ਨਵੀਂ ਦਿੱਲੀ (ਏਜੰਸੀ) : ਜੰਮੂ ਦੇ ਕਠੂਆ ਖੇਤਰ ਵਿਚ 2018 ਦੌਰਾਨ ਇਕ ਬੱਚੀ ਨਾਲ ਜਬਰ-ਜਨਾਹ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ 2018 ਦੇ ਕਠੂਆ ਜਬਰ-ਜਨਾਹ ਮਾਮਲੇ ਦੀ ਸੁਣਵਾਈ ਕੀਤੀ। ਹਾਈ ਕੋਰਟ ਦੇ ਹੁਕਮਾਂ ਨੂੰ ਰੱਦ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਕੇਸ ਦੇ ਮੁਲਜ਼ਮਾਂ ਵਿੱਚੋਂ ਇਕ ਸ਼ੁਭਮ ਸਾਂਗਰਾ ਉੱਤੇ ਬਾਲਗ ਵਜੋਂ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ, ਨਾ ਕਿ ਨਾਬਾਲਗ ਅਪਰਾਧੀ ਵਜੋਂ ਮੁਕੱਦਮਾ ਚੱਲਣਾ ਚਾਹੀਦਾ ਹੈ।
ਮੁਕੱਦਮੇ ਲਈ ਦੋਸ਼ੀ ਨੂੰ ਮੰਨਿਆ ਗਿਆ ਸੀ ਨਾਬਾਲਗ
ਸੁਪਰੀਮ ਕੋਰਟ ਨੇ ਸਾਫ਼ ਤੌਰ ’ਤੇ ਕਿਹਾ ਹੈ ਕਿ 2018 ਦੇ ਕਠੂਆ ਜਬਰ-ਜਨਾਹ ਅਤੇ ਕਤਲ ਕੇਸ ਦੇ ਦੋਸ਼ੀਆਂ ’ਚੋਂ ਇਕ ਦੋਸ਼ੀ ’ਤੇ ਬਾਲਗ ਵਜੋਂ ਨਵੇਂ ਸਿਰੇ ਤੋਂ ਮੁਕੱਦਮਾ ਚਲਾਇਆ ਜਾਵੇਗਾ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ (ਸੀਜੇਐਮ), ਕਠੂਆ ਅਤੇ ਜੰਮੂ-ਕਸਮੀਰ ਹਾਈ ਕੋਰਟ ਵੱਲੋਂ ਦਿੱਤੇ ਹੁਕਮਾਂ ਨੂੰ ਰੱਦ ਕਰ ਦਿੱਤਾ। ਇਸ ਮੁਕੱਦਮੇ ਲਈ ਮੁਲਜ਼ਮ ਨੂੰ ਨਾਬਾਲਗ ਮੰਨਿਆ ਗਿਆ ਸੀ।