਸੰਹਿਤਾ, ਅਪਰਾਧਕ  ਪ੍ਰਕਿਰਿਆ ਸੰਹਿਤਾ ਅਤੇ ਭਾਰਤੀ ਸਬੂਤ ਐਕਟ ਨੂੰ ਭਾਰਤੀ ਨਿਆਂ ਸੰਹਿਤਾ, ਸਿਵਲ ਨਾਗਰਿਕ ਸੁਰਖਿਆ ਸੰਹਿਤਾ ਅਤੇ ਭਾਰਤੀ ਸਬੂਤ ਐਕਟ ਨਾਲ ਬਦਲਣ ਦਾ ਫੈਸਲਾ ਸੱਭ ਤੋਂ ਮਹੱਤਵਪੂਰਨ ਹੈ। ਸੰਵਿਧਾਨ (129ਵੀਂ ਸੋਧ) ਬਿਲ, 2024, ਜੋ ਲੋਕ ਸਭਾ ਅਤੇ ਰਾਜ ਵਿਧਾਨ ਸਭਾ ਦੀਆਂ ਚੋਣਾਂ ਇਕੋ ਸਮੇਂ ਕਰਵਾਉਣ ਦਾ ਪ੍ਰਬੰਧ ਕਰਦਾ ਹੈ, ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਕਾਨੂੰਨ (ਸੋਧ) ਬਿਲ, 2024, ਪਿਛਲੇ ਸਰਦ ਰੁੱਤ ਸੈਸ਼ਨ ਦੌਰਾਨ ਹੇਠਲੇ ਸਦਨ ’ਚ ਪੇਸ਼ ਕੀਤਾ ਗਿਆ ਸੀ ਅਤੇ ਫਿਰ ਉਨ੍ਹਾਂ ’ਤੇ  ਵਿਚਾਰ ਕਰਨ ਲਈ ਸੰਸਦ ਦੀ 39 ਮੈਂਬਰੀ ਸੰਯੁਕਤ ਕਮੇਟੀ ਦਾ ਗਠਨ ਕੀਤਾ ਗਿਆ ਸੀ। ਸੰਵਿਧਾਨ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਪਿਛਲੇ 75 ਸਾਲਾਂ ’ਚ ਹੋਈ ਤਰੱਕੀ ’ਤੇ  ਚਾਨਣਾ ਪਾਇਆ। ਉਨ੍ਹਾਂ ਕਿਹਾ, ‘‘ਆਜ਼ਾਦੀ ਦੇ ਸਮੇਂ ਦੇਸ਼ ਦੇ ਕਈ ਹਿੱਸੇ ਬਹੁਤ ਗਰੀਬੀ ਅਤੇ ਭੁੱਖਮਰੀ ਦਾ ਸਾਹਮਣਾ ਕਰ ਰਹੇ ਸਨ। ਹਾਲਾਂਕਿ, ਅਸੀਂ ਅਪਣੇ  ਆਪ ’ਤੇ  ਵਿਸ਼ਵਾਸ ਕਰਦੇ ਰਹੇ ਅਤੇ ਵਿਕਾਸ ਲਈ ਹਾਲਾਤ ਪੈਦਾ ਕੀਤੇ। ਰਾਸ਼ਟਰਪਤੀ ਨੇ ਹਾਸ਼ੀਏ ’ਤੇ  ਰਹਿਣ ਵਾਲੇ ਭਾਈਚਾਰਿਆਂ ਖਾਸ ਕਰ ਕੇ  ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਨੂੰ ਸਹਾਇਤਾ ਪ੍ਰਦਾਨ ਕਰਨ ਦੇ ਯਤਨਾਂ ਦਾ ਜ਼ਿਕਰ ਕੀਤਾ। ਮਹਾਕੁੰਭ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘‘ਸਾਡੀ ਸਭਿਆਚਾਰਕ  ਵਿਰਾਸਤ ਨਾਲ ਸਾਡਾ ਸੰਪਰਕ ਹੋਰ ਡੂੰਘਾ ਹੋਇਆ ਹੈ। ਇਸ ਸਮੇਂ ਕੀਤੇ ਜਾ ਰਹੇ ਪ੍ਰਯਾਗਰਾਜ ਮਹਾਕੁੰਭ ਨੂੰ ਉਸ ਅਮੀਰ ਵਿਰਾਸਤ ਦੇ ਪ੍ਰਭਾਵਸ਼ਾਲੀ ਪ੍ਰਗਟਾਵੇ ਵਜੋਂ ਵੇਖਿਆ  ਜਾ ਸਕਦਾ ਹੈ। ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਨੂੰ ਸੁਰੱਖਿਅਤ ਰੱਖਣ ਅਤੇ ਮੁੜ ਸੁਰਜੀਤ ਕਰਨ ਲਈ ਸਭਿਆਚਾਰ  ਦੇ ਖੇਤਰ ’ਚ ਕਈ ਉਤਸ਼ਾਹਜਨਕ ਯਤਨ ਕੀਤੇ ਜਾ ਰਹੇ ਹਨ।  ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਅੱਗੇ ਕਿਹਾ ਕਿ ਦੇਸ਼ ਵਿੱਚ ਵਿਕਾਸ ਦੀ ਇਹ ਰਫ਼ਤਾਰ ਭਵਿੱਖ ਵਿੱਚ ਵੀ ਜਾਰੀ ਰਹੇਗੀ। ਭਾਰਤ ਦਾ ਆਰਥਿਕ ਵਿਕਾਸ ਤੇਜ਼ੀ ਨਾਲ ਹੋਇਆ ਹੈ। ਔਰਤਾਂ ਅਤੇ ਬੱਚੇ ਵਿਕਾਸ ਦੇ ਕੇਂਦਰ ਵਿੱਚ ਹਨ। ਅੰਤਰਰਾਸ਼ਟਰੀ ਮੰਚ 'ਤੇ ਵੀ ਭਾਰਤ ਦਾ ਕੱਦ ਵਧਿਆ ਹੈ। ਦੇਸ਼ ਵਿੱਚ ਓਬੀਸੀ, ਐਸਸੀ ਅਤੇ ਐਸਟੀ ਵਰਗ ਦੇ ਲੋਕਾਂ ਦੇ ਸਰਵਪੱਖੀ ਵਿਕਾਸ ਲਈ ਯਤਨ ਕੀਤੇ ਜਾ ਰਹੇ ਹਨ। ਸੜਕਾਂ ਅਤੇ ਬੰਦਰਗਾਹਾਂ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ।